CM ਮਾਨ ਨੇ ਕੀਤਾ ਦਿੱਲੀ ਦੇ ਸਰਕਾਰੀ ਸਕੂਲ ਦਾ ਦੌਰਾ, ਕਿਹਾ- ਅਜਿਹੇ ਸਕੂਲ ਤਾਂ ਅਮਰੀਕਾ-ਕੈਨੇਡਾ 'ਚ ਦੇਖੇ ਨੇ
ਕਿਹਾ- ਸਿੱਖਿਆ ਅਤੇ ਸਿਹਤ ਸਾਡੀ ਤਰਜੀਹ ਹੈ। ਬਹੁਤ ਜਲਦੀ ਪੰਜਾਬ ਵਿਚ ਅਜਿਹੇ ਡਿਜੀਟਲ ਸਕੂਲ ਦੇਖਣ ਮਿਲਣਗੇ।
ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਦਿਨਾਂ ਦੌਰੇ 'ਤੇ ਦਿੱਲੀ ਪਹੁੰਚ ਗਏ ਹਨ। ਇੱਥੇ ਉਹਨਾਂ ਨੇ ਸਭ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ। ਜਿੱਥੇ ਪੰਜਾਬ ਅਤੇ ਦਿੱਲੀ ਦੇ ਅਧਿਕਾਰੀਆਂ ਨੇ ਸਿੱਖਿਆ ਨਾਲ ਸਬੰਧਤ ਕੰਮਾਂ ਬਾਰੇ ਵੀ ਚਰਚਾ ਕੀਤੀ। ਮੁੱਖ ਮੰਤਰੀ ਮਾਨ ਦੇ ਨਾਲ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਮੌਜੂਦ ਹਨ।
Punjab CM Mann visits Delhi's schools
ਇਸ ਤੋਂ ਬਾਅਦ ਉਹ ਕਾਲਕਾ ਜੀ ਦੇ ਸਰਕਾਰੀ ਸਕੂਲ ਪਹੁੰਚੇ। ਉੱਥੇ ਉਹਨਾਂ ਨੇ ਸਕੂਲੀ ਬੱਚਿਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਇਹ ਸਿੱਖਿਆ ਦਾ ਅਗਲਾ ਪੱਧਰ ਹੈ। ਜਿਸ ਬਾਰੇ ਵੱਡੇ-ਵੱਡੇ ਸਕੂਲ ਸੋਚ ਵੀ ਨਹੀਂ ਸਕਦੇ, ਉਹ ਇੱਥੇ ਲਾਗੂ ਕੀਤਾ ਗਿਆ ਹੈ। ਡਿਜੀਟਲ ਪੜ੍ਹਾਈ ਚੱਲ ਰਹੀ ਹੈ। ਮੈਂ ਅਮਰੀਕਾ ਅਤੇ ਕੈਨੇਡਾ ਵਿਚ ਅਜਿਹੇ ਸਕੂਲ ਦੇਖੇ ਹਨ, ਭਾਰਤ ਵਿਚ ਅਜਿਹਾ ਨਹੀਂ ਦੇਖਿਆ। ਕਈ ਬੱਚੇ ਵੱਡੇ ਪ੍ਰਾਈਵੇਟ ਸਕੂਲ ਛੱਡ ਕੇ ਇੱਥੇ ਆਏ ਹਨ। ਉਹਨਾਂ ਕਿਹਾ ਕਿ ਵੱਡੇ ਨਿਵੇਸ਼ਕ ਵੀ ਬੱਚਿਆਂ ਨਾਲ ਤਾਲਮੇਲ ਕਰ ਰਹੇ ਹਨ।
Punjab CM Mann visits Delhi's schools
ਸੀਐਮ ਮਾਨ ਨੇ ਕਿਹਾ, “ਮੈਂ ਇੱਥੇ ਕਈ ਵਿਦਿਆਰਥੀਆਂ ਨਾਲ ਗੱਲ ਕੀਤੀ। ਉਹਨਾਂ ਨੇ ਇੱਥੇ ਦਾਖਲਾ ਲੈਣ ਲਈ ਵੱਡੇ-ਵੱਡੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਦਿੱਤਾ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਾਨੂੰ ਇੱਥੇ ਜ਼ਿਆਦਾ ਸਹੂਲਤਾਂ ਮਿਲ ਰਹੀਆਂ ਹਨ। ਇਹਨਾਂ ਵਿਦਿਆਰਥੀਆਂ ਕੋਲ ਨਵੇਂ ਵਿਚਾਰ ਹਨ, ਦੇਖ ਕੇ ਮਜ਼ਾ ਆ ਗਿਆ”।
Punjab CM Mann visits Delhi's schools
ਉਹਨਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਸਾਡੀ ਤਰਜੀਹ ਹੈ। ਬਹੁਤ ਜਲਦੀ ਪੰਜਾਬ ਵਿਚ ਅਜਿਹੇ ਡਿਜੀਟਲ ਸਕੂਲ ਦੇਖਣ ਮਿਲਣਗੇ। ਸੀਐਮ ਮਾਨ ਨੇ ਕਿਹਾ ਕਿ ਅਸੀਂ ਅੱਜ ਸਾਰੀ ਜਾਣਕਾਰੀ ਲੈ ਲਈ ਹੈ। ਪੰਜਾਬ ਵਿਚ ਵੀ ਬਹੁਤ ਤੇਜ਼ੀ ਨਾਲ ਡਿਜੀਟਲ ਸਕੂਲ ਸਥਾਪਿਤ ਕੀਤੇ ਗਏ ਹਨ। ਸਕੂਲ ਦੇ ਨੇੜੇ ਸਾਡੇ ਕੋਲ ਕਾਫੀ ਜ਼ਮੀਨ ਹੈ, ਅਸੀਂ ਉੱਥੇ ਵੀ ਬੁਨਿਆਦੀ ਢਾਂਚਾ ਵਿਕਸਿਤ ਕਰਾਂਗੇ। ਅਸੀਂ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ ਸਗੋਂ ਨੌਕਰੀ ਪ੍ਰਦਾਨ ਕਰਨ ਵਾਲੇ ਬਣਾਵਾਂਗੇ।
Punjab CM Mann visits Delhi's Mohalla Clinic
ਇਸ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸੰਸਦ ਮੈਂਬਰ ਰਾਘਵ ਚੱਢਾ ਵੀ ਮੌਜੂਦ ਸਨ। ਇਸ ਤੋਂ ਬਾਅਦ ਉਹਨਾਂ ਨੇ ਚਿਰਾਗ ਐਨਕਲੇਵ ਦੇ ਗ੍ਰੇਟਰ ਕੈਲਾਸ਼ ਸਥਿਤ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ, ਇਸ ਮੌਕੇ ਉਹਨਾਂ ਨਾਲ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਵੀ ਮੌਜੂਦ ਰਹੇ। ਇਸ ਤੋਂ ਇਲਾਵਾ ਉਹਨਾਂ ਦੇ ਨਾਲ ਸਕੂਲ ਸਿੱਖਿਆ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਵੀ ਮੌਜੂਦ ਹੈ।