GST ਦੀ 12 ਤੇ 18% ਦਰ ਦੇ ਰਲੇਵੇਂ ਤੋਂ ਬਾਅਦ ਇਹ ਦੋ ਦਰ ਵਾਲੀ ਪ੍ਰਣਾਲੀ ਬਣ ਸਕਦੀ ਹੈ : ਜੇਤਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕਿਹਾ - ਨਵੀਂ ਪ੍ਰਣਾਲੀ 'ਚ 20 ਸੂਬਿਆਂ ਦੇ ਮਾਲੀਆ 'ਚ ਪਹਿਲਾਂ ਹੀ 14 ਫ਼ੀ ਸਦੀ ਸਾਲਾਨਾ ਤੋਂ ਜ਼ਿਆਦਾ ਦਾ ਵਾਧਾ ਹੋ ਰਿਹਾ ਹੈ

GST may become two-tier tax with merger of 12%, 18% slabs: Arun Jaitley

ਨਵੀਂ ਦਿੱਲੀ : ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਸੋਮਵਾਰ ਨੂੰ ਕਿਹਾ ਕਿ ਵਸਤੂ ਅਤੇ ਸੇਵਾ ਟੈਕਸ (ਜੀਐਸਟੀ) ਦੇ ਮਾਲੀਆ 'ਚ ਸੁਧਾਰ ਹੋਣ ਦੀ ਹਾਲਤ 'ਚ ਅੱਗੇ ਚਲ ਕੇ 12 ਤੇ 18 ਫ਼ੀ ਸਦੀ ਦਰਾਂ ਨੂੰ ਮਿਲਾ ਕੇ ਇਕ ਕੀਤਾ ਜਾ ਸਕਦਾ ਹੈ। ਇਸ ਦੇ ਬਾਅਦ ਅਸਰਦਾਰ ਰੂਪ ਨਾਲ ਇਹ ਦੋ ਦਰਾਂ ਵਾਲੀ ਪ੍ਰਣਾਲੀ ਬਣ ਸਕਦੀ ਹੈ। ਦੇਸ਼ 'ਚ ਜੀਐਸਟੀ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ 'ਤੇ ਫ਼ੇਸਬੁੱਕ 'ਤੇ ਅਪਣੇ ਲੇਖ 'ਚ ਜੇਤਲੀ ਨੇ ਕਿਹਾ ਕਿ ਨਵੀਂ ਪ੍ਰਣਾਲੀ 'ਚ 20 ਸੂਬਿਆਂ ਦੇ ਮਾਲੀਆ 'ਚ ਪਹਿਲਾਂ ਹੀ 14 ਫ਼ੀ ਸਦੀ ਸਾਲਾਨਾ ਤੋਂ ਜ਼ਿਆਦਾ ਦਾ ਵਾਧਾ ਹੋ ਰਿਹਾ ਹੈ। ਇਸ ਨਾਲ ਇਨ੍ਹਾਂ ਸੂਬਿਆਂ ਨੂੰ ਕੇਂਦਰ ਤੋਂ ਮਾਲੀਆ ਘਾਟਾ ਪੂਰਤੀ ਦੀ ਜ਼ਰੂਰਤ ਨਹੀਂ ਹੈ।

ਭਾਜਪਾ ਨੇਤਾ ਅਰੁਣ ਜੇਤਲੀ ਨੇ ਸਿਹਤ ਕਾਰਨਾਂ ਕਰ ਕੇ ਨਵੀਂ ਸਰਕਾਰ 'ਚ ਕੋਈ ਜ਼ਿੰਮੇਵਾਰੀ ਨਹੀਂ ਲਈ ਹੈ। ਉਨ੍ਹਾਂ ਨੇ ਫ਼ੇਸਬੁੱਕ 'ਤੇ ਲਿਖਿਆ ਕਿ ਉਪਭੋਗਤਾਵਾਂ ਦੀਆਂ ਜ਼ਰੂਰਤਾਂ ਦਾ ਜ਼ਿਆਦਾਤਰ ਸਾਮਾਨ ਹੁਣ 18 ਤੇ 12 ਫ਼ੀ ਸਦੀ ਜਾਂ ਫਿਰ 5 ਫ਼ੀ ਸਦੀ ਤਕ ਦੀ ਦਰ ਅੰਦਰ ਲਿਆ ਦਿਤੇ ਗਏ ਹਨ। ਕੇਂਦਰੀ ਵਿੱਤ ਮੰਤਰੀ ਦੀ ਅਗਵਾਈ 'ਚ ਜੀਐਸਟੀ ਕੌਂਸਲ ਨੇ ਪਿਛਲੇ ਦੋ ਸਾਲ 'ਚ ਸਮੇਂ-ਸਮੇਂ 'ਤੇ ਵੱਖ-ਵੱਖ ਵਸਤੂਆਂ ਅਤੇ ਸੇਵਾਵਾਂ 'ਤੇ ਜੀਐਸਟੀ ਦਰਾਂ ਘੱਟ ਕਰਨ ਦਾ ਜਿਹੜਾ ਫ਼ੈਸਲਾ ਲਿਆ ਹੈ ਉਸ ਨਾਲ 90,000 ਕਰੋੜ ਰੁਪਏ ਦੇ ਮਾਲੀਆ ਦਾ ਤਿਆਗ ਕਰਨਾ ਪਿਆ ਹੈ।

ਉਨ੍ਹਾਂ ਨੇ ਲਿਖਿਆ ਕਿ ਹੁਣ ਸਿਰਫ ਲਗਜ਼ਰੀ ਚੀਜ਼ਾਂ ਅਤੇ ਕੁਝ ਨੁਕਸਾਨਦੇਹ ਵਸਤੂਆਂ 'ਤੇ ਹੀ ਜੀਐਸਟੀ  ਦੀ ਸਭ ਤੋਂ ਉੱਚੀ ਦਰ 28 ਫ਼ੀ ਸਦੀ ਲਾਗੂ ਹੈ। ਸਿਫਰ ਅਤੇ 5 ਫ਼ੀ ਸਦੀ ਦੀ ਦਰ ਹਮੇਸ਼ਾ ਬਣੀ ਰਹੇਗੀ। ਅੱਗੇ ਵੀ ਜੇਕਰ ਮਾਲੀਆ 'ਚ ਸੁਧਾਰ ਹੁੰਦਾ ਹੈ ਤਾਂ ਇਸ ਨਾਲ ਨੀਤੀ ਨਿਰਮਾਤਾਵਾਂ ਨੂੰ 12 ਫ਼ੀ ਸਦੀ ਤੇ 18 ਫ਼ੀ ਸਦੀ ਦੀਆਂ ਦਰਾਂ ਨੂੰ ਆਪਸ 'ਚ ਮਿਲਾ ਕੇ ਇਕ ਕਰਨ ਦਾ ਮੌਕਾ ਮਿਲ ਸਕਦਾ ਹੈ। ਇਹ ਕੰਮ ਮਾਲੀਆ 'ਚ ਵਾਧੇ ਨਾਲ ਹੋਲੀ-ਹੋਲੀ ਹੀ ਕੀਤਾ ਜਾ ਸਕਦਾ ਹੈ।

ਜੀਐਸਟੀ ਇਕ ਜੁਲਾਈ 2017 ਨੂੰ ਲਾਗੂ ਹੋਈ ਸੀ। ਪਹਿਲੇ ਵਿੱਤੀ ਸਾਲ ਦੇ 8 ਮਹੀਨਿਆਂ 'ਚ ਜੀਐਸਟੀ  ਦੀ ਔਸਤ ਪ੍ਰਾਪਤੀ ਪ੍ਰਤੀ ਮਹੀਨਾ 89,700 ਕਰੋੜ ਰੁਪਏ ਰਹੀ। ਸਾਲ 2018-19 'ਚ ਇਹ ਔਸਤਨ 10 ਫ਼ੀ ਸਦੀ ਵਧ ਕੇ 97,100 ਕਰੋੜ ਰੁਪਏ ਮਹੀਨਾਵਾਰ ਪਹੁੰਚ ਗਈ। ਜੀਐਸਟੀ 'ਚ ਕੇਂਦਰ ਅਤੇ ਸੂਬਾ ਸਰਕਾਰਾਂ 'ਚ ਲੱਗਣ ਵਾਲੇ 17 ਟੈਕਸਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਅਪ੍ਰਤੱਖ ਟੈਕਸ ਦੀ ਵਿਵਸਥਾ ਨੂੰ 1 ਜੁਲਾਈ 2017 ਨੂੰ ਲਾਗੂ ਕੀਤਾ ਗਿਆ ਹੈ। ਇਸ ਵਿਚ ਫ਼ਿਲਹਾਲ 4 ਦਰਾਂ 5, 12, 18 ਅਤੇ 28 ਫ਼ੀ ਸਦੀ ਹਨ। ਸਭ ਤੋਂ ਉੱਚੀ ਦਰ 'ਚ ਸ਼ਾਮਲ ਵਸਤੂਆਂ 'ਚ ਵਾਹਨਾਂ, ਲਗਜ਼ਰੀ ਸਾਮਾਨ ਤੇ ਨੁਕਸਾਨਦਾਇਕ ਵਸਤੂਆਂ 'ਤੇ 28 ਫ਼ੀ ਸਦੀ ਤੋਂ ਉੱਪਰ ਟੈਕਸ ਲਗਾਇਆ ਜਾਂਦਾ ਹੈ।