ਲੋਕ ਸਭਾ ਚੋਣਾਂ 'ਚ 16 ਸਾਂਸਦਾਂ ਨੇ 5 ਲੱਖ ਤੋਂ ਵੀ ਵੱਧ ਵੋਟਾਂ ਨਾਲ ਮਾਰੀ ਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੀ ਨਵਸਾਰੀ ਸੀਟ ਤੋਂ ਭਾਜਪਾ ਦੇ ਪਾਟਿਲ ਰਹੇ ਸਭ ਤੋਂ ਅੱਵਲ

Lok Sabha Election

ਨਵੀਂ ਦਿੱਲੀ- ਪੀਐਮ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਨੁਮਾਇੰਦਗੀ ਵਿਚ ਭਾਜਪਾ ਨੇ ਦੇਸ਼ ਵਿਚ ਜਿੱਤ ਦਾ ਇਤਿਹਾਸ ਰਚ ਦਿੱਤਾ ਹੈ ਭਾਵੇਂ ਕਿ ਇਨ੍ਹਾਂ ਚੋਣਾਂ ਵਿਚ ਸਾਰੇ ਉਮੀਦਵਾਰਾਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਸੀ।

ਜਿਸ ਦੇ ਚਲਦਿਆਂ ਬਹੁਤ ਸਾਰੇ ਉਮੀਦਵਾਰ ਮਹਿਜ਼ ਕੁੱਝ ਵੋਟਾਂ ਦੇ ਫ਼ਰਕ ਨਾਲ ਹੀ ਜਿੱਤੇ। ਪਰ 16 ਅਜਿਹੇ ਉਮੀਦਵਾਰ ਹਨ ਜੋ ਇਸ ਵਾਰ ਪੰਜ ਲੱਖ ਤੋਂ ਜ਼ਿਆਦਾ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ ਹਨ।

ਦੇਸ਼ ਭਰ ਵਿਚੋਂ ਸਭ ਤੋਂ ਜ਼ਿਆਦਾ ਫਰਕ ਨਾਲ ਜਿੱਤਣ ਵਾਲੇ ਸਾਂਸਦ ਗੁਜਰਾਤ ਦੀ ਨਵਸਾਰੀ ਸੀਟ ਤੋਂ ਭਾਜਪਾ ਉਮੀਦਵਾਰ ਸੀ.ਆਰ. ਪਾਟਿਲ ਹਨ। ਜਿਨ੍ਹਾਂ ਨੇ ਆਪਣੇ ਵਿਰੋਧੀ ਨੂੰ 6,89,668 ਵੋਟਾਂ ਨਾਲ ਕਰਾਰੀ ਮਾਤ ਦਿੱਤੀ। ਹਰਿਆਣਾ ਦੇ ਕਰਨਾਲ ਤੋਂ ਭਾਜਪਾ ਦੇ ਸੰਜੇ ਭਾਟੀਆ ਦਾ ਵੀ ਅਜਿਹੇ ਸਾਂਸਦਾਂ ਵਿਚ ਸ਼ੁਮਾਰ ਹਨ।

ਜਿਸ ਨੇ ਅਪਣੇ ਵਿਰੋਧੀ ਕਾਂਗਰਸ ਉਮੀਦਵਾਰ ਕੁਲਦੀਪ ਸ਼ਰਮਾ ਨੂੰ 6,56,142 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਇਸੇ ਤਰ੍ਹਾਂ ਹਰਿਆਣਾ ਦੇ ਹੀ ਫਰੀਦਾਬਾਦ ਤੋਂ ਭਾਜਪਾ ਦੇ ਕ੍ਰਿਸ਼ਨਪਾਲ ਨੇ ਵੀ ਅਪਣੇ ਵਿਰੋਧੀ ਕਾਂਗਰਸ ਦੇ ਅਵਤਾਰ ਸਿੰਘ ਭਵਾਨਾ ਨੂੰ 6,38,293 ਵੋਟਾਂ ਨਾਲ ਧੂੜ ਚਟਾਈ।

ਰਾਜਸਥਾਨ ਦੇ ਭੀਲਵਾੜਾ ਵਿਚ ਭਾਜਪਾ ਦੇ ਸੁਭਾਸ਼ ਚੰਦਰ ਬਹੇੜੀਆ ਨੇ ਕਾਂਗਰਸ ਦੇ ਰਾਮ ਪਾਲ ਸ਼ਰਮਾ ਨੂੰ 6,12,000 ਵੋਟਾਂ ਨਾਲ ਹਰਾਇਆ। ਗੁਜਰਾਤ ਦੇ ਵਡੋਦਰਾ ਤੋਂ ਰਾਜਨਬੇਨ ਭੱਟ ਨੇ ਕਾਂਗਰਸ ਦੇ ਪ੍ਰਸ਼ਾਂਤ ਪਟੇਲ ਨੂੰ 5,89,177 ਵੋਟਾਂ ਦੇ ਵੱਡਾ ਫ਼ਰਕ ਨਾਲ ਪਛਾੜ ਕੇ ਰੱਖ ਦਿੱਤਾ।

ਪੱਛਮੀ ਦਿੱਲੀ ਸੀਟ 'ਤੇ ਬੀਜੇਪੀ ਪ੍ਰਵੇਸ਼ ਵਰਮਾ ਨੇ ਕਾਂਗਰਸ ਦੇ ਮਹਾਬਲ ਮਿਸ਼ਰਾ ਨੂੰ 5,78,486 ਵੋਟਾਂ ਦੇ ਵੱਡੇ ਫ਼ਰਕ ਨਾਲ ਮਾਤ ਦਿੱਤੀ। ਰਾਜਸਥਾਨ ਦੇ ਚਿਤੌੜਗੜ੍ਹ ਤੋਂ ਭਾਜਪਾ ਦੇ ਚੰਦਰ ਪ੍ਰਕਾਸ਼ ਜੋਸ਼ੀ ਨੇ ਕਾਂਗਰਸ ਦੇ ਗੋਪਾਲ ਸਿੰਘ ਸ਼ੇਖਾਵਤ ਨੂੰ 5,76,247  ਵੋਟਾਂ ਨਾਲ ਹਰਾਇਆ।

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਗੁਜਰਾਤ ਦੀ ਗਾਂਧੀ ਨਗਰ ਸੀਟ ਤੋਂ ਕਾਂਗਰਸ ਦੇ ਸੀਜੇ ਚਾਵੜਾ ਨੂੰ 5,57,014 ਵੋਟਾਂ ਕਰਾਰੀ ਮਾਤ ਦਿੱਤੀ। ਜਦਕਿ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਤੋਂ ਭਾਜਪਾ ਦੇ ਉਦੇ ਪ੍ਰਤਾਪ ਸਿੰਘ ਕਾਂਗਰਸ ਦੇ ਸ਼ੈਲੇਂਦਰ ਦੀਵਾਨ ਚੰਦਰਪ੍ਰਭਾਨ ਸਿੰਘ ਨੂੰ 5,53,682 ਵੋਟਾਂ ਨਾਲ ਹਰਾਉਣ ਵਿਚ ਕਾਮਯਾਬ ਰਹੇ।

ਉੱਤਰੀ ਪੱਛਮੀ ਦਿੱਲੀ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਹੰਸ ਰਾਜ ਹੰਸ ਨੇ 'ਆਪ' ਦੇ ਗੁਗਨ ਸਿੰਘ ਨੂੰ 5,53,897 ਵੋਟਾਂ ਨਾਲ ਹਰਾਇਆ। ਗੁਜਰਾਤ ਦੇ ਸੂਰਤ ਵਿਚ ਦਰਸ਼ਨਾ ਵਿਖਰਮ ਜਰਦੋਸ਼ ਨੇ ਕਾਂਗਰਸ ਦੇ ਅਸ਼ੋਕ ਪਟੇਲ ਨੂੰ 5,48,230 ਵੋਟਾਂ ਨਾਲ ਮਾਤ ਦਿੱਤੀ।

ਮੱਧ ਪ੍ਰਦੇਸ਼ ਦੀ ਇੰਦੌਰ ਸੀਟ ਤੋਂ ਭਾਜਪਾ ਦੇ ਸ਼ੰਕਰ ਲਾਲਵਾਨੀ ਨੇ ਕਾਂਗਰਸ ਦੇ ਪੰਕਜ ਸੰਘਵੀ ਨੂੰ 5,47,754 ਵੋਟਾਂ ਨਾਲ ਹਰਾ ਕੇ ਜਿੱਤ ਦਾ ਝੰਡਾ ਗੱਡਿਆ। ਰਾਜਸਥਾਨ ਦੀ ਰਾਹਸਮੰਦ ਸੀਟ ਤੋਂ ਭਾਜਪਾ ਦੀ ਦੀਆ ਕੁਮਾਰੀ ਨੇ ਕਾਂਗਰਸ ਦੇ ਦੇਵਕੀਨੰਦਨ ਨੂੰ 5,51,916 ਵੋਟਾਂ ਤੋਂ ਪਿੱਛੇ ਛੱਡ ਆਪਣੀ ਜਿੱਤ ਹਾਸਲ ਕੀਤੀ।

ਮੱਧ ਪ੍ਰਦੇਸ਼ ਦੀ ਵਿਦਿਸ਼ਾ ਸੀਟ ਤੋਂ ਭਾਜਪਾ ਦੇ ਰਮਾਕਾਂਤ ਭਾਗਰਵ ਨੇ ਕਾਂਗਰਸ ਦੇ ਸ਼ੈਲੇਂਦਰ ਰਮੇਸ਼ਚੰਦਰ ਪਟੇਲ ਨੂੰ 5,03,084 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਉਂਦੇ ਹੋਏ ਮਾਤ ਦਿੱਤੀ।

ਤਮਿਲਨਾਡੂ ਦੇ ਡਿਣਡੀਗੁਲ ਸੀਟ ਤੋਂ ਡੀਐਮਕੇ ਦੇ ਵੇਲੁਸਾਮੀ ਨੇ ਪੀਐਮਕੇ ਦੇ ਜੋਤੀਮੁਥੂ ਨੂੰ 5,38,972 ਵੋਟਾਂ ਨਾਲ ਹਰਾਇਆ। ਇਸੇ ਤਰ੍ਹਾਂ ਤਮਿਲਨਾਡੂ ਦੀ ਹੀ ਸ਼੍ਰੀਪੇਰੂੰਬੁਡੂਰ ਸੀਟ ਤੋਂ ਡੀਐਮਕੇ ਦੇ ਬਾਲੂ ਟੀਆਰ ਨੇ ਪੀਐਮਕੇ ਦੇ ਵੈਥਿਲਿੰਗਮ ਨੂੰ 5,07,955 ਸੀਟਾਂ ਨਾਲ ਹਰਾ ਕੇ ਅਪਣੀ ਜਿੱਤ ਦਾ ਪਰਚਮ ਲਹਿਰਾਇਆ।