ਪੰਜਾਬੀ ਲਾੜੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਇਹ ਪਾਕਿਸਤਾਨੀ ਲਾੜੀ, ਵੀਜ਼ੇ ਲਈ PM ਨੂੰ ਲਗਾਈ ਗੁਹਾਰ
ਜਿੱਥੇ ਭਾਰਤ ਤੇ ਪਾਕਿ ਦੀਆਂ ਸਰਕਾਰਾਂ ਕਈ ਮੁੱਦਿਆਂ ਨੂੰ ਲੈ ਕੇ ਇਕ-ਦੂਜੇ ਨਾਲ ਉਲਝਦੀਆਂ ਰਹਿੰਦੀਆਂ ਹਨ, ਉੱਥੇ ਹੀ ਕੁਝ ਰਿਸ਼ਤੇ ਅਜਿਹੇ ਹਨ ਜੋ ਸਰਹੱਦਾਂ ਨੂੰ ਨਹੀਂ ਮੰਨਦੇ
ਨਵੀਂ ਦਿੱਲੀ: ਇਕ ਪਾਸੇ ਜਿੱਥੇ ਹਿੰਦੁਸਤਾਨ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਕਈ ਮੁੱਦਿਆਂ ਨੂੰ ਲੈ ਕੇ ਇਕ-ਦੂਜੇ ਨਾਲ ਉਲਝਦੀਆਂ ਰਹਿੰਦੀਆਂ ਹਨ। ਉੱਥੇ ਹੀ ਕੁਝ ਰਿਸ਼ਤੇ ਅਜਿਹੇ ਵੀ ਹਨ ਜੋ ਇਹਨਾਂ ਸਰਹੱਦਾਂ ਨੂੰ ਨਹੀਂ ਮੰਨਦੇ। ਸਰਹੱਦੋਂ ਪਾਰ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜਲੰਧਰ ਦੇ ਰਹਿਣ ਵਾਲੇ ਲਾੜੇ ਕਮਲ ਕਲਿਆਣ ਅਤੇ ਪਾਕਿਸਤਾਨ ਦੀ ਰਹਿਣ ਵਾਲੀ ਲਾੜੀ ਸੁਮਾਈਲਾ ਵਿਆਹ ਅਪਣੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ ਪਰ ਸਰਹੱਦਾਂ ਦੀ ਦੂਰੀ ਅਤੇ ਕੋਰੋਨਾ ਵਾਇਰਸ ਦੇ ਚਲਦਿਆਂ ਉਹਨਾਂ ਦਾ ਵਿਆਹ ਨਹੀਂ ਹੋ ਪਾ ਰਿਹਾ ਹੈ।
ਇਸ ਦੇ ਲਈ ਪਾਕਿਸਤਾਨ ਦੀ ਸੁਮਾਈਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਨਾਲ ਵਿਆਹ ਕਰਨ ਲਈ ਵੀਜ਼ਾ ਦੇਣ ਦੀ ਗੁਹਾਰ ਲਗਾਈ ਹੈ। ਸੁਮਾਈਲਾ ਲਾਹੌਰ ਦੇ ਜੋਹਨਾਬਾਦ ਦੀ ਰਹਿਣ ਵਾਲੀ ਹੈ ਅਤੇ ਜਲੰਧਰ ਦੇ ਕਮਲ ਕਲਿਆਣ ਦੀ 2018 ਵਿਚ ਉਹਨਾਂ ਨਾਲ ਮੰਗਣੀ ਹੋਈ ਸੀ। ਇਸ ਸਾਲ ਮਾਰਚ ਵਿਚ ਦੋਵਾਂ ਦਾ ਵਿਆਹ ਹੋਣਾ ਸੀ।
ਮਾਰਚ 2020 ਵਿਚ ਵਿਆਹ ਲਈ ਸੁਮਾਈਲਾ ਅਤੇ ਉਹਨਾਂ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੇ ਜਲੰਧਰ ਆਉਣਾ ਸੀ ਪਰ ਕੋਰੋਨਾ ਕਾਰਨ ਦੋਵਾਂ ਦੇ ਵਿਆਹ ਦਾ ਇੰਤਜ਼ਾਰ ਲੰਬਾ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ਪਾਕਿਸਤਾਨੀ ਲਾੜੀ ਨੂੰ ਭਾਰਤ ਆਉਣ ਲਈ ਵੀਜ਼ਾ ਨਹੀਂ ਮਿਲ ਰਿਹਾ ਜਦਕਿ ਉਸ ਦੇ ਸਾਰੇ ਦਸਤਾਵੇਜ਼ ਪੂਰੇ ਤਿਆਰ ਹਨ। ਕਮਲ ਕਲਿਆਣ ਜਲੰਧਰ ਦੀ ਮਧੁਬਨ ਕਲੋਨੀ ਦੇ ਰਹਿਣ ਵਾਲੇ ਹਨ।
ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਇਹ ਰਿਸ਼ਤਾ ਪਿਛਲੇ 5 ਸਾਲ ਤੋਂ ਚੱਲ ਰਿਹਾ ਹੈ ਅਤੇ ਉਹਨਾਂ ਦੇ ਪਿਤਾ ਦੀ ਰਿਸ਼ਤੇਦਾਰੀ ਵੀ ਪਾਕਿਸਤਾਨ ਵਿਚ ਹੈ। ਉਹਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਉਹ ਇਕ ਵਾਰ ਵੀ ਸੁਮਾਈਲਾ ਨੂੰ ਨਹੀਂ ਮਿਲੇ, ਇੱਥੋਂ ਤੱਕ ਕੇ ਉਹਨਾਂ ਦੀ ਮੰਗਲੀ ਵੀ ਵੀਡੀਓ ਕਾਲ ਦੇ ਜ਼ਰੀਏ ਹੀ ਹੋਈ ਹੈ।
ਉੱਥੇ ਹੀ ਕਮਲ ਕਲਿਆਣ ਦੀ ਮਾਂ ਸੁਦੇਸ਼ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਇਸ ਰਿਸ਼ਤੇ ਬਾਰੇ ਪਤਾ ਚੱਲਿਆ ਤਾਂ ਉਹ ਕਾਫੀ ਨਰਾਜ਼ ਹੋਏ ਫਿਰ ਬਾਅਦ ਵਿਚ ਦੋਵੇਂ ਪਰਿਵਾਰਾਂ ਵੱਲੋਂ ਇਸ ਰਿਸ਼ਤੇ ਨੂੰ ਮਨਜ਼ੂਰੀ ਮਿਲ ਗਈ। ਹੁਣ ਉਹ ਚਾਹੁੰਦੇ ਹਨ ਕਿ ਕਿਸੇ ਤਰ੍ਹਾਂ ਲੜਕੀ ਨੂੰ ਵੀਜ਼ਾ ਮਿਲ ਜਾਵੇ ਅਤੇ ਉਹ ਭਾਰਤ ਆ ਜਾਵੇ ਤਾਂ ਜੋ ਦੋਵਾਂ ਦਾ ਵਿਆਹ ਹੋ ਸਕੇ।