ਭ੍ਰਿਸ਼ਟਾਚਾਰ ਦੇ 3 ਮਾਮਲੇ: IAS ਧਰਮਿੰਦਰ ਸਿੰਘ ਮੁਅੱਤਲ, ਮਨਜ਼ੂਰੀ ਨਿਯਮਾਂ 'ਚ ਫਸਿਆ ਦਹੀਆ ਦਾ ਮਾਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰ ਵੱਲੋਂ ਕਾਰਵਾਈ 'ਚ ਹੋ ਸਕਦੀ ਹੈ ਦੇਰੀ

photo

 

ਚੰਡੀਗੜ੍ਹ : ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਹਰਿਆਣਾ ਦੇ ਤਿੰਨ ਆਈਏਐਸ ਅਧਿਕਾਰੀਆਂ ਉੱਤੇ ਸਰਕਾਰ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਨੇ ਆਈਏਐਸ ਧਰਮਿੰਦਰ ਸਿੰਘ ਨੂੰ ਸੋਨੀਪਤ ਨਗਰ ਨਿਗਮ ਦੇ ਕਮਿਸ਼ਨਰ ਹੁੰਦਿਆਂ ਇੱਕ ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਮੁਅੱਤਲ ਕਰ ਦਿਤਾ ਹੈ। ਇਹ ਮੁਅੱਤਲੀ ਗ੍ਰਿਫ਼ਤਾਰੀ ਦੇ ਦਿਨ ਭਾਵ 15 ਮਈ ਤੋਂ ਮੰਨੀ ਜਾਵੇਗੀ। ਇਸ ਦੇ ਨਾਲ ਹੀ ਇੱਕ ਹੋਰ ਰਿਸ਼ਵਤ ਦੇ ਮਾਮਲੇ ਵਿਚ ਫਸੇ ਆਈਏਐਸ ਵਿਜੇ ਦਹੀਆ ਖ਼ਿਲਾਫ਼ ਕਾਰਵਾਈ ਵਿਚ ਦੇਰੀ ਹੋ ਸਕਦੀ ਹੈ।

ਉਸ ਦਾ ਮਾਮਲਾ ਸਰਕਾਰੀ ਮਨਜ਼ੂਰੀ ਦੇ ਘੇਰੇ ਵਿਚ ਫਸ ਗਿਆ ਹੈ, ਕਿਉਂਕਿ ਏਸੀਬੀ ਨੇ ਉਸ ਨੂੰ ਰਿਸ਼ਵਤ ਲੈਂਦੇ ਹੋਏ ਸਿੱਧੇ ਤੌਰ 'ਤੇ ਗ੍ਰਿਫ਼ਤਾਰ ਨਹੀਂ ਕੀਤਾ, ਪਰ ਇਕ ਔਰਤ ਪੂਨਮ ਚੋਪੜਾ ਨੂੰ ਫੜਿਆ ਹੈ। ਏਸੀਬੀ ਨੇ ਦਹੀਆ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ ਅਤੇ ਹੁਣ ਉਸ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਪਰ ਉਹ ਰੂਪੋਸ਼ ਹੈ ਅਤੇ ਅਗਾਊਂ ਜ਼ਮਾਨਤ ਦੀ ਕੋਸ਼ਿਸ਼ ਕਰ ਰਿਹਾ ਹੈ।

ਜਾਣੋ ਕਿਸ ਆਈ.ਏ.ਐਸ ਦਾ ਕੀ ਹੈ ਮਾਮਲਾ...

IAS ਧਰਮਿੰਦਰ ਸਿੰਘ : ਉਸ 'ਤੇ 2022 'ਚ ਸੋਨੀਪਤ 'ਚ ਮਿਉਂਸਪਲ ਕਮਿਸ਼ਨਰ ਹੋਣ 'ਤੇ 1 ਕਰੋੜ ਦੀ ਰਿਸ਼ਵਤ ਲੈਣ ਦਾ ਦੋਸ਼ ਹੈ। ਸਰਕਾਰ ਨੇ ਇੱਕ ਐਸਆਈਟੀ ਬਣਾਈ, ਜਿਸ ਦੀ ਜਾਂਚ ਵਿਚ ਰਿਸ਼ਵਤਖੋਰੀ ਦੇ ਸਬੂਤ ਮਿਲੇ ਹਨ। ਜਾਂਚ ਵਿਚ ਸਾਹਮਣੇ ਆਇਆ ਕਿ ਇੱਕ ਇਮਾਰਤ ਦੀ ਉਸਾਰੀ ਵਿਚ ਟੈਂਡਰ ਦੀ ਰਕਮ 57 ਕਰੋੜ ਤੋਂ ਵਧਾ ਕੇ 87 ਕਰੋੜ ਰੁਪਏ ਕੀਤੀ ਗਈ ਸੀ।

ਦਹੀਆ : 20 ਅਪ੍ਰੈਲ ਨੂੰ ਦਿੱਲੀ ਦੀ ਪੂਨਮ ਚੋਪੜਾ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਫੜੀ ਗਈ ਸੀ, ਜਿਸ 'ਚ ਦਹੀਆ ਦਾ ਨਾਂ ਸਾਹਮਣੇ ਆਇਆ ਸੀ। ਏਸੀਬੀ ਨੇ ਦਹੀਆ ਤੋਂ ਵੀ ਪੁੱਛਗਿੱਛ ਕੀਤੀ ਸੀ ਪਰ ਬਾਅਦ ਵਿਚ ਛੱਡ ਦਿਤਾ ਗਿਆ। ਐਫਆਈਆਰ ਵਿਚ ਉਸ ਦਾ ਨਾਮ ਆਉਣ ਤੋਂ ਬਾਅਦ ਉਹ ਰੂਪੋਸ਼ ਹੈ। ਉਨ੍ਹਾਂ ਤੋਂ ਵਿਭਾਗ ਖੋਹ ਲਏ ਗਏ ਹਨ।

ਡੀ ਸੁਰੇਸ਼ : 2019 ਵਿਚ ਡੀ ਸੁਰੇਸ਼ ਨੇ HSVP ਦੇ ਮੁੱਖ ਪ੍ਰਸ਼ਾਸਕ ਹੁੰਦਿਆਂ ਸੈਕਟਰ-56 ਵਿਚ ਇੱਕ ਸਕੂਲ ਨੂੰ ਸਾਲ 1992 ਦੀ ਦਰ ਨਾਲ ਡੇਢ ਏਕੜ ਜ਼ਮੀਨ ਅਲਾਟ ਕੀਤੀ ਸੀ। ਇਸ ਕਾਰਨ ਸਰਕਾਰ ਨੂੰ 25 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਉਸ 'ਤੇ 25 ਲੱਖ ਦੀ ਰਿਸ਼ਵਤ ਲੈਣ ਦਾ ਵੀ ਦੋਸ਼ ਹੈ। ਇਸ ਵੇਲੇ ਡਾ.ਡੀ.ਸੁਰੇਸ਼ ਨੂੰ ਕੋਈ ਵੱਡਾ ਵਿਭਾਗ ਨਹੀਂ ਦਿਤਾ ਗਿਆ ਹੈ।