ਤਿਹਾੜ ਜੇਲ ਦੇ ਬਾਥਰੂਮ ਵਿਚ ਡਿੱਗੇ ਸਤੇਂਦਰ ਜੈਨ, ਡੀਡੀਯੂ ਹਸਪਤਾਲ ਵਿਚ ਦਾਖ਼ਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੀੜ੍ਹ ਦੀ ਹੱਡੀ 'ਚ ਖਰਾਬੀ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ

photo

 

ਨਵੀਂ ਦਿੱਲੀ : ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਤਿਹਾੜ ਜੇਲ ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਸਤੇਂਦਰ ਜੈਨ ਬੀਤੀ ਰਾਤ ਆਪਣੇ ਵਾਰਡ ਦੇ ਅੰਦਰ ਬਾਥਰੂਮ ਵਿੱਚ ਡਿੱਗ ਗਿਆ ਸੀ। ਸਤੇਂਦਰ ਜੈਨ ਬਾਥਰੂਮ ਦੇ ਅੰਦਰ ਪੈਰ ਫਿਸਲਣ ਕਾਰਨ ਡਿੱਗ ਗਏ ਸੀ।

ਇਸ ਤੋਂ ਪਹਿਲਾਂ 22 ਮਈ ਨੂੰ ਵੀ ਦਿੱਲੀ ਪੁਲਿਸ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਬੰਦ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਸਫ਼ਦਰਜੰਗ ਹਸਪਤਾਲ ਲੈ ਗਈ ਸੀ। ਰੀੜ੍ਹ ਦੀ ਹੱਡੀ 'ਚ ਖਰਾਬੀ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਇਸੇ ਤਰ੍ਹਾਂ ਦੀ ਸ਼ਿਕਾਇਤ ਕਰਨ 'ਤੇ ਜੇਲ ਪ੍ਰਸ਼ਾਸਨ ਨੇ ਉਸ ਨੂੰ ਦੀਨਦਿਆਲ ਉਪਾਧਿਆਏ ਹਸਪਤਾਲ ਭੇਜਿਆ ਸੀ, ਉਥੋਂ ਆ ਕੇ ਸਾਬਕਾ ਮੰਤਰੀ ਨੇ ਜੇਲ ਪ੍ਰਸ਼ਾਸਨ ਨੂੰ ਬੀਮਾਰੀ ਬਾਰੇ ਇਕ ਹੋਰ ਡਾਕਟਰ ਤੋਂ ਰਾਏ ਲੈਣ ਦੀ ਜਾਣਕਾਰੀ ਦਿਤੀ। ਹਸਪਤਾਲ ਤੋਂ ਰਾਏ ਲੈ ਕੇ ਉਸ ਨੂੰ ਵਾਪਸ ਤਿਹਾੜ ਲਿਆਂਦਾ ਗਿਆ।

ਜੇਲ ਅਧਿਕਾਰੀਆਂ ਨੇ ਦਸਿਆ ਕਿ ਸਤੇਂਦਰ ਜੈਨ ਨੇ ਸ਼ਨੀਵਾਰ ਨੂੰ ਰੀੜ੍ਹ ਦੀ ਹੱਡੀ ਦੇ ਦਰਦ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦੇ ਵਕੀਲ ਨੇ ਅਦਾਲਤ ਵਿਚ ਇਹ ਵੀ ਦਸਿਆ ਸੀ ਕਿ ਜੈਨ ਦਾ ਭਾਰ 35 ਕਿਲੋ ਘਟ ਗਿਆ ਹੈ। ਇਸ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਉਸ ਨੂੰ ਪੁਲਿਸ ਟੀਮ ਦੇ ਨਾਲ ਦੀਨਦਿਆਲ ਉਪਾਧਿਆਏ ਹਸਪਤਾਲ ਭੇਜ ਦਿਤਾ, ਜਿੱਥੇ ਡਾਕਟਰਾਂ ਨੇ ਉਸ ਦਾ ਚੈਕਅੱਪ ਕੀਤਾ ਅਤੇ ਕੁਝ ਸਲਾਹ ਦਿਤੀ।

ਇਸ ਤੋਂ ਬਾਅਦ ਉਹ ਵਾਪਸ ਜੇਲ੍ਹ ਆ ਗਿਆ। ਜੇਲ੍ਹ ਸੂਤਰਾਂ ਦਾ ਕਹਿਣਾ ਹੈ ਕਿ ਸਤਿੰਦਰ ਜੈਨ ਨੇ ਜੇਲ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਆਪਣੀ ਬਿਮਾਰੀ ਬਾਰੇ ਹੋਰ ਡਾਕਟਰਾਂ ਦੀ ਰਾਏ ਲੈਣ ਦੀ ਬੇਨਤੀ ਕੀਤੀ ਸੀ। ਇਸ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਸੋਮਵਾਰ ਨੂੰ ਪੁਲਿਸ ਟੀਮ ਦੀ ਸੁਰੱਖਿਆ 'ਚ ਉਸ ਨੂੰ ਸਫਦਰਜੰਗ ਹਸਪਤਾਲ ਭੇਜ ਦਿਤਾ। ਪੁਲਿਸ ਟੀਮ ਉਸ ਨੂੰ ਨਿਊਰੋ ਸਰਜਰੀ ਓਪੀਡੀ ਵਿਚ ਲੈ ਗਈ। ਜਿੱਥੇ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ। ਸੂਤਰਾਂ ਮੁਤਾਬਕ ਇਸ ਦੌਰਾਨ ਸਤੇਂਦਰ ਜੈਨ ਨੇ ਆਪਣੀ ਬੀਮਾਰੀ ਬਾਰੇ ਡਾਕਟਰਾਂ ਦੀ ਰਾਏ ਲਈ।