ਹਰਿਆਣਾ 'ਚ ਦਲਿਤ ਨੌਜਵਾਨ ਦੀ ਕੁੱਟਮਾਰ, ਅੱਧਨੰਗਾ ਕਰਕੇ ਨਚਾਇਆ
ਦੋ ਨੌਜਵਾਨਾਂ ਨੇ ਹਰਿਆਣਵੀ ਗਾਣੇ 'ਤੇ ਅੱਧਨੰਗਾ ਕਰ ਨਚਾਇਆ
ਹਰਿਆਣਾ- ਹਰਿਆਣਾ ਵਿਚ ਸੋਨੀਪਤ ਦੇ ਗੰਨੌਰ ਕਸਬੇ ਦੇ ਪਿੰਡ ਵਿਚ ਦਲਿਤ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਦਲਿਤ ਨੌਜਵਾਨ ਨੇ ਖੇਤਾਂ ਵਿਚ ਕੰਮ ਕਰਨ ਅਤੇ ਪਸ਼ੂਆਂ ਨੂੰ ਪਾਣੀ ਪਿਲਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ। ਜਿਸ ਤੋਂ ਬਾਅਦ ਦੋ ਨੌਜਵਾਨਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਅੱਧ ਨੰਗਾ ਕਰਕੇ ਹਰਿਆਣਵੀ ਗਾਣੇ 'ਤੇ ਡਾਂਸ ਵੀ ਕਰਵਾਇਆ।
ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵੀਡੀਓ ਵਾਇਰਲ ਹੋਣ 'ਤੇ ਹੁਣ ਕਰੀਬ ਇਕ ਮਹੀਨੇ ਬਾਅਦ ਮਾਮਲਾ ਦਰਜ ਹੋਇਆ ਹੈ। ਪੀੜਤ ਲੜਕੇ ਦੇ ਪਿਤਾ ਨੇ ਸ਼ਿਕਾਇਤ ਵਿਚ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਪਿੰਡ ਦੇ ਹੀ ਜਤੇਂਦਰ ਅਤੇ ਮੋਹਿਤ ਨਾਂਅ ਦੇ ਦੋ ਮੁੰਡੇ ਜ਼ਬਰਦਸਤੀ ਅਪਣੇ ਖੇਤਾਂ ਵਿਚ ਕੰਮ ਕਰਵਾਉਣ ਅਤੇ ਪਸ਼ੂਆਂ ਦੀ ਦੇਖਰੇਖ ਕਰਨ ਦਾ ਦਬਾਅ ਬਣਾ ਰਹੇ ਸਨ। ਲੜਕੇ ਨੇ ਜਦੋਂ ਮਨ੍ਹਾਂ ਕੀਤਾ ਤਾਂ ਦੋਵਾਂ ਨੇ ਉਸ ਨੂੰ ਅਪਣੇ ਖੇਤ ਵਿਚ ਲਿਜਾ ਕੇ ਬੁਰੀ ਤਰ੍ਹਾਂ ਕੁੱਟਿਆ ਅਤੇ ਕਰੀਬ ਚਾਰ ਘੰਟੇ ਤੱਕ ਬੰਦੀ ਬਣਾ ਕੇ ਰੱਖਿਆ।
ਪੁਲਿਸ ਨੇ ਇਸ ਮਾਮਲੇ ਵਿਚ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਏਡੀਜੀਪੀ ਲਾਅ ਐਂਡ ਆਰਡਰ ਨਵਦੀਪ ਸਿੰਘ ਵਿਰਕ ਨੇ ਸੋਨੀਪਤ ਦੇ ਐਸਪੀ ਤੋਂ ਇਸ ਮਾਮਲੇ ਵਿਚ ਰਿਪੋਰਟ ਤਲਬ ਕੀਤੀ ਹੈ। ਜਾਣਕਾਰੀ ਅਨੁਸਾਰ ਦਲਿਤ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਦੋਵੇਂ ਨੌਜਵਾਨ ਫ਼ਰਾਰ ਦੱਸੇ ਜਾ ਰਹੇ ਹਨ।