ਭਾਰਤ ਅਤੇ ਚੀਨ ਵਿਚਾਲੇ ਕੂਟਨੀਤਕ ਗੱਲਬਾਤ ਹੋਈ
ਸਰਹੱਦ ਪਾਰ ਸਹਿਯੋਗ ਅਤੇ ਅਦਾਨ-ਪ੍ਰਦਾਨ ਨੂੰ ਜਲਦੀ ਬਹਾਲ ਕਰਨ ’ਤੇ ਧਿਆਨ ਕੇਂਦਰਤ ਕੀਤਾ ਗਿਆ
ਨਵੀਂ ਦਿੱਲੀ : ਭਾਰਤ ਅਤੇ ਚੀਨ ਨੇ ਮੰਗਲਵਾਰ ਨੂੰ ਬੀਜਿੰਗ ’ਚ ਕੂਟਨੀਤਕ ਗੱਲਬਾਤ ਦਾ ਨਵਾਂ ਸੰਸਕਰਣ ਕੀਤਾ, ਜਿਸ ’ਚ ਪ੍ਰਭਾਵਸ਼ਾਲੀ ਸਰਹੱਦ ਪ੍ਰਬੰਧਨ ਨੂੰ ਯਕੀਨੀ ਬਣਾਉਣ ਅਤੇ ਸਰਹੱਦ ਪਾਰ ਨਦੀਆਂ ਅਤੇ ਕੈਲਾਸ਼-ਮਾਨਸਰੋਵਰ ਯਾਤਰਾ ਸਮੇਤ ਸਰਹੱਦ ਪਾਰ ਸਹਿਯੋਗ ਅਤੇ ਆਦਾਨ-ਪ੍ਰਦਾਨ ਨੂੰ ਜਲਦੀ ਬਹਾਲ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ।
ਸਲਾਹ-ਮਸ਼ਵਰਾ ਅਤੇ ਤਾਲਮੇਲ ਲਈ ਵਰਕਿੰਗ ਮੈਕੇਨਿਜ਼ਮ (ਡਬਲਯੂ.ਐਮ.ਸੀ.ਸੀ.) ਦੀ ਮੀਟਿੰਗ ’ਚ ਦੋਹਾਂ ਧਿਰਾਂ ਨੇ ਦਸੰਬਰ ’ਚ ਵਿਸ਼ੇਸ਼ ਪ੍ਰਤੀਨਿਧੀ (ਐਸ.ਆਰ.) ਗੱਲਬਾਤ ਦੌਰਾਨ ਐਨ.ਐਸ.ਏ. ਅਜੀਤ ਡੋਭਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਦਰਮਿਆਨ ਗੱਲਬਾਤ ਦੌਰਾਨ ਲਏ ਗਏ ਫੈਸਲਿਆਂ ਨੂੰ ਪ੍ਰਭਾਵੀ ਬਣਾਉਣ ਲਈ ਵੱਖ-ਵੱਖ ਉਪਾਵਾਂ ਅਤੇ ਪ੍ਰਸਤਾਵਾਂ ਦੀ ਪੜਚੋਲ ਕੀਤੀ।
ਵਿਦੇਸ਼ ਮੰਤਰਾਲੇ ਮੁਤਾਬਕ ਭਾਰਤ ਅਤੇ ਚੀਨ ਇਸ ਸਾਲ ਦੇ ਅਖੀਰ ’ਚ ਭਾਰਤ ’ਚ ਹੋਣ ਵਾਲੀ ਅਗਲੀ ਐਸਆਰ ਬੈਠਕ ਲਈ ‘ਠੋਸ ਤਿਆਰੀ’ ਕਰਨ ਲਈ ਮਿਲ ਕੇ ਕੰਮ ਕਰਨ ’ਤੇ ਵੀ ਸਹਿਮਤ ਹੋਏ ਹਨ। ਬਿਆਨ ’ਚ ਕਿਹਾ ਗਿਆ ਹੈ ਕਿ ਬੈਠਕ ਸਕਾਰਾਤਮਕ ਅਤੇ ਰਚਨਾਤਮਕ ਮਾਹੌਲ ’ਚ ਹੋਈ ਅਤੇ ਦੋਹਾਂ ਪੱਖਾਂ ਨੇ ਸਰਹੱਦੀ ਇਲਾਕਿਆਂ ’ਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਸਥਿਤੀ ਦੀ ਵਿਆਪਕ ਸਮੀਖਿਆ ਕੀਤੀ।
ਵਿਦੇਸ਼ ਮੰਤਰਾਲੇ ਨੇ ਜ਼ੋਰ ਦੇ ਕੇ ਕਿਹਾ ਕਿ ਸਮੁੱਚੇ ਦੁਵਲੇ ਸਬੰਧਾਂ ਦੇ ਨਿਰਵਿਘਨ ਵਿਕਾਸ ਲਈ ਸਰਹੱਦ ’ਤੇ ਸ਼ਾਂਤੀ ਅਤੇ ਸਥਿਰਤਾ ‘ਮਹੱਤਵਪੂਰਨ’ ਹੈ। ਇਹ ਸਮਝਿਆ ਜਾਂਦਾ ਹੈ ਕਿ ਦੋਹਾਂ ਧਿਰਾਂ ਨੇ ਪੂਰਬੀ ਲੱਦਾਖ ’ਚ ਐਲਏਸੀ ’ਤੇ ਸਮੁੱਚੀ ਸਥਿਤੀ ’ਤੇ ਵਿਚਾਰ ਵਟਾਂਦਰੇ ਕੀਤੇ। ਇਸ ਸਮੇਂ ਖੇਤਰ ’ਚ ਐਲਏਸੀ ’ਤੇ ਦੋਹਾਂ ਧਿਰਾਂ ਦੇ ਲਗਭਗ 50,000 ਤੋਂ 60,000 ਸੈਨਿਕ ਹਨ।
ਇਸ ਮਹੀਨੇ ਇਕ ਪੋਡਕਾਸਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਰਤ ਅਤੇ ਚੀਨ ਵਿਚਾਲੇ ਮਤਭੇਦ ਕੁਦਰਤੀ ਹਨ ਪਰ ਮਜ਼ਬੂਤ ਸਹਿਯੋਗ ਦੋਹਾਂ ਗੁਆਂਢੀਆਂ ਦੇ ਹਿੱਤ ਵਿਚ ਅਤੇ ਗਲੋਬਲ ਸਥਿਰਤਾ ਲਈ ਹੈ।
ਦਸੰਬਰ ’ਚ ਡੋਭਾਲ ਨੇ ਬੀਜਿੰਗ ਦਾ ਦੌਰਾ ਕੀਤਾ ਸੀ ਅਤੇ ਸਰਹੱਦੀ ਸਵਾਲ ’ਤੇ ਐਸਆਰ ਗੱਲਬਾਤ ਦੇ ਢਾਂਚੇ ਤਹਿਤ ਵਿਦੇਸ਼ ਮੰਤਰੀ ਵਾਂਗ ਨਾਲ ਗੱਲਬਾਤ ਕੀਤੀ ਸੀ। ਐਸ.ਆਰ. ਪ੍ਰਣਾਲੀ ਅਤੇ ਇਸ ਤਰ੍ਹਾਂ ਦੇ ਹੋਰ ਸੰਵਾਦ ਫਾਰਮੈਟਾਂ ਨੂੰ ਮੁੜ ਸੁਰਜੀਤ ਕਰਨ ਦਾ ਫੈਸਲਾ 23 ਅਕਤੂਬਰ ਨੂੰ ਕਜ਼ਾਨ ’ਚ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਹੋਈ ਮੀਟਿੰਗ ’ਚ ਲਿਆ ਗਿਆ ਸੀ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਡਬਲਯੂ.ਐਮ.ਸੀ.ਸੀ. ਗੱਲਬਾਤ ’ਚ ਦੋਵੇਂ ਧਿਰਾਂ ਇਸ ਸਾਲ ਦੇ ਅਖੀਰ ’ਚ ਭਾਰਤ ’ਚ ਹੋਣ ਵਾਲੀ ਐਸਆਰ ਦੀ ਅਗਲੀ ਬੈਠਕ ਲਈ ‘ਠੋਸ ਤਿਆਰੀਆਂ ਕਰਨ ਲਈ ਮਿਲ ਕੇ ਕੰਮ ਕਰਨ’ ਲਈ ਸਹਿਮਤ ਹੋਈਆਂ।
ਬਿਆਨ ’ਚ ਕਿਹਾ ਗਿਆ ਹੈ ਕਿ ਸਕਾਰਾਤਮਕ ਅਤੇ ਰਚਨਾਤਮਕ ਮਾਹੌਲ ’ਚ ਹੋਈ ਬੈਠਕ ’ਚ ਭਾਰਤ-ਚੀਨ ਸਰਹੱਦੀ ਇਲਾਕਿਆਂ ’ਚ ਅਸਲ ਕੰਟਰੋਲ ਰੇਖਾ ’ਤੇ ਸਥਿਤੀ ਦੀ ਵਿਆਪਕ ਸਮੀਖਿਆ ਕੀਤੀ ਗਈ। ਬਿਆਨ ’ਚ ਕਿਹਾ ਗਿਆ ਹੈ ਕਿ ਦੋਹਾਂ ਪੱਖਾਂ ਨੇ ਦਸੰਬਰ 2024 ’ਚ ਬੀਜਿੰਗ ’ਚ ਭਾਰਤ-ਚੀਨ ਸਰਹੱਦੀ ਸਵਾਲ ’ਤੇ ਵਿਸ਼ੇਸ਼ ਪ੍ਰਤੀਨਿਧਾਂ ਦੀ 23ਵੀਂ ਬੈਠਕ ਦੌਰਾਨ ਲਏ ਗਏ ਫੈਸਲਿਆਂ ਨੂੰ ਪ੍ਰਭਾਵੀ ਬਣਾਉਣ ਅਤੇ ਪ੍ਰਭਾਵਸ਼ਾਲੀ ਸਰਹੱਦ ਪ੍ਰਬੰਧਨ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਉਪਾਵਾਂ ਅਤੇ ਪ੍ਰਸਤਾਵਾਂ ’ਤੇ ਚਰਚਾ ਕੀਤੀ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਪੱਖ ਇਸ ਦਿਸ਼ਾ ’ਚ ਸਬੰਧਿਤ ਕੂਟਨੀਤਕ ਅਤੇ ਫੌਜੀ ਤੰਤਰ ਨੂੰ ਬਣਾਈ ਰੱਖਣ ਅਤੇ ਮਜ਼ਬੂਤ ਕਰਨ ’ਤੇ ਸਹਿਮਤ ਹੋਏ। ਬਿਆਨ ’ਚ ਕਿਹਾ ਗਿਆ ਹੈ ਕਿ ਦੋਹਾਂ ਪੱਖਾਂ ਨੇ ਸਰਹੱਦ ਪਾਰ ਨਦੀਆਂ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਸਮੇਤ ਸਰਹੱਦ ਪਾਰ ਸਹਿਯੋਗ ਅਤੇ ਆਦਾਨ-ਪ੍ਰਦਾਨ ਨੂੰ ਜਲਦੀ ਬਹਾਲ ਕਰਨ ’ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
ਗੱਲਬਾਤ ਵਿਚ ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰਾਲੇ ਵਿਚ ਸੰਯੁਕਤ ਸਕੱਤਰ (ਪੂਰਬੀ ਏਸ਼ੀਆ) ਗੌਰੰਗਲਾਲ ਦਾਸ ਨੇ ਕੀਤੀ। ਚੀਨੀ ਟੀਮ ਦੀ ਅਗਵਾਈ ਚੀਨੀ ਵਿਦੇਸ਼ ਮੰਤਰਾਲੇ ਦੇ ਸੀਮਾ ਅਤੇ ਸਮੁੰਦਰੀ ਮਾਮਲਿਆਂ ਦੇ ਵਿਭਾਗ ਦੇ ਡਾਇਰੈਕਟਰ ਜਨਰਲ ਹਾਂਗ ਲਿਆਂਗ ਨੇ ਕੀਤੀ।
ਭਾਰਤੀ ਵਫ਼ਦ ਦੇ ਨੇਤਾ ਨੇ ਸਹਾਇਕ ਵਿਦੇਸ਼ ਮੰਤਰੀ ਹਾਂਗ ਲੇਈ ਨਾਲ ਵੀ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਚੀਨੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਦੋਹਾਂ ਪੱਖਾਂ ਨੇ ਡਬਲਯੂਐਮਸੀਸੀ ਦੀ ਬੈਠਕ ਸਕਾਰਾਤਮਕ, ਰਚਨਾਤਮਕ ਅਤੇ ਅਗਾਂਹਵਧੂ ਰਵੱਈਏ ਨਾਲ ਕੀਤੀ।
ਇਸ ਵਿਚ ਕਿਹਾ ਗਿਆ ਹੈ ਕਿ ਚਰਚਾ ਸਰਹੱਦੀ ਗੱਲਬਾਤ, ਸਰਹੱਦ ਕੰਟਰੋਲ, ਸਰਹੱਦ ਪਾਰ ਆਦਾਨ-ਪ੍ਰਦਾਨ ਅਤੇ ਸਹਿਯੋਗ ’ਤੇ 23ਵੀਂ ਐਸ.ਆਰ. ਗੱਲਬਾਤ ਵਿਚ ਬਣੀ ਸਹਿਮਤੀ ਨੂੰ ਲਾਗੂ ਕਰਨ ’ਤੇ ਕੇਂਦਰਿਤ ਸੀ।
ਉਨ੍ਹਾਂ ਨੇ ਚੀਨ-ਭਾਰਤ ਸਰਹੱਦੀ ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਵਿਹਾਰਕ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਅਤੇ ਚੀਨ-ਭਾਰਤ ਸਰਹੱਦ ੀ ਸਵਾਲ ’ਤੇ ਵਿਸ਼ੇਸ਼ ਪ੍ਰਤੀਨਿਧਾਂ ਦੀ ਅਗਲੀ 24ਵੀਂ ਬੈਠਕ ਲਈ ਸਰਗਰਮੀ ਨਾਲ ਤਿਆਰੀ ਕਰਨ ’ਤੇ ਸਹਿਮਤੀ ਪ੍ਰਗਟਾਈ।
ਡਬਲਯੂ.ਐਮ.ਸੀ.ਸੀ. ਦੀ ਬੈਠਕ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਬੀਜਿੰਗ ਦੇ ਦੋ ਦਿਨਾਂ ਦੌਰੇ ਅਤੇ ਅਪਣੇ ਚੀਨੀ ਹਮਰੁਤਬਾ ਨਾਲ ਗੱਲਬਾਤ ਕਰਨ ਦੇ ਦੋ ਮਹੀਨੇ ਬਾਅਦ ਹੋਈ ਹੈ। ਭਾਰਤ ਦਾ ਕਹਿਣਾ ਹੈ ਕਿ ਜਦੋਂ ਤਕ ਸਰਹੱਦੀ ਖੇਤਰਾਂ ’ਚ ਸ਼ਾਂਤੀ ਨਹੀਂ ਹੁੰਦੀ ਉਦੋਂ ਤਕ ਚੀਨ ਨਾਲ ਉਸ ਦੇ ਸਬੰਧ ਆਮ ਨਹੀਂ ਹੋ ਸਕਦੇ।
ਡੇਮਚੋਕ ਅਤੇ ਦੇਪਸਾਂਗ ਤੋਂ ਫ਼ੌਜੀਆਂ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਭਾਰਤੀ ਅਤੇ ਚੀਨੀ ਫੌਜਾਂ ਨੇ ਵੀ ਲਗਭਗ ਸਾਢੇ ਚਾਰ ਸਾਲਾਂ ਦੇ ਅੰਤਰਾਲ ਤੋਂ ਬਾਅਦ ਦੋਹਾਂ ਖੇਤਰਾਂ ਵਿਚ ਗਸ਼ਤ ਗਤੀਵਿਧੀਆਂ ਮੁੜ ਸ਼ੁਰੂ ਕਰ ਦਿਤੀ ਆਂ ਹਨ।