ਕੀ ਭਾਰਤ ਵਿਚ ਸੋਸ਼ਲ ਮੀਡੀਆ ਕੰਪਨੀਆਂ ਕੰਮ ਕਰਨਾ ਬੰਦ ਕਰ ਦੇਣਗੀਆਂ? ਖ਼ਤਮ ਹੋ ਰਹੀ ਨੋਟਿਸ ਦੀ ਮਿਆਦ
ਇਕ ਸਵਾਲ ਕਾਫ਼ੀ ਚਰਚਾ ਵਿਚ ਹੈ ਕਿ ਕੀ ਭਾਰਤ ਵਿਚ ਦੋ ਦਿਨ ਬਾਅਦ ਫੇਸਬੁੱਕ, ਟਵਿਟਰ, ਇੰਸਟਾਗ੍ਰਾਮ ਵਰਗੀਆਂ ਸੋਸ਼ਲ ਮੀਡੀਆ ਕੰਪਨੀਆਂ ਕੰਮ ਕਰਨਾ ਬੰਦ ਕਰ ਦੇਣਗੀਆਂ?
ਨਵੀਂ ਦਿੱਲੀ: ਇਹਨੀਂ ਦਿਨੀਂ ਇਕ ਸਵਾਲ ਕਾਫ਼ੀ ਚਰਚਾ ਵਿਚ ਹੈ ਕਿ ਕੀ ਭਾਰਤ ਵਿਚ ਦੋ ਦਿਨ ਬਾਅਦ ਫੇਸਬੁੱਕ, ਟਵਿਟਰ, ਇੰਸਟਾਗ੍ਰਾਮ ਵਰਗੀਆਂ ਸੋਸ਼ਲ ਮੀਡੀਆ ਕੰਪਨੀਆਂ ਕੰਮ ਕਰਨਾ ਬੰਦ ਕਰ ਦੇਣਗੀਆਂ? ਦਰਅਸਲ ਇਸ ਸਾਲ 25 ਫਰਵਰੀ ਨੂੰ ਭਾਰਤ ਸਰਕਾਰ ਦੇ ਇਲੈਕਟ੍ਰਾਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸਾਰੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਵੇਂ ਨਿਯਮਾਂ ਦਾ ਪਾਲਣ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਸੀ।
ਇਹਨਾਂ ਵਿਚ ਭਾਰਤ ਵਿਚ ਅਪਣਾ ਆਫਿਸਰ ਅਤੇ ਕਾਂਟੈਕਟਸ ਦਾ ਪਤਾ ਦੇਣਾ, ਪਾਲਣਾ ਅਧਿਕਾਰੀ ਦੀ ਨਿਯੁਕਤੀ, ਸ਼ਿਕਾਇਤ ਦਾ ਹੱਲ, ਇਤਰਾਜ਼ਯੋਗ ਸਮਗਰੀ ਦੀ ਨਿਗਰਾਨੀ, ਪਾਲਣਾ ਰਿਪੋਰਟ ਅਤੇ ਇਤਰਾਜ਼ਯੋਗ ਸਮਗਰੀ ਨੂੰ ਹਟਾਉਣ ਸਬੰਧੀ ਨਿਯਮਾਂ ਦੀ ਪਾਲਣਾ ਹੁਣ ਤੱਕ ਸਿਰਫ਼ ਕਰੂ ਨਾਮ ਦੀ ਕੰਪਨੀ ਤੋਂ ਇਲਾਵਾ ਕਿਸੇ ਹੋਰ ਕੰਪਨੀ ਨੇ ਇਹਨਾਂ ਵਿਚੋਂ ਕਿਸੇ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਹੈ। ਫਿਲਹਾਲ ਕੰਪਨੀਆਂ ਨੇ ਭਾਰਤ 'ਚ ਕੋਈ ਨੋਡਲ ਅਫਸਰ ਨਹੀਂ ਨਿਯੁਕਤ ਕੀਤਾ ਹੈ। ਇਹਨਾਂ ਦਾ ਕੋਈ ਅਜਿਹਾ ਕਾਲ ਸੈਂਟਰ ਨਹੀਂ ਹੈ ਜਿਥੇ ਸ਼ਿਕਾਇਤ ਕੀਤੀ ਜਾ ਸਕੇ।
ਸੋਸ਼ਲ ਮੀਡੀਆ ਉੱਤੇ ਕਈ ਲੋਕਾਂ ਇਹ ਨਹੀਂ ਪਤਾ ਕਿ ਉਹ ਕਿਸ ਨੂੰ ਸ਼ਿਕਾਇਤ ਕਰਨ ਅਤੇ ਕਿੱਥੇ ਉਹਨਾਂ ਦੀ ਸਮੱਸਿਆ ਹੱਲ ਹੋਵੇਗੀ। ਕੁੱਝ ਪਲੇਟਫਾਰਮਾਂ ਨੇ ਇਸ ਦੇ ਲਈ ਛੇ ਮਹੀਨੇ ਦਾ ਸਮਾਂ ਮੰਗਿਆ ਹੈ। ਕਈਆਂ ਦਾ ਕਿਹਣਾ ਹੈ ਕਿ ਉਹ ਅਮਰੀਕਾ ਵਿਚ ਅਪਣੇ ਹੈੱਡ ਕੁਆਟਰ ਤੋਂ ਨਿਰਦੇਸ਼ਾਂ ਦਾ ਇੰਤਜ਼ਾਰ ਕਰ ਰਹੇ ਹਨ। ਟਵਿਟਰ ਵਰਗੀਆਂ ਕੰਪਨੀਆਂ ਅਪਣੇ ਖੁਦ ਦੇ ਫੈਕਟ ਚੈਕਰ ਰੱਖਦੀਆਂ ਹਨ, ਜਿਨ੍ਹਾਂ ਦੀ ਨਾ ਤਾਂ ਪਛਾਣ ਦੱਸੀ ਜਾਂਦੀ ਹੈ ਅਤੇ ਨਾ ਹੀ ਤਰੀਕਾ ਕਿ ਕਿਵੇਂ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਨਵੇਂ ਨਿਯਮ 26 ਮਈ 2021 ਤੋਂ ਲਾਗੂ ਹੋਣ ਜਾ ਰਹੇ ਹਨ। ਅਜਿਹੇ 'ਚ ਸੰਭਵ ਹੈ ਕਿ ਸਰਕਾਰ ਵੀ ਸਖ਼ਤ ਰੁਖ਼ ਦਿਖਾ ਕੇ ਇੰਟਰਮੀਡੀਅਰੀ (ਵਿਚੋਲੇ) ਵਜੋਂ ਉਹਨਾਂ ਨੂੰ ਮਿਲ ਰਹੀਆਂ ਸਹੂਲਤਾਂ ਖ਼ਤਮ ਕਰ ਦੇਵੇ। ਅਜਿਹਾ ਹੋਣ 'ਤੇ ਪਲੇਟਫਾਰਮ 'ਤੇ ਕਿਸੇ ਵੀ ਪੋਸਟ ਲਈ ਕੰਪਨੀ ਜ਼ਿੰਮੇਵਾਰੀ ਮੰਨੀ ਜਾਵੇਗੀ।