ਰਾਹੁਲ ਗਾਂਧੀ ਦਾ ਸਰਕਾਰ 'ਤੇ ਨਿਸ਼ਾਨਾ, ਮਹਿੰਗਾ ਪਟਰੌਲ, ਵਧਦੇ ਦਾਮ, ਲੋਕਾਂ ਨੂੰ ਲੁੱਟੇ ਸਰਕਾਰ ਸ਼ਰੇਆਮ!
ਟਵੀਟ ਜ਼ਰੀਏ ਸਰਕਾਰ 'ਤੇ ਕਰੋਨਾ ਕਾਲ ਦੇ ਝੰਬੇ ਲੋਕਾਂ ਨੂੰ ਲੁੱਟਣ ਦੇ ਲਾਏ ਦੋਸ਼
ਨਵੀਂ ਦਿੱਲੀ : ਦੇਸ਼ ਅੰਦਰ ਵਧਦੀਆਂ ਪਟਰੌਲ ਕੀਮਤਾਂ ਅਤੇ ਮਹਿੰਗਾਈ ਨੂੰ ਲੈ ਕੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸਰਕਾਰ 'ਤੇ ਨਿਸ਼ਾਨਾ ਲਾਉਂਦਿਆਂ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੌਰਾਨ ਜਦੋਂ ਲੋਕਾਂ ਨੂੰ ਰੁਜ਼ਗਾਰ ਅਤੇ ਕਾਰੋਬਾਰੀ ਦਿੱਕਤਾਂ ਕਾਰਨ ਮਾਇਕੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਜਿਹੇ ਸਮੇਂ ਸਰਕਾਰ ਤੇਲ ਕੀਮਤਾਂ 'ਚ ਵਾਧਾ ਕਰ ਕੇ ਲੋਕਾਂ ਨੂੰ ਲੁੱਟਣ 'ਤੇ ਲੱਗੀ ਹੋਈ ਹੈ। ਇਸ ਸਬੰਧੀ ਮੰਗਲਵਾਰ ਨੂੰ ਜਾਰੀ ਟਵੀਟ 'ਚ ਰਾਹੁਲ ਗਾਂਧੀ ਨੇ ਲਿਖਿਆ ਹੈ, ''ਮਹਿੰਗਾ ਪਟਰੌਲ ਅਤੇ ਵਧਦੇ ਦਾਮ, ਜਨਤਾ ਨੂੰ ਲੁੱਟੇ ਸਰਕਾਰ ਸ਼ਰੇਆਮ''।
ਕਾਬਲੇਗੌਰ ਹੈ ਕਿ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਰਮਿਆਨ ਮੋਦੀ ਸਰਕਾਰ ਵਲੋਂ ਤੇਲ ਕੀਮਤਾਂ 'ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਮੰਗਲਵਾਰ ਨੂੰ ਵੀ ਪਟਰੌਲ ਦੇ ਮੁੱਲ ਵਿਚ ਵਾਧਾ ਦਰਜ ਕੀਤਾ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪਟਰੌਲ ਦੀ ਕੀਮਤ ਪ੍ਰਤੀ ਲਿਟਰ 11 ਪੈਸੇ ਵੱਧ ਕੇ 81.73 ਰੁਪਏ ਤਕ ਪਹੁੰਚ ਗਈ ਹੈ।
ਪਿਛਲੇ ਇਕ ਹਫ਼ਤੇ ਦੌਰਾਨ ਪਟਰੌਲ ਦੇ ਮੁੱਲ 'ਚ ਰੋਜ਼ਾਨਾ ਵਾਧੇ ਦਾ ਰੁਝਾਨ ਜਾਰੀ ਹੈ। ਹਰ ਰੋਜ਼ ਕੁੱਝ ਨਾ ਕੁੱਝ ਮੁੱਲ ਵਧਦਾ ਹੀ ਹੈ। ਪਿਛਲੇ ਦਸ ਦਿਨਾਂ 'ਚ ਪਟਰੌਲ ਦੀਆਂ ਕੀਮਤਾਂ 'ਚ 9 ਵਾਰ ਵਾਧਾ ਕੀਤਾ ਗਿਆ ਹੈ। ਦਿੱਲੀ ਵਿਚ ਪਿਛਲੇ ਦਸ ਦਿਨਾਂ ਦੌਰਾਨ ਪਟਰੌਲ ਦੀਆਂ ਕੀਮਤਾਂ 'ਚ 1 ਰੁਪਏ 30 ਪੈਸੇ ਤਕ ਵਾਧਾ ਹੋ ਚੁੱਕਾ ਹੈ। ਹਾਲਾਂਕਿ ਪਿਛਲੇ ਸਮੇਂ ਤੋਂ ਡੀਜ਼ਲ ਦੀਆਂ ਕੀਮਤਾਂ ਸਥਿਰ ਬਣੀਆਂ ਹੋਈਆਂ ਹਨ।
ਮੰਗਲਵਾਰ ਦੇ ਅੰਕੜੀਆਂ ਮੁਤਾਬਕ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪਟਰੋਲ ਦੀ ਕੀਮਤ ਵੱਧ ਕੇ ਕ੍ਰਮਵਾਰ 81.73 ਰੁਪਏ, 83.24 ਰੁਪਏ, 88.39 ਰੁਪਏ ਅਤੇ 84. 73 ਰੁਪਏ ਪ੍ਰਤੀ ਲਿਟਰ ਤਕ ਪਹੁੰਚ ਚੁੱਕੀ ਹੈ। ਜਦੋਂ ਕਿ ਇਨ੍ਹਾਂ ਸ਼ਹਿਰਾਂ ਵਿਚ ਡੀਜ਼ਲ ਦੀ ਕੀਮਤ ਕ੍ਰਮਵਾਰ 73.56 ਰੁਪਏ, 77.06 ਰੁਪਏ, 80.11 ਰੁਪਏ ਅਤੇ 78.86 ਰੁਪਏ ਪ੍ਰਤੀ ਲਿਟਰ 'ਤੇ ਟਿੱਕੀ ਹੋਈ ਹੈ।
ਕਾਂਗਰਸੀ ਨੇਤਾ ਰਾਹੁਲ ਗਾਂਧੀ ਵਲੋਂ ਲਗਾਤਾਰ ਕੋਰੋਨਾ ਸੰਕਟ ਅਤੇ ਰੁਜ਼ਗਾਰ ਦੇ ਮਸਲੇ 'ਤੇ ਮੋਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਕਾਂਗਰਸ ਵਲੋਂ ਬੀਤੇ ਦਿਨਾਂ ਦੌਰਾਨ ਰੁਜ਼ਗਾਰ ਦੇ ਮਸਲੇ 'ਤੇ ਆਨਲਾਇਨ ਮੁਹਿੰਮ ਵੀ ਚਲਾਈ ਗਈ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਰਾਹੁਲ ਗਾਂਧੀ ਨੇ ਟਵੀਟ ਕਰ ਲਿਖਿਆ ਸੀ ਕਿ 1 ਨੌਕਰੀ, 1000 ਬੇਰੁਜ਼ਗਾਰ, ਕੀ ਕਰ ਦਿਤਾ ਦੇਸ਼ ਦਾ ਹਾਲ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵੀ ਪਹਿਲਾਂ ਹੀ ਚਿਤਾਵਨੀ ਦੇ ਦਿਤੀ ਗਈ ਸੀ। ਬੀਤੇ ਸਮੇਂ ਦੌਰਾਨ ਉਹ ਰੁਜ਼ਗਾਰ ਮੁੱਦੇ 'ਤੇ ਵੀ ਸਰਕਾਰ ਨੂੰ ਚਿਤਾਵਨੀ ਦੇ ਚੁੱਕੇ ਹਨ। ਉਨ੍ਹਾਂ ਦਾ ਦੋਸ਼ ਸੀ ਕਿ ਸਰਕਾਰ ਉਨ੍ਹਾਂ ਦੀ ਗੱਲ ਵੱਲ ਧਿਆਨ ਨਾ ਦੇ ਕੇ ਗ਼ਲਤੀ ਕਰ ਰਹੀ ਹੈ। ਰਾਹੁਲ ਗਾਂਧੀ ਦੀਆਂ ਕਹੀਆਂ ਕਈ ਗੱਲਾਂ ਸੱਚ ਸਾਬਤ ਹੋਣ ਬਾਅਦ ਹੁਣ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ।
ਕਾਬਲੇਗੌਰ ਹੈ ਕਿ ਰਾਹੁਲ ਗਾਂਧੀ ਨੇ ਤੇਲ ਕੀਮਤਾਂ, ਬੇਰੁਜ਼ਗਾਰੀ ਅਤੇ ਕਰੋਨਾ ਵਾਇਰਸ ਦੇ ਵਾਧੇ ਸਬੰਧੀ ਸਰਕਾਰ ਨੂੰ ਪਹਿਲਾਂ ਹੀ ਚਿਤਾਵਨੀ ਦੇਣ ਦੇ ਨਾਲ-ਨਾਲ ਚੀਨ ਨਾਲ ਵਾਪਰੇ ਸਰਹੱਦੀ ਵਿਵਾਦ ਮੌਕੇ ਦੀ ਚੀਨ ਵਲੋਂ ਭਾਰਤੀ ਜ਼ਮੀਨ 'ਤੇ ਕਬਜ਼ੇ ਸਬੰਧੀ ਦੋਸ਼ ਲਾਏ ਗਏ ਸਨ। ਉਦੋਂ ਉਨ੍ਹਾਂ ਦੇ ਇਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਨਕਾਰ ਦਿਤਾ ਗਿਆ ਸੀ। ਹੁਣ ਗਲਵਾਨ ਘਾਟੀ 'ਚ ਝੜਪ ਵਾਲੇ ਸਥਾਨ ਤੋਂ ਚੀਨ ਦੇ ਪਿੱਛੇ ਨਾ ਹਟਣ ਸਬੰਧੀ ਖ਼ਬਰਾਂ ਆ ਰਹੀਆਂ ਹਨ। ਜਿਸ ਤੋਂ ਬਾਅਦ ਸਰਕਾਰ ਦੇ ਦਾਅਵਿਆਂ ਅਤੇ ਰਾਹੁਲ ਗਾਂਧੀ ਦੇ ਕਹੇ ਬੋਲਾਂ ਵਿਚਲੇ ਫ਼ਰਕ ਨੂੰ ਲੈ ਕੇ ਬਹਿਸ਼ ਛਿੜ ਪਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।