JEE Main ਤੋਂ ਬਿਨ੍ਹਾਂ ਕਿਵੇਂ ਲਈਏ ਇੰਜੀਨੀਅਰਿੰਗ ਕੋਰਸਾਂ ਵਿਚ ਦਾਖਲਾ? ਜਾਣੋ ਇੱਥੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਈਈ ਮੇਨ ਪ੍ਰੀਖਿਆ ਇੰਜੀਨੀਅਰਿੰਗ ਖੇਤਰ ਵਿਚ ਅੱਗੇ ਵਧਣ ਦੀ ਯੋਜਨਾ ਬਣਾ ਰਹੇ ਉਮੀਦਵਾਰਾਂ ਲਈ ਇਕ ਜ਼ਰੀਆ ਹੈ। 

Get Admission in BTech without JEE Main

ਚੰਡੀਗੜ੍ਹ: ਅਸੀਂ ਅਕਸਰ ਸੋਚਦੇ ਹਾਂ ਕਿ ਬੀਟੈੱਕ ਕੋਰਸਾਂ ਵਿਚ ਦਾਖਲਾ ਲੈਣ ਲਈ ਜੇਈਈ ਮੇਨਜ਼ ਦੀ ਪ੍ਰੀਖਿਆ ਇਕ ਜ਼ਰੀਆ ਹੈ। ਹਾਲਾਂਕਿ ਇਹ ਗਲਤ ਨਹੀਂ ਹੈ। ਕਈ ਚੋਟੀ ਦੇ ਇੰਜੀਨੀਅਰਿੰਗ ਕਾਲਜ ਜੇਈਈ ਮੇਨ ਸਕੋਰ ਤੋਂ ਬਿਨ੍ਹਾਂ ਹੀ ਯੋਗ ਉਮੀਦਵਾਰਾਂ ਨੂੰ ਦਾਖਲਾ ਦਿੰਦੇ ਹਨ। ਜੇਈਈ ਮੇਨ ਪ੍ਰੀਖਿਆ ਇੰਜੀਨੀਅਰਿੰਗ ਖੇਤਰ ਵਿਚ ਅੱਗੇ ਵਧਣ ਦੀ ਯੋਜਨਾ ਬਣਾ ਰਹੇ ਉਮੀਦਵਾਰਾਂ ਲਈ ਇਕ ਜ਼ਰੀਆ ਹੈ। ਕਈ ਵਾਰ ਤਨਦੇਹੀ ਨਾਲ ਮਿਹਨਤ ਕਰਨ ਤੋਂ ਬਾਅਦ ਵੀ ਵਿਦਿਆਰਥੀਆਂ ਦਾ ਪ੍ਰੀਖਿਆ ਵਿਚ ਸਫਲ ਹੋਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।  

ਇਸ ਦੇ ਨਾਲ ਕਾਲਜਾਂ ਵਿਚ ਸੀਮਿਤ ਸੀਟਾਂ ਲਈ ਮੁਕਾਬਲਾ ਵਧ ਰਿਹਾ ਹੈ। ਇਸ ਲਈ ਵਿਦਿਆਰਥੀ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕਰਨ ਲਈ ਹੋਰ ਵਿਕਲਪਾਂ ਦੀ ਭਾਲ ਕਰਦੇ ਹਨ। ਹਰ ਸਾਲ ਬੀਟੈੱਕ ਦਾਖਲੇ ਜੇਈਈ ਨਤੀਜਿਆਂ ਦੀ ਘੋਸ਼ਣਾ ਦੇ ਨਾਲ ਸ਼ੁਰੂ ਹੁੰਦੇ ਹਨ ਅਤੇ ਇਸ ਤੋਂ ਬਾਅਦ ਕਾਉਸਲਿੰਗ ਦੌਰ ਹੁੰਦਾ ਹੈ ਪਰ ਕੁਝ ਬੀਟੈਕ ਕਾਲਜ ਜਿਵੇਂ ਕਿ ਐਸਆਰਐਮ ਇੰਸਟੀਚਿਊਟ, ਆਰਵੀ ਕਾਲਜ, ਐਮਐਸ ਰਮਈਆ ਇੰਸਟੀਚਿਊਟ ਆਦਿ ਅਪਣੀ ਦਾਖਲਾ ਪ੍ਰੀਖਿਆ ਆਯੋਜਿਤ ਕਰਕੇ ਜਾਂ ਹੋਰ ਸੂਬਾ ਪੱਧਰੀ ਦਾਖਲਾ ਪ੍ਰੀਖਿਆਵਾਂ ਦੇ ਅਧਾਰ ’ਤੇ ਦਾਖਲੇ ਦਿੰਦੇ ਹਨ। ਜੇਕਰ ਤੁਸੀਂ ਵੀ ਇੰਜੀਨੀਅਰਿੰਗ ਕੋਰਸ ਵਿਚ ਦਾਖਲਾ ਲੈ ਕੇ ਅੱਗ ਵਧਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਇੰਜੀਨੀਅਰਿੰਗ ਕਾਲਜਾਂ ਦੀ ਸੂਚੀ ਇੱਥੇ ਦੇਖ ਸਕਦੇ ਹੋ।

 ਜੇਈਈ ਮੇਨ ਸਕੋਰ ਤੋਂ ਬਿਨ੍ਹਾਂ ਬੀਟੈਕ ਕੋਰਸਾਂ ਵਿਚ ਦਾਖਲਾ ਦੇਣ ਵਾਲੇ ਭਾਰਤ ਦੇ ਚੋਟੀ ਦੇ ਇੰਜੀਨੀਅਰਿੰਗ ਕਾਲਜ

ਬਿਰਲਾ ਇੰਸਟੀਚਿਊਟ ਆਫ ਟੈਕਨਾਲੋਜੀ ਅਤੇ ਸਾਇੰਸ, ਪਿਲਾਨੀ (BITS)

ਬਿਰਲਾ ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਸਾਇੰਸ (BITS) ਦੇਸ਼ ਦੇ ਚੋਟੀ ਦੇ ਇੰਜੀਨੀਅਰਿੰਗ ਕਾਲਜਾਂ ਵਿਚੋਂ ਇਕ ਹੈ, ਜੋ 1964 ਵਿਚ ਅਪਣੀ ਸਥਾਪਨਾ ਤੋਂ ਬਾਅਦ ਤੋਂ ਹੀ ਯੋਗ ਵਿਦਿਆਰਥੀਆਂ ਨੂੰ ਉਦਯੋਗ ਮੁਖੀ ਪ੍ਰੋਗਰਾਮ ਪੇਸ਼ ਕਰ ਰਿਹਾ ਹੈ। ਬੀਟੈੱਕ ਪ੍ਰੋਗਰਾਮ ਦੀ ਯੋਜਨਾ ਬਣਾ ਰਹੇ ਉਮੀਦਵਾਰ ਜੇਈਈ ਮੇਨ ਦੇ ਵਿਕਲਪਿਕ ਵਜੋਂ BITS ਪ੍ਰੀਖਿਆ ਦੇ ਸਕਦੇ ਹਨ।

ਇੱਥੇ ਪੇਸ਼ ਕੀਤੇ ਜਾਣ ਵਾਲੇ ਪ੍ਰਮੁੱਖ ਇੰਜੀਨੀਅਰਿੰਗ ਕੋਰਸਾਂ ਦੇ ਵਿਸ਼ੇ ਹਨ- ਸਿਵਲ, ਕੈਮੀਕਲ, ਕੰਪਿਊਟਰ ਸਾਇੰਸ ਅਤੇ ਇਨਫਾਰਮੇਸ਼ਨ ਸਿਸਟਮ, ਮਕੈਨੀਕਲ, ਇਲੈਕਟ੍ਰਿਕਲ ਅਤੇ ਇਲੈਕਟ੍ਰਾਨਿਕਸ, ਮੈਨੂਫੈਕਚਰਿੰਗ, ਇੰਸਟ੍ਰੂਮੈਂਟੇਸ਼ਨ ਆਦਿ।

ਨੇਤਾਜੀ ਸੁਭਾਸ਼ ਇੰਸਟੀਚਿਊਟ ਆਫ ਟੈਕਨਾਲੋਜੀ, ਦਿੱਲੀ (NSIT Delhi)

ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ (NIRF) 2020 ਅਨੁਸਾਰ ਨੇਤਾਜੀ ਸੁਭਾਸ਼ ਇੰਸਟੀਚਿਊਟ ਭਾਰਤ ਦੇ ਚੋਟੀ ਦੇ 200 ਇੰਜੀਨੀਅਰਿੰਗ ਕਾਲਜਾਂ ਵਿਚੋਂ 76 ਵੇਂ ਸਥਾਨ 'ਤੇ ਹੈ। ਇਹ ਇੰਸਟੀਚਿਊਟ ਵਿਦਿਆਰਥੀਆਂ ਨੂੰ ਕਈ  ਇੰਜੀਨੀਅਰਿੰਗ ਪ੍ਰੋਗਰਾਮਾਂ ਦੀ ਟ੍ਰੇਨਿੰਗ ਪ੍ਰਦਾਨ ਕਰਦਾ ਹੈ। ਇਥੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿਚ ਸ਼ਾਪਿੰਗ ਸੈਂਟਰ, ਖੇਡ ਦਾ ਮੈਦਾਨ, ਕੰਟੀਨ, ਬੈਂਕ ਆਦਿ ਸ਼ਾਮਲ ਹਨ।

ਹਾਲਾਂਕਿ ਇੰਸਟੀਚਿਊਟ ਵਿਦਿਆਰਥੀਆਂ ਦੇ ਜੇਈਈ ਮੁੱਖ ਸਕੋਰ ਨੂੰ ਮਾਨਤਾ ਦਿੰਦੀ ਹੈ ਪਰ ਉਹ ਯੂਨੀਵਰਸਿਟੀ ਪੱਧਰੀ ਦਾਖਲਾ ਟੈਸਟ ਰਾਹੀਂ ਵੀ ਦਾਖਲਾ ਲੈ ਸਕਦੇ ਹਨ। ਇੱਥੇ ਦਿੱਤੀ ਜਾਣ ਵਾਲੀ ਇੰਜੀਨੀਅਰਿੰਗ ਸਿਖਲਾਈ ਵਿਚ ਇਨਫਾਰਮੇਸ਼ਨ ਟੈਕਨੋਲੋਜੀ, ਇੰਸਟਰੂਮੈਂਟੇਸ਼ਨ ਅਤੇ ਕੰਟਰੋਲ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ, ਇਲੈਕਟ੍ਰਾਨਿਕਸ ਅਤੇ ਕਮਿਊਕੇਸ਼ਨ ਇੰਜੀਨੀਅਰਿੰਗ ਕੋਰਸ ਸ਼ਾਮਲ ਹਨ।

ਮਨੀਪਲ ਇੰਸਟੀਚਿਊਟ ਆਫ ਟੈਕਨੋਲੋਜੀ (Manipal Institute of Technology)

1957 ਵਿਚ ਸਥਾਪਤ ਕੀਤੇ ਗਏ ਮਨੀਪਲ ਇੰਸਟੀਚਿਊਟ ਆਫ ਟੈਕਨਾਲੋਜੀ ਕਰਨਾਟਕ ਨੇ ਮਨੁੱਖੀ ਸਰੋਤ ਵਿਕਾਸ ਭਾਰਤ ਮੰਤਰਾਲੇ ਤੋਂ ਆਪਣੇ ਸ਼ਾਨਦਾਰ ਕੋਰਸ ਪਾਠਕ੍ਰਮ, ਤਜ਼ਰਬੇਕਾਰ ਫੈਕਲਟੀ,  ਬੁਨਿਆਦੀ ਢਾਂਚੇ, ਆਦਿ ਲਈ A+ ਸ਼੍ਰੇਣੀ ਦੀ ਰੇਟਿੰਗ ਪ੍ਰਾਪਤ ਕੀਤੀ ਹੈ।  ਇੰਸਟੀਚਿਊਟ ਵੱਲੋਂ ਬੀਟੈੱਕ ਪ੍ਰੋਗਰਾਮ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ MU-OET ਇਕ ਸਾਲਾਨਾ ਆਨਲਾਈਨ ਦਾਖਲਾ ਪ੍ਰੀਖਿਆ ਆਯੋਜਿਤ ਕੀਤੀ ਜਾਂਦੀ ਹੈ।

ਇੰਸਟੀਚਿਊਟ ਵੱਲੋਂ ਸਿਵਲ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ, ਏਰੋਨੋਟਿਕਲ, ਆਟੋਮੋਬਾਈਲ, ਇੰਡਸਟਰੀਅਲ ਐਂਡ ਪ੍ਰੋਡਕਸ਼ਨ, ਬਾਇਓਮੈਡੀਕਲ, ਬਾਇਓਟੈਕਨਾਲੋਜੀ, ਕੈਮੀਕਲ, ਕੰਪਿਊਟਰ ਸਾਇੰਸ, ਆਈਟੀ, ਇੰਸਟ੍ਰੂਮੈਂਟੇਸ਼ਨ ਐਂਡ ਕੰਟਰੋਲ, ਮਕੈਨੀਕਲ, ਅਤੇ ਪ੍ਰਿੰਟ ਐਂਡ ਮੀਡੀਆ ਟੈਕਨਾਲੋਜੀ ਆਦਿ ਸਮੇਤ 16 ਅੰਡਰਗ੍ਰੈਜੁਏਟ ਕੋਰਸ ਕਰਵਾਏ ਜਾਂਦੇ ਹਨ।

 ਬੀਐਮਐਸ ਕਾਲਜ ਆਫ਼ ਇੰਜੀਨੀਅਰਿੰਗ (BMSCE, Bengaluru) 

ਬੀਐਮਐਸਸੀਈ ਨੂੰ ਲਗਾਤਾਰ ਦੇਸ਼ ਦੇ ਚੋਟੀ ਦੇ 20 ਇੰਜੀਨੀਅਰਿੰਗ ਕਾਲਜਾਂ ਵਿਚ ਸਥਾਨ ਦਿੱਤਾ ਗਿਆ ਹੈ। ਇੱਥੇ ਪੇਸ਼ ਕੀਤੇ ਗਏ ਸਾਰੇ ਕੋਰਸ ਵਿਸ਼ਵੇਸ਼ਵਰਾ ਟੈਕਨੋਲੋਜੀਕਲ ਯੂਨੀਵਰਸਿਟੀ (VTU) ਬੇਲਾਗਾਵੀ ਅਤੇ AICTE ਵੱਲੋਂ ਮਾਨਤਾ ਪ੍ਰਾਪਤ ਹਨ।  ਕਾਲਜ ਨੂੰ NAAC ਵੱਲੋਂ A++ ਗ੍ਰੇਡ ਵੀ ਮਿਲਿਆ ਹੈ।

ਕਾਲਜ ਇਸ ਸਮੇਂ ਯੋਗ ਅਤੇ ਚਾਹਵਾਨ ਵਿਦਿਆਰਥੀਆਂ ਨੂੰ ਵੱਖ ਵੱਖ ਸੈਕਟਰਾਂ ਵਿਚ 13 ਅੰਡਰ ਗ੍ਰੈਜੂਏਟ ਅਤੇ 16 ਪੋਸਟ ਗ੍ਰੈਜੂਏਟ ਕੋਰਸ ਆਫਰ ਕਰ ਰਿਹਾ ਹੈ। ਸੰਸਥਾ ਵੱਲੋਂ ਬੀਟੈੱਕ ਪ੍ਰੋਗਰਾਮ ਲਈ ਉਮੀਦਵਾਰਾਂ ਨੂੰ KEA ਅਤੇ COMED-K ਵਿਚ ਉਹਨਾਂ ਦੇ ਪ੍ਰਦਰਸ਼ਨ ਅਨੁਸਾਰ ਸ਼ਾਰਟਲਿਸਟ ਕੀਤਾ ਜਾਂਦਾ ਹੈ। ਕਾਲਜ ਵੱਲੋਂ ਬਾਇਓਟੈਕਨਾਲੌਜੀ, ਕੈਮੀਕਲ ਇੰਜੀਨੀਅਰਿੰਗ, ਸਿਵਲ, ਕੰਪਿਊਟਰ ਸਾਇੰਸ, ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਵਿਚ ਇੰਜੀਨੀਅਰਿੰਗ ਪ੍ਰੋਗਰਾਮ ਆਫਰ ਕੀਤੇ ਜਾਂਦੇ ਹਨ।  

ਵੀਆਈਟੀ ਯੂਨੀਵਰਸਿਟੀ (VIT University)

ਵੀਆਈਟੀ ਯੂਨੀਵਰਸਿਟੀ ਭਾਰਤ ਦੇ ਮਸ਼ਹੂਰ ਇੰਜੀਨੀਅਰਿੰਗ ਕਾਲਜਾਂ ਵਿਚੋਂ ਇਕ ਹੈ ਜੋ ਯੋਗ ਉਮੀਦਵਾਰਾਂ ਨੂੰ ਬਹੁਤ ਸਾਰੇ ਯੂਜੀ, ਪੀਜੀ, ਅਤੇ ਡਾਕਟਰੇਲ ਕੋਰਸ ਕਰਵਾਉਂਦੀ ਹੈ। ਇਹ ਇੰਸਟੀਚਿਊਟ VITEEE  ਪ੍ਰੀਖਿਆ ਵਿਚ ਪ੍ਰਾਪਤ ਕੀਤੇ ਗਏ ਰੈਂਕ ਅਨੁਸਾਰ ਇੰਜੀਨੀਅਰਿੰਗ ਪ੍ਰੋਗਰਾਮਾਂ ਵਿਚ ਉਮੀਦਵਾਰਾਂ ਨੂੰ ਦਾਖਲਾ ਦਿੰਦਾ ਹੈ।

ਜਿਨ੍ਹਾਂ ਕੋਰਸਾਂ ਲਈ ਉਮੀਦਵਾਰ ਅਪਲਾਈ ਕਰ ਸਕਦੇ ਹਨ, ਉਹਨਾਂ ਵਿਚ ਬੀਟੈੱਕ ਇਨ ਇਨਫਾਰਮੇਸ਼ਨ ਟੈਕਨਾਲੋਜੀ , ਬੀਸੀਏ., ਬੀਐਸਸੀ ਇਨ ਮਲਟੀਮੀਡੀਆ ਐਂਡ ਐਨੀਮੇਸ਼ਨ, ਐਮਟੈੱਕ ਇਨ ਸਾਫਟਵੇਅਰ ਇੰਜੀਨੀਅਰਿੰਗ, ਐਮਟੈੱਕ ਇਨ ਇਨਫਾਰਮੇਸ਼ਨ ਟੈਕਨਾਲੋਜੀ- ਨੈੱਟਵਰਕਿੰਗ ਆਦਿ ਸ਼ਾਮਲ ਹਨ।

ਅੰਨਾ ਯੂਨੀਵਰਸਿਟੀ (Anna University)

ਅੰਨਾ ਯੂਨੀਵਰਸਿਟੀ ਵੱਲੋਂ ਪੇਸ਼ ਕੀਤੇ ਜਾ ਰਹੇ ਅੰਡਰਗ੍ਰੈਜੁਏਟ, ਪੋਸਟ ਗ੍ਰੈਜੂਏਟ ਅਤੇ ਡਾਕਟੋਰਲ ਕੋਰਸ ਵਿਦਿਆਰਥੀਆਂ ਨੂੰ ਉਹਨਾਂ ਦੇ ਮਨਪਸੰਦ ਖੇਤਰ ਵਿਚ ਆਪਣਾ ਕੈਰੀਅਰ ਸ਼ੁਰੂ ਕਰਨ ਵਿਚ ਸਹਾਇਤਾ ਕਰ ਸਕਦੇ ਹਨ। ਵਿਸ਼ਾਲ ਕੈਂਪਸ, ਨਵੀਨਤਮ ਬੁਨਿਆਦੀ ਢਾਂਚਾ , ਤਜ਼ਰਬੇਕਾਰ ਫੈਕਲਟੀ ਅਤੇ ਕੰਪਿਊਟਰ ਲੈਬ ਅੰਨਾ ਯੂਨੀਵਰਸਿਟੀ ਨੂੰ ਬੀਟੈੱਕ ਦੇ ਚਾਹਵਾਨਾਂ ਲਈ ਇਕ ਪ੍ਰਸਿੱਧ ਵਿਕਲਪ ਬਣਾਉਂਦੇ ਹਨ।

ਯੂਨੀਵਰਸਿਟੀ ਵੱਲੋਂ ਸੂਬਾ ਪੱਧਰੀ ਦਾਖਲਾ ਪ੍ਰੀਖਿਆ TNEA ਅਤੇ TANCA ਆਯੋਜਿਤ ਕੀਤੀ ਜਾਂਦੀ ਹੈ, ਜਿਸ ਜ਼ਰੀਏ ਨੌਜਵਾਨਾਂ ਨੂੰ ਇੱਥੇ ਅੰਡਰਗ੍ਰੈਜੁਏਟ ਡਿਗਰੀ ਪ੍ਰੋਗਰਾਮ ਵਿਚ ਦਾਖਲਾ ਲੈਣ ਵਿਚ ਸਹਾਇਤਾ ਮਿਲਦੀ ਹੈ। ਇੱਥੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਇੰਜੀਨੀਅਰਿੰਗ ਵਿਸ਼ੇਸ਼ਤਾਵਾਂ ਵਿਚ ਕੈਮੀਕਲ, ਅਪੈਰਲ, ਸਿਵਲ, ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕਸ, ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ, ਮਕੈਨੀਕਲ, ਆਈਟੀ ਅਤੇ ਹੋਰ ਕਈ ਕੋਰਸ ਸ਼ਾਮਲ ਹਨ।

ਰਾਜ ਪੱਧਰੀ ਇੰਜੀਨੀਅਰਿੰਗ ਦਾਖਲਾ ਪ੍ਰੀਖਿਆਵਾਂ

ਰਾਜ ਪੱਧਰੀ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਦੇ ਅਧਾਰ ਤੇ ਬੀਟੈੱਕ ਪ੍ਰੋਗਰਾਮਾਂ ਵਿਚ ਦਾਖਲਾ ਲੈਣ ਲਈ ਬਹੁਤ ਸਾਰੀਆਂ ਰਾਜ ਪੱਧਰੀ ਪ੍ਰੀਖਿਆਵਾਂ ਹਨ।  ਸਬੰਧਤ ਰਾਜਾਂ ਵਿਚ ਡਾਇਰੈਕਟੋਰੇਟ ਆਫ਼ ਟੈਕਨੀਕਲ ਐਜੂਕੇਸ਼ਨ (ਡੀਟੀਈ) ਵੱਲੋਂ ਇਹਨਾਂ ਪ੍ਰੀਖਿਆਵਾਂ ਦਾ ਆਯੋਜਨ ਕੀਤਾ ਜਾਂਦਾ ਹੈ। ਰਾਜ ਦੇ ਰਿਹਾਇਸ਼ੀ ਉਮੀਦਵਾਰਾਂ ਨੂੰ ਦਾਖਲਾ ਲੈਣ ਵੇਲੇ ਕਾਫੀ ਫਾਇਦਾ ਹੁੰਦਾ ਹੈ ਕਿਉਂਕਿ ਸਬੰਧਤ ਸੂਬੇ ਦੇ ਰਿਹਾਇਸ਼ਾਂ ਲਈ ਕਾਲਜਾਂ ਵਿਚ 85% ਸੀਟਾਂ ਰਾਖਵੀਆਂ ਹੁੰਦੀਆਂ ਹਨ ਹਨ ਜਦਕਿ ਬਾਕੀ ਸੀਟਾਂ ਹੋਰ ਯੋਗ ਉਮੀਦਵਾਰਾਂ ਨੂੰ ਦਿੱਤੀਆਂ ਜਾਂਦੀਆਂ ਹਨ।

ਉਪਰੋਕਤ ਇੰਜੀਨੀਅਰਿੰਗ ਕਾਲਜ ਜੇਈਈ ਮੇਨ ਪ੍ਰੀਖਿਆ ਤੋਂ ਬਿਨ੍ਹਾਂ ਵਿਦਿਆਰਥੀਆਂ ਨੂੰ ਇੰਜੀਨੀਅਰਿੰਗ ਕੋਰਸਾਂ ਵਿਚ ਦਾਖਲੇ ਲਈ ਵਧੀਆ ਵਿਕਲਪ ਪੇਸ਼ ਕਰਦੇ ਹਨ। ਕਾਲਜਾਂ ਵਿਚ ਵੱਖ-ਵੱਖ ਕੋਰਸਾਂ ਵਿਚ ਸੀਟਾਂ ਦੀ ਗਿਣਤੀ ਇਕ ਦੂਜੇ ਨਾਲੋਂ ਵੱਖਰੀ ਹੈ।  ਇਹਨਾਂ ਕਾਲਜਾਂ ਵਿਚ ਦਾਖਲੇ ਦੀ ਵਿਸਥਾਰ ਪ੍ਰਕਿਰਿਆ ਬਾਰੇ ਜਾਣਨ ਲਈ ਸਬੰਧਤ ਕਾਲਜਾਂ ਦੀ ਵੈਬਸਾਈਟ ਦੀ ਮਦਦ ਲਓ।