‘ਮੋਦੀ, ਮੋਦੀ’ ਦੇ ਨਾਅਰੇ ਲਾਉਣ ਵਾਲੇ ਵਿਦਿਆਰਥੀਆਂ ਅਤੇ ਨੌਜੁਆਨਾਂ ਨੂੰ ਥੱਪੜ ਪੈਣੇ ਚਾਹੀਦੇ ਨੇ : ਕਰਨਾਟਕ ਦੇ ਮੰਤਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਨੇ ਚੋਣ ਕਮਿਸ਼ਨ ਨੂੰ ਪਟੀਸ਼ਨ ਦੇ ਕੇ ਮੰਤਰੀ ਵਿਰੁਧ ਸਖਤ ਕਾਰਵਾਈ ਦੀ ਮੰਗ ਕੀਤੀ

Karnataka Minister Shivraj Tangadagi

ਬੇਂਗਲੁਰੂ : ਕਰਨਾਟਕ ਦੇ ਮੰਤਰੀ ਸ਼ਿਵਰਾਜ ਤੰਗਡਗੀ ਨੇ ਇਕ ਇਤਰਾਜ਼ਯੋਗ ਬਿਆਨ ਦਿੰਦਿਆਂ ਕਿਹਾ ਕਿ ‘ਮੋਦੀ, ਮੋਦੀ’ ਦੇ ਨਾਅਰੇ ਲਾਉਣ ਵਾਲੇ ਨੌਜੁਆਨਾਂ ਅਤੇ ਵਿਦਿਆਰਥੀਆਂ ਨੂੰ ਥੱਪੜ ਮਾਰਿਆ ਜਾਣਾ ਚਾਹੀਦਾ ਹੈ। ਮੰਤਰੀ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦੇ ਅਪਣੇ ਵਾਅਦੇ ਨੂੰ ਪੂਰਾ ਨਾ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਵੀ ਹਮਲਾ ਕੀਤਾ। 

ਕੰਨੜ ਅਤੇ ਸਭਿਆਚਾਰ ਮੰਤਰੀ ਨੇ ਇਹ ਵੀ ਕਿਹਾ ਕਿ ਭਾਜਪਾ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਵੋਟਾਂ ਮੰਗਣ ’ਚ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਉਹ ਵਿਕਾਸ ਦੇ ਮੋਰਚੇ ’ਤੇ ਵੀ ਅਸਫਲ ਰਹੀ ਹੈ। ਤੰਗਾਡਾਗੀ ਨੇ ਕਿਹਾ, ‘‘ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹ ਵਿਕਾਸ ਦਾ ਇਕ ਵੀ ਕੰਮ ਨਹੀਂ ਕਰ ਸਕੇ, ਫਿਰ ਉਹ ਕਿਸ ਚਿਹਰੇ ਨਾਲ ਵੋਟਾਂ ਮੰਗ ਰਹੇ ਹਨ? ਉਨ੍ਹਾਂ ਨੇ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਕੀ ਉਨ੍ਹਾਂ ਨੇ ਕਿਸੇ ਨੂੰ ਨੌਕਰੀ ’ਤੇ ਰੱਖਿਆ ਸੀ? ਜਦੋਂ ਤੁਸੀਂ ਨੌਕਰੀਆਂ ਬਾਰੇ ਪੁੱਛਦੇ ਹੋ, ਤਾਂ ਉਹ ਕਹਿੰਦੇ ਹਨ, ਪਕੌੜੇ ਵੇਚ ਦਿਓ। ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।’’

ਕੋਪਲ ਜ਼ਿਲ੍ਹੇ ਦੇ ਕਰਾਤਾਗੀ ’ਚ ਕਾਂਗਰਸ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਜੇਕਰ ਕੋਈ ਵਿਦਿਆਰਥੀ ਜਾਂ ਨੌਜੁਆਨ ਅਜੇ ਵੀ ‘ਮੋਦੀ-ਮੋਦੀ’ ਕਹਿੰਦਾ ਹੈ ਤਾਂ ਉਸ ਨੂੰ ਥੱਪੜ ਮਾਰਿਆ ਜਾਣਾ ਚਾਹੀਦਾ ਹੈ।’’ ਸੀਨੀਅਰ ਭਾਜਪਾ ਨੇਤਾ ਅਤੇ ਪਾਰਟੀ ਦੇ ਸਾਬਕਾ ਕੌਮੀ ਜਨਰਲ ਸਕੱਤਰ ਸੀ.ਟੀ. ਰਵੀ ਨੇ ਮੰਤਰੀ ਦੀ ਟਿਪਣੀ ਨੂੰ ਲੈ ਕੇ ਕਾਂਗਰਸ ’ਤੇ ਨਿਸ਼ਾਨਾ ਲਾਇਆ। ਉਨ੍ਹਾਂ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਇਹ ਮਹਿਸੂਸ ਕਰਦੇ ਹੋਏ ਕਿ ਕਾਂਗਰਸ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਹੁਤ ਬੁਰੀ ਤਰ੍ਹਾਂ ਹਾਰ ਜਾਵੇਗੀ, ਉਹ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਅਤੇ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਤਾਨਾਸ਼ਾਹ ਕਹਿੰਦੇ ਹਨ।’’

ਭਾਜਪਾ ਨੇ ਚੋਣ ਕਮਿਸ਼ਨ ਨੂੰ ਪਟੀਸ਼ਨ ਦੇ ਕੇ ਮੰਤਰੀ ਵਿਰੁਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਭਾਜਪਾ ਨੇ ਇਸ ਨੂੰ ਆਦਰਸ਼ ਚੋਣ ਜ਼ਾਬਤੇ ਦੀ ਸਪੱਸ਼ਟ ਉਲੰਘਣਾ ਕਰਾਰ ਦਿਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਅਤੇ ਕਾਂਗਰਸ ਦੇ ਹੱਕ ’ਚ ਪ੍ਰਚਾਰ ਕਰਨ ਤੋਂ ਰੋਕਿਆ ਜਾਣਾ ਚਾਹੀਦਾ ਹੈ। ਮੰਤਰੀ ’ਤੇ ਭਾਜਪਾ ਵੋਟਰਾਂ ਅਤੇ ਨੌਜੁਆਨ ਵੋਟਰਾਂ ਵਿਰੁਧ ਕਾਂਗਰਸੀ ਵਰਕਰਾਂ ਨੂੰ ਭੜਕਾਉਣ ਦਾ ਦੋਸ਼ ਲਗਾਉਂਦੇ ਹੋਏ ਸੂਬੇ ਦੀ ਵਿਰੋਧੀ ਪਾਰਟੀ (ਭਾਜਪਾ) ਨੇ ਕਿਹਾ, ‘‘ਇਸ ਨਾਲ ਨੌਜੁਆਨ ਵੋਟਰਾਂ ’ਚ ਡਰ ਪੈਦਾ ਹੋ ਸਕਦਾ ਹੈ ਅਤੇ ਉਹ ਵੋਟ ਪਾਉਣ ਤੋਂ ਦੂਰ ਰਹਿ ਸਕਦੇ ਹਨ।’’


ਪ੍ਰਧਾਨ ਮੰਤਰੀ ਵਿਰੁਧ ਅਪਮਾਨਜਨਕ ਟਿਪਣੀ ਕਰਨ ’ਤੇ ਤਾਮਿਲਨਾਡੂ ਦੇ ਮੰਤਰੀ ਵਿਰੁਧ ਐਫ.ਆਈ.ਆਰ. ਦਰਜ 

ਚੇਨਈ: ਤਾਮਿਲਨਾਡੂ ਦੀ ਮੱਛੀ ਪਾਲਣ ਮੰਤਰੀ ਅਨੀਤਾ ਆਰ. ਰਾਧਾਕ੍ਰਿਸ਼ਨਨ ਵਿਰੁਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਕਥਿਤ ਤੌਰ ’ਤੇ ਅਪਮਾਨਜਨਕ ਟਿਪਣੀ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਮੰਤਰੀ ਨੇ ਹਾਲ ਹੀ ’ਚ ਦ੍ਰਾਵਿੜ ਮੁਨੇਤਰਾ ਕਜ਼ਗਮ (ਡੀ.ਐਮ.ਕੇ.) ਵਰਕਰਾਂ ਦੀ ਇਕ ਮੀਟਿੰਗ ’ਚ ਪ੍ਰਧਾਨ ਮੰਤਰੀ ਵਿਰੁਧ ਕਥਿਤ ਤੌਰ ’ਤੇ ਟਿਪਣੀ ਕੀਤੀ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਭਾਜਪਾ ਨੇਤਾ ਆਰ ਸਿਧਾਰਰੰਗਨਾਥਨ ਦੀ ਸ਼ਿਕਾਇਤ ਦੇ ਆਧਾਰ ’ਤੇ ਮੇਘਨਾਪੁਰਮ ਪੁਲਿਸ ਨੇ ਰਾਧਾਕ੍ਰਿਸ਼ਨਨ ਵਿਰੁਧ ਆਈ.ਪੀ.ਸੀ. ਦੀ ਧਾਰਾ 294 ਬੀ (ਜਨਤਕ ਤੌਰ ’ਤੇ ਅਸ਼ਲੀਲ ਸ਼ਬਦ ਬੋਲਣਾ) ਤਹਿਤ ਮਾਮਲਾ ਦਰਜ ਕੀਤਾ ਹੈ। ਸਿਧਾਰਰੰਗਨਾਥਨ ਅਨੁਸਾਰ, ਮੱਛੀ ਪਾਲਣ ਮੰਤਰੀ ਨੇ 22 ਮਾਰਚ ਨੂੰ ਤੂਤੀਕੋਰਿਨ ਜ਼ਿਲ੍ਹੇ ਦੇ ਥੰਡਾਪਥੂ ’ਚ ਡੀ.ਐਮ.ਕੇ. ਵਰਕਰਾਂ ਦੀ ਇਕ ਮੀਟਿੰਗ ’ਚ ਪ੍ਰਧਾਨ ਮੰਤਰੀ ਵਿਰੁਧ ਅਪਮਾਨਜਨਕ ਟਿਪਣੀਆਂ ਕੀਤੀਆਂ ਸਨ। ਇਸ ਦੌਰਾਨ ਭਾਜਪਾ ਦੇ ਸੂਬਾ ਉਪ ਪ੍ਰਧਾਨ ਕੇ ਨਾਗਰਾਜਨ ਨੇ ਮੁੱਖ ਚੋਣ ਅਧਿਕਾਰੀ ਸੱਤਿਆਬ੍ਰਤ ਸਾਹੂ ਨੂੰ ਸੌਂਪੀ ਸ਼ਿਕਾਇਤ ’ਚ ਪ੍ਰਧਾਨ ਮੰਤਰੀ ਵਿਰੁਧ ਗਲਤ ਭਾਸ਼ਾ ਦੀ ਵਰਤੋਂ ਕਰਨ ਲਈ ਰਾਧਾਕ੍ਰਿਸ਼ਨਨ ਵਿਰੁਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।