‘ਚੌਂਕੀਦਾਰ ਚੋਰ ਹੈ’ ਬਿਆਨ ‘ਤੇ ਕੋਰਟ ਨੇ ਰਾਹੁਲ ਨੂੰ ਭੇਜਿਆ ਸੰਮਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਰਾਹੁਲ ਗਾਂਧੀ ਵਿਰੁੱਧ ਸੰਮਨ ਜਾਰੀ ਕਰਦੇ ਹੋਏ ਉਹਨਾਂ ਨੂੰ 3 ਜੁਲਾਈ ਨੂੰ ਕੋਰਟ ਵਿਚ ਹਾਜ਼ਰ ਹੋ ਕੇ ਅਪਣਾ ਪੱਖ ਰੱਖਣ ਦੇ ਆਦੇਸ਼ ਦਿੱਤੇ ਹਨ।

Rahul Gandhi

ਨਵੀਂ ਦਿੱਲੀ: ਰਾਂਚੀ ਦੀ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ‘ਚੌਂਕੀਦਾਰ ਚੋਰ ਹੈ’ ਦਾ ਨਾਅਰਾ ਲਗਾਉਣ ਦੇ ਚਲਦਿਆਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਦਰਜ 20 ਕਰੋੜ ਰੁਪਏ ਦੀ ਮਾਣਹਾਨੀ ਦੇ ਮਾਮਲੇ ਵਿਚ ਉਹਨਾਂ ਨੂੰ ਸੰਮਨ ਜਾਰੀ ਕਰ ਕੇ 3 ਜੁਲਾਈ ਨੂੰ ਕੋਰਟ ਵਿਚ ਹਾਜ਼ਰ ਹੋਣ ਦਾ ਆਦੇਸ਼ ਦਿੱਤਾ ਹੈ। ਰਾਂਚੀ ਦੇ ਜੁਡੀਸ਼ੀਅਲ ਮੈਜਿਸਟਰੇਟ ਕੁਮਾਰ ਵਿਪੁਲ ਦੀ ਅਦਾਲਤ ਵਿਚ ਸੋਮਵਾਰ ਨੂੰ ਮੁਕੱਦਮੇ ਦੀ ਸੁਣਵਾਈ ਹੋਈ।

ਸੁਣਵਾਈ ਤੋਂ ਬਾਅਦ ਅਦਾਲਤ ਨੇ ਰਾਹੁਲ ਗਾਂਧੀ ਵਿਰੁੱਧ ਸੰਮਨ ਜਾਰੀ ਕਰਦੇ ਹੋਏ ਉਹਨਾਂ ਨੂੰ 3 ਜੁਲਾਈ ਨੂੰ ਕੋਰਟ ਵਿਚ ਹਾਜ਼ਰ ਹੋ ਕੇ ਅਪਣਾ ਪੱਖ ਰੱਖਣ ਦੇ ਆਦੇਸ਼ ਦਿੱਤੇ ਹਨ। ਇਸ ਸਬੰਧ ਵਿਚ ਇਕ ਸਥਾਨਕ ਵਕੀਲ ਪ੍ਰਦੀਪ ਮੋਦੀ ਨੇ ਅਦਾਲਤ ਵਿਚ ਮੁਕੱਦਮਾ ਦਰਜ ਕਰਵਾਇਆ ਹੈ। ਸ਼ਿਕਾਇਤ ਵਿਚ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਬਿਆਨ ਨਾਲ ਪੂਰਾ ਮੋਦੀ ਸਮਾਜ ਦੁਖੀ ਹੈ। ਇਸ ਤੋਂ ਪਹਿਲਾਂ ਉਹਨਾਂ ਵੱਲੋਂ ਰਾਹੁਲ ਗਾਂਧੀ ਦੇ ਇਤਰਾਜ਼ਯੋਗ ਬਿਆਨ ‘ਤੇ ਕੋਰਟ ਵਿਚ ਹਲਫਨਾਮਾ ਦਾਖ਼ਲ ਕੀਤਾ ਗਿਆ ਸੀ।

ਸ਼ਿਕਾਇਤ ਕਰਤਾ ਅਨੁਸਾਰ 3 ਮਾਰਚ 2019 ਨੂੰ ਮੋਰਹਾਬਾਦੀ ਦੀ ਇਕ ਰੈਲੀ ਵਿਚ ਭਾਸ਼ਣ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਦੇਸ਼ ਦਾ ‘ਚੌਂਕੀਦਾਰ ਹੀ ਚੋਰ ਹੈ’। ਇਸ ਦੌਰਾਨ ਉਹਨਾਂ ਨੇ ਨੀਰਵ ਮੋਦੀ, ਲਲਿਤ ਮੋਦੀ ਆਦਿ ਦਾ ਵੀ ਨਾਂਅ ਲੈ ਇਤਰਾਜ਼ਯੋਗ ਗੱਲਾਂ ਕਹੀਆਂ ਸਨ। ਉਥੇ ਹੀ ਕੁਝ ਦਿਨ ਬਾਅਦ 13 ਅਪ੍ਰੈਲ ਨੂੰ ਕਰਨਾਟਕ ਵਿਚ ਵੀ ਰਾਹੁਲ ਗਾਂਧੀ ਨੇ ਇਸੇ ਤਰ੍ਹਾਂ ਦਾ ਬਿਆਨ ਦਿੱਤਾ ਸੀ। ਇਸ ਨਾਲ ਮੋਦੀ ਸਮਾਜ ਕਾਫ਼ੀ ਬੇਇੱਜ਼ਤ ਮਹਿਸੂਸ ਕਰ ਰਿਹਾ ਹੈ। ਸ਼ਿਕਾਇਤਕਰਤਾ ਨੇ ਰਾਹੁਲ ਗਾਂਧੀ ‘ਤੇ 20 ਕਰੋੜ ਦੀ ਮਾਣਹਾਨੀ ਦਾ ਦਾਅਵਾ ਕੀਤਾ ਹੈ।