ਅਰੁਣ ਜੇਤਲੀ ਦਾ ਸਰਕਾਰੀ ਸਨਮਾਨ ਨਾਲ ਅੰਤਮ ਸਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਟਲੀ ਦੀ ਚਿਖਾ ਨੂੰ ਉਨ੍ਹਾਂ ਦੇ ਬੇਟੇ ਰੋਹਨ ਨੇ ਮੁੱਖ ਅਗਨੀ ਦਿੱਤੀ

Arun Jaitley Cremated With State Honours

ਨਵੀਂ ਦਿੱਲੀ : ਸਾਬਕਾ ਵਿੱਤ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਐਤਵਾਰ ਨੂੰ ਨਵੀਂ ਦਿੱਲੀ ਦੇ ਨਿਗਮ ਬੋਧ ਘਾਟ 'ਤੇ ਪੰਜ ਤੱਤਾਂ 'ਚ ਵਿਲੀਨ ਹੋ ਗਏ। ਇਥੇ ਪਰਵਾਰ, ਰਿਸ਼ਤੇਦਾਰਾਂ ਅਤੇ ਸਿਆਸੀ ਆਗੂਆਂ ਨੇ ਉਨ੍ਹਾਂ ਨੂੰ ਅੰਤਮ ਵਿਦਾਈ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਮ ਦਰਸ਼ਨ ਲਈ ਭਾਜਪਾ ਮੁੱਖ ਦਫ਼ਤਰ 'ਚ ਰੱਖਿਆ ਗਿਆ ਸੀ। ਅਮਿਤ ਸ਼ਾਹ, ਰਾਜਨਾਥ ਸਿੰਘ ਸਮੇਤ ਕਈ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਜੇਟਲੀ ਨੇ ਸਨਿਚਰਵਾਰ ਦੁਪਹਿਰ 12:07 ਵਜੇ ਦਿੱਲੀ ਏਮਜ਼ 'ਚ ਅੰਤਮ ਸਾਹ ਲਏ। ਉਹ 66 ਸਾਲ ਦੇ ਸਨ। ਕਿਡਨੀ ਟਰਾਂਸਪਲਾਂਟ ਕਰਵਾ ਚੁੱਕੇ ਜੇਟਲੀ ਕੈਂਸਰ ਤੋਂ ਪੀੜਤ ਸਨ।

ਭਾਰਤ 'ਚ ਬ੍ਰਿਟਿਸ਼ ਹਾਈ ਕਮਿਸ਼ਨਰ ਸਰ ਡੋਮਿਨਿਕ ਏਸਿਕਵਿਥ ਜੇਟਲੀ ਦੀ ਅੰਤਮ ਯਾਤਰਾ 'ਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਜੇਟਲੀ ਬ੍ਰਿਟੇਨ 'ਚ ਵੀ ਕਾਫ਼ੀ ਪ੍ਰਸਿੱਧ ਹਨ। ਉਹ ਹਮੇਸ਼ਾ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੰਮ ਕਰਦੇ ਰਹੇ ਹਨ। ਇਸ ਤੋਂ ਪਹਿਲਾਂ ਸਨਿਚਰਵਾਰ ਨੂੰ ਜੇਟਲੀ ਦੇ ਘਰ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ, ਅਮਿਤ ਸ਼ਾਹ, ਰਾਜਨਾਥ ਸਿੰਘ, ਲਾਲ ਕ੍ਰਿਸ਼ਨ ਅਡਵਾਨੀ, ਮਨਮੋਹਨ ਸਿੰਘ, ਰਾਹੁਲ ਗਾਂਧੀ, ਸੋਨੀਆ ਗਾਂਧੀ, ਅਰਵਿੰਦ ਕੇਜਰੀਵਾਲ, ਡਾ. ਹਰਸ਼ਵਰਧਨ, ਚੰਦਰਬਾਬੂ ਨਾਇਡੂ ਸਮੇਤ ਕਈ ਆਗੂ ਸ਼ਰਧਾਂਜਲੀ ਦੇਣ ਪੁੱਜੇ ਸਨ।

ਜੇਟਲੀ ਦੀ ਚਿਖਾ ਨੂੰ ਉਨ੍ਹਾਂ ਦੇ ਬੇਟੇ ਰੋਹਨ ਨੇ ਮੁੱਖ ਅਗਨੀ ਦਿੱਤੀ। ਇਸ ਮੌਕੇ ਲੋਕ 'ਜੇਤਲੀ ਜੀ ਅਮਰ ਰਹਿਣ' ਦੇ ਨਾਅਰੇ ਲਗਾ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ੀ ਦੌਰੇ 'ਤੇ ਹੋਣ ਕਾਰਨ ਜੇਤਲੀ ਦੇ ਅੰਤਮ ਸੰਸਕਾਰ ਵਿਚ ਸ਼ਾਮਲ ਨਹੀਂ ਹੋ ਸਕੇ। ਮੋਦੀ ਨੇ ਜੇਤਲੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੰਗੀਤਾ ਅਤੇ ਬੇਟੇ ਰੋਹਨ ਨਾਲ ਫ਼ੋਨ 'ਤੇ ਗੱਲ ਕੀਤੀ ਸੀ। ਜੇਤਲੀ ਦੇ ਪਰਵਾਰ ਨੇ ਮੋਦੀ ਨੂੰ ਅਪੀਲ ਕੀਤੀ ਸੀ ਕਿ ਉਹ ਆਪਣਾ ਵਿਦੇਸ਼ੀ ਦੌਰਾ ਵਿਚਾਲੇ ਹੀ ਰੱਦ ਨਾ ਕਰਨ। 

ਜ਼ਿਕਰਯੋਗ ਹੈ ਕਿ 28 ਦਸੰਬਰ 1952 ਨੂੰ ਜੇਤਲੀ ਦਿੱਲੀ 'ਚ ਜਨਮੇ ਸਨ। ਬੀਤੀ 24 ਅਗਸਤ ਨੂੰ ਉਨ੍ਹਾਂ ਨੇ ਦਿੱਲੀ ਦੇ ਏਮਜ਼ 'ਚ ਆਖਰੀ ਸਾਹ ਲਿਆ। ਉਹ 66 ਸਾਲ ਦੇ ਸਨ। ਅਰੁਣ ਜੇਟਲੀ ਦੇ ਪਿਤਾ ਮਹਾਰਾਜ ਕਿਸ਼ਨ ਜੇਟਲੀ ਵੀ ਇਕ ਵਕੀਲ ਸਨ। ਉਨ੍ਹਾਂ ਦੀ ਮਾਂ ਦਾ ਨਾਂ ਰਤਨ ਪ੍ਰਭਾ ਸੀ। ਜੇਟਲੀ ਦੀ ਮੁਢਲੀ ਸਿੱਖਿਆ ਦਿੱਲੀ ਦੇ ਸੇਂਟ ਜ਼ੇਵੀਅਰਜ਼ ਸਕੂਲ 'ਚ 1957 ਤੋਂ 1969 ਦੌਰਾਨ ਹੋਈ।  ਉਨ੍ਹਾਂ 1973 'ਚ ਦਿੱਲੀ ਦੇ ਸ੍ਰੀ ਰਾਮ ਕਾਲਜ ਆਫ਼ ਕਾਮਰਸ ਤੋਂ ਬੀਕਾਮ ਕੀਤੀ। ਫਿਰ 1977 'ਚ ਦਿੱਲੀ ਯੂਨੀਵਰਸਿਟੀ ਤੋਂ ਐਲ.ਐਲ.ਬੀ. ਦੀ ਡਿਗਰੀ ਵੀ ਹਾਸਲ ਕੀਤੀ।

ਜੇਟਲੀ ਦਿੱਲੀ ਯੂਨੀਵਰਸਿਟੀ 'ਚ ਸਾਲ 1974 ਦੌਰਾਨ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP)  ਦੇ ਪ੍ਰਧਾਨ ਵੀ ਰਹੇ। 24 ਮਈ 1982 ਨੂੰ ਉਨ੍ਹਾਂ ਦਾ ਵਿਆਹ ਸੰਗੀਤਾ ਨਾਲ ਹੋਇਆ। ਉਨ੍ਹਾਂ ਦਾ ਬੇਟਾ ਰੋਹਨ ਅਤੇ ਬੇਟੀ ਸੋਨਾਲੀ ਹਨ। ਜੇਟਲੀ ਅਟਲ ਬਿਹਾਰੀ ਵਾਜਪਈ ਦੀ ਸਰਕਾਰ 'ਚ ਸੂਚਨਾ ਅਤੇ ਪ੍ਰਸਾਰਣ, ਕਾਨੂੰਨ, ਨਿਆਂ ਤੇ ਕੰਪਨੀ ਮਾਮਲਿਆਂ ਦੇ ਮੰਤਰੀ ਰਹੇ। 2014 'ਚ ਉਹ ਮੋਦੀ ਸਰਕਾਰ ਵਿਚ ਵਿੱਤ ਅਤੇ ਰੱਖਿਆ ਮੰਤਰੀ ਬਣੇ। ਉਨ੍ਹਾਂ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਵੀ ਸੰਭਾਲਿਆ।