Vande Bharat Mission ਲਈ ਸਰਕਾਰ ਨੇ ਜਾਰੀ ਕੀਤੇ ਨਵੇਂ ਨਿਯਮ, ਜਾਣੋ ਕੀ-ਕੀ ਹੋਏ ਬਦਲਾਅ ?
ਕੇਂਦਰ ਸਰਕਾਰ ਨੇ ਵੰਦੇ ਭਾਰਤ ਮਿਸ਼ਨ ਜ਼ਰੀਏ ਚਲਾਈਆਂ ਜਾ ਰਹੀਆਂ ਖ਼ਾਸ ਉਡਾਣਾਂ ਲਈ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ ਜਾਰੀ ਕਰ ਦਿੱਤਾ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਵੰਦੇ ਭਾਰਤ ਮਿਸ਼ਨ ਜ਼ਰੀਏ ਚਲਾਈਆਂ ਜਾ ਰਹੀਆਂ ਖ਼ਾਸ ਉਡਾਣਾਂ ਲਈ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ ਜਾਰੀ ਕਰ ਦਿੱਤਾ ਹੈ। ਕੇਂਦਰੀ ਸਿਵਲ ਹਵਾਬਾਜ਼ੀ ਮੰਤਰਾਲੇ ਦੀ ਗਾਈਡਲਾਈਨ ਮੁਤਾਬਕ ਹਵਾਈ ਯਾਤਰੀਆਂ ਨੂੰ ਅਪਣਾ ਖਰਚਾ ਖੁਦ ਹੀ ਭਰਨਾ ਹੋਵੇਗਾ। ਨਵੇਂ ਨਿਯਮ ਮੁਤਾਬਕ ਬੋਰਡਿੰਗ ਸਮੇਂ ਸਾਰੇ ਯਾਤਰੀਆਂ ਨੂੰ ਥਰਮਲ ਸਕਰੀਨਿੰਗ ਵਿਚੋਂ ਗੁਜ਼ਰਨਾ ਹੋਵੇਗਾ।
ਇਸ ਦੇ ਨਾਲ ਹੀ ਸਿਰਫ਼ ਬਿਨਾਂ ਲੱਛਣ ਵਾਲੇ ਯਾਤਰੀਆਂ ਨੂੰ ਯਾਤਰਾ ਦੀ ਮਨਜ਼ੂਰੀ ਦਿੱਤੀ ਗਈ ਹੈ। ਯਾਤਰਾ ਕਰਨ ਵਾਲੇ ਵਿਅਕਤੀਆਂ ਦੀ ਕੈਟੇਗਰੀ ਨੂੰ ਸਮੇਂ-ਸਮੇਂ ‘ਤੇ ਗ੍ਰਹਿ ਮੰਤਰਾਲੇ ਵੱਲੋਂ ਮਨਜ਼ੂਰੀ ਦਿੱਤੀ ਜਾਵੇਗੀ। ਸਿਵਲ ਹਵਾਬਾਜ਼ੀ ਮੰਤਰਾਲੇ ਅਪਣੀ ਵੈੱਬਸਾਈਟ ‘ਤੇ ਭਾਰਤ ਤੋਂ ਬਾਹਰ ਯਾਤਰਾ ਕਰਨ ਲਈ ਵਿਅਕਤੀਆਂ ਦੀ ਸ਼੍ਰੇਣੀ ਪ੍ਰਦਰਸ਼ਿਤ ਕਰੇਗਾ। ਯਾਤਰਾ ਦੌਰਾਨ ਮਾਸਕ ਪਹਿਨਣਾ ਅਤੇ ਸਫ਼ਾਈ ਆਦਿ ਦਾ ਪੂਰਾ ਧਿਆਨ ਰੱਖਿਆ ਜਾਵੇਗਾ।
ਦਿਸ਼ਾ-ਨਿਰਦੇਸ਼ਾਂ ਅਨੁਸਾਰ, ‘ਵੰਦੇ ਭਾਰਤ ਉਡਾਨਾਂ ਦੇ ਯਾਤਰੀਆਂ ਨੂੰ ਵਿਦੇਸ਼ ਵਿਚ ਭਾਰਤੀ ਮਿਸ਼ਨਾਂ ਦੇ ਨਾਲ ਖੁਦ ਨੂੰ ਰਜਿਸਟਰ ਕਰਨਾ ਹੋਵੇਗਾ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਵਿਦੇਸ਼ ਵਿਚ ਫਸੇ 11,23,000 ਭਾਰਤੀਆਂ ਨੂੰ ਵੰਦੇ ਭਾਰਤ ਮਿਸ਼ਨ ਤਹਿਤ ਭਾਰਤ ਲਿਆਂਦਾ ਗਿਆ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਵੰਦੇ ਭਾਰਤ ਮਿਸ਼ਨ ਤਹਿਤ ਚੱਲ ਰਹੇ ਪੜਾਅ 5 ਵਿਚ 22 ਵੱਖ-ਵੱਖ ਦੇਸ਼ਾਂ ਤੋਂ ਹੁਣ ਤੱਕ 500 ਅੰਤਰਰਾਸ਼ਟਰੀ ਉਡਾਨਾਂ ਅਤੇ 130 ਘਰੇਲੂ ਫੀਡਰ ਸੰਚਾਲਤ ਕੀਤੀਆਂ ਗਈਆਂ ਹਨ। ਐਸਓਪੀ ਦੇ ਤਹਿਤ ਸਾਰੇ ਯਾਤਰੀਆਂ ਦੀ ਪੂਰੀ ਜਾਣਕਾਰੀ ਸਬੰਧਤ ਸੂਬਿਆਂ ਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਸਾਂਝੀ ਕੀਤੀ ਜਾਵੇਗੀ।
ਦੱਸ ਦਈਏ ਕਿ ਦੇਸ਼ ਭਰ ਵਿਚ ਕੋਰੋਨਾ ਵਾਇਰਸ ਲੌਕਡਾਊਨ ਦੇ ਚਲਦਿਆਂ ਦੇਸ਼-ਵਿਦੇਸ਼ ਵਿਚ ਫਸੇ ਲੋਕਾਂ ਲਈ ਵੰਦੇ ਭਾਰਤ ਮਿਸ਼ਨ ਚਲਾਇਆ ਗਿਆ ਹੈ। ਇਸ ਦੇ ਤਹਿਤ ਕਾਫੀ ਗਿਣਤੀ ਵਿਚ ਭਾਰਤੀਆਂ ਦੀ ਵਤਨ ਵਾਪਸੀ ਹੋਈ ਹੈ।