ਪੋਲੈਂਡ ਨੇ ਅਪਣੇ ਹਵਾਈ ਖੇਤਰ ’ਚੋਂ ਮਿਜ਼ਾਈਲ ਲੰਘਣ ਬਾਰੇ ਰੂਸ ਤੋਂ ਸਪੱਸ਼ਟੀਕਰਨ ਮੰਗਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਗਵਰਨਰ ਮਕਸਿਮ ਕੋਜ਼ਿਟਸਕੀ ਨੇ ਟੈਲੀਗ੍ਰਾਮ ’ਤੇ ਕਿਹਾ ਕਿ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ

Representative image.

ਕੀਵ: ਯੂਕਰੇਨ ’ਤੇ ਹਵਾਈ ਹਮਲੇ ਦੌਰਾਨ ਪੋਲੈਂਡ ਦੇ ਹਵਾਈ ਖੇਤਰ ’ਚੋਂ ਰੂਸੀ ਮਿਜ਼ਾਈਲ ਦੇ ਲੰਘਣ ਤੋਂ ਬਾਅਦ ਐਤਵਾਰ ਪੋਲੈਂਡ ਨੇ ਮਾਸਕੋ ਤੋਂ ਸਪੱਸ਼ਟੀਕਰਨ ਮੰਗਿਆ ਹੈ।

ਪਿਛਲੇ ਚਾਰ ਦਿਨਾਂ ਵਿਚ ਯੂਕਰੇਨ ’ਤੇ ਰੂਸ ਦਾ ਇਹ ਤੀਜਾ ਵੱਡਾ ਹਮਲਾ ਹੈ, ਜੋ ਰਾਜਧਾਨੀ ਕੀਵ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਦੂਜਾ ਹਮਲਾ ਹੈ। ਲਵੀਵ ਖੇਤਰ ਦੇ ਗਵਰਨਰ ਮਕਸਿਮ ਕੋਜ਼ਿਟਸਕੀ ਨੇ ਟੈਲੀਗ੍ਰਾਮ ’ਤੇ ਕਿਹਾ ਕਿ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦਸਿਆ ਕਿ ਅਸਲ ’ਚ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਸੀ। ਇਸ ਘਟਨਾ ’ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। 

ਕੀਵ ਦੀ ਫੌਜ ਦੇ ਮੁਖੀ ਸੇਰਹੀ ਪੋਪਕੋ ਨੇ ਕਿਹਾ ਕਿ ਰੂਸ ਨੇ ਟੀ.ਯੂ.-95ਐਮ.ਐਸ. ਜਹਾਜ਼ ਤੋਂ ਮਿਜ਼ਾਈਲ ਦਾਗੀ। ਉੱਤਰੀ ਅਟਲਾਂਟਿਕਾ ਸੰਧੀ ਸੰਗਠਨ (ਨਾਟੋ) ਦੇ ਮੈਂਬਰ ਪੋਲੈਂਡ ਦੀ ਆਰਮਡ ਫੋਰਸਿਜ਼ ਆਪਰੇਸ਼ਨ ਕਮਾਂਡ ਨੇ ਇਕ ਬਿਆਨ ਵਿਚ ਕਿਹਾ ਕਿ ਪਛਮੀ ਯੂਕਰੇਨ ਦੇ ਸ਼ਹਿਰ ਨੂੰ ਨਿਸ਼ਾਨਾ ਬਣਾਉਣ ਵਾਲੀ ਇਕ ਕਰੂਜ਼ ਮਿਜ਼ਾਈਲ ਸਵੇਰੇ 4:23 ਵਜੇ ਪੋਲੈਂਡ ਦੇ ਹਵਾਈ ਖੇਤਰ ਵਿਚ ਦਾਖਲ ਹੋਈ ਅਤੇ 39 ਸਕਿੰਟਾਂ ਲਈ ਹਵਾਈ ਖੇਤਰ ਵਿਚ ਰਹੀ।

ਪੋਲੈਂਡ ਦੇ ਰੱਖਿਆ ਮੰਤਰੀ ਵਲਾਡੀਸਲਾਵ ਕੋਸਿਨਿਕ-ਕਾਮੀਜ਼ ਨੇ ਬਾਅਦ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਜੇਕਰ ਇਸ ਗੱਲ ਦੇ ਸੰਕੇਤ ਮਿਲਦੇ ਕਿ ਰੂਸ ਨੇ ਪੋਲੈਂਡ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਦਾਗੀ ਹੈ ਤਾਂ ਇਸ ਨੂੰ ਹਵਾ ਵਿਚ ਸੁੱਟ ਦਿਤਾ ਜਾਂਦਾ। ਕੂਟਨੀਤਕ ਮੋਰਚੇ ’ਤੇ ਪੋਲੈਂਡ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਰੂਸ ਤੋਂ ਦੇਸ਼ ਦੇ ਹਵਾਈ ਖੇਤਰ ਦੀ ਇਕ ਹੋਰ ਉਲੰਘਣਾ ਬਾਰੇ ਸਪੱਸ਼ਟੀਕਰਨ ਮੰਗੇਗਾ।