ਮਨੋਹਰ ਲਾਲ ਖੱਟਰ ਅੱਜ ਸ਼ਾਮੀਂ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣਾ 'ਚ ਭਾਰਤੀ ਜਨਤਾ ਪਾਰਟੀ ਹੁਣ ਸੱਤ ਆਜ਼ਾਦ ਵਿਧਾਇਕਾਂ, ਇੰਡੀਅਨ ਨੈਸ਼ਨਲ ਲੋਕ ਦਲ (INLD) ਦੇ ਵਿਧਾਇਕ ਅਭੇ ਚੌਟਾਲਾ ਤੇ ਹਰਿਆਣਾ

Manohar lal khattar

ਨਵੀਂ ਦਿੱਲੀ : ਹਰਿਆਣਾ 'ਚ ਭਾਰਤੀ ਜਨਤਾ ਪਾਰਟੀ ਹੁਣ ਸੱਤ ਆਜ਼ਾਦ ਵਿਧਾਇਕਾਂ, ਇੰਡੀਅਨ ਨੈਸ਼ਨਲ ਲੋਕ ਦਲ (INLD) ਦੇ ਵਿਧਾਇਕ ਅਭੇ ਚੌਟਾਲਾ ਤੇ ਹਰਿਆਣਾ ਲੋਕ–ਹਿਤ ਪਾਰਟੀ (HLP) ਦੇ ਵਿਧਾਇਕ ਗੋਪਾਲ ਕਾਂਡਾ ਦੀ ਮਦਦ ਨਾਲ ਸਰਕਾਰ ਬਣਾਉਣ ਦੀਆਂ ਤਿਆਰੀਆਂ ਕਰ ਰਹੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪਹਿਲਾਂ ਹੀ ਦਿੱਲੀ 'ਚ ਹਨ ਤੇ ਆਜ਼ਾਦ ਵਿਧਾਇਕਾਂ, ਅਭੇ ਚੋਟਾਲਾ ਤੇ ਗੋਪਾਲ ਕਾਂਡਾ ਨਾਲ ਉਨ੍ਹਾਂ ਦੀ ਹਮਾਇਤ ਲੈਣ ਬਾਰੇ ਵਿਚਾਰ–ਵਟਾਂਦਰੇ ਕਰ ਰਹੇ ਹਨ। ਭਾਜਪਾ ਦੇ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਖੱਟਰ ਅੱਜ ਹੀ ਸਰਕਾਰ ਬਣਾਉਣ ਲਈ ਆਪਣਾ ਦਾਅਵਾ ਪੇਸ਼ ਕਰਨ ਲਈ ਰਾਜਪਾਲ ਨੂੰ ਮਿਲਣਗੇ।

ਅੱਜ ਸ਼ਾਮ ਤੱਕ ਉਨ੍ਹਾਂ ਵੱਲੋਂ ਸਹੁੰ ਚੁੱਕ ਲੈਣ ਦੀ ਸੰਭਾਵਨਾ ਹੈ।ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਇਸ ਵਾਰ ਸਿਰਫ਼ 40 ਸੀਟਾਂ ਹੀ ਮਿਲ ਸਕੀਆਂ ਹਨ ਤੇ ਉਹ ਸਰਕਾਰ ਬਣਾਉਣ ਦੀ ਹਾਲਤ ਵਿੱਚ ਨਹੀਂ ਹੈ। ਕਿਸੇ ਵੀ ਪਾਰਟੀ ਨੂੰ ਇਸ ਸੂਬੇ 'ਚ ਸਰਕਾਰ ਬਣਾਉਣ ਲਈ 46 ਵਿਧਾਇਕਾਂ ਦੀ ਹਮਾਇਤ ਚਾਹੀਦੀ ਹੁੰਦੀ ਹੈ। ਪੰਜ ਆਜ਼ਾਦ ਵਿਧਾਇਕ – ਸੋਮਬੀਰ ਸਾਂਗਵਾਨ (ਦਾਦਰੀ), ਬਲਰਾਜ ਕੁੰਡੂ (ਮਹਿਮ), ਧਰਮਪਾਲ ਗੌਂਡਰ (ਨੀਲੋਖੇੜੀ), ਨੈਨ ਪਾਲ ਰਾਵਤ (ਪ੍ਰਿਥਲਾ) ਅਤੇ ਰਣਧੀਰ ਗੋਲਣ (ਪੁੰਡਰੀ) ਦਰਅਸਲ ਭਾਜਪਾ ਦੇ ਹੀ ਬਾਗ਼ੀ ਹਨ, ਜਿਹੜੇ ਆਜ਼ਾਦ ਉਮੀਦਵਾਰਾਂ ਵਜੋਂ ਚੁਣ ਲੜੇ ਹਨ। ਬਾਕੀ ਦੇ ਦੋ ਆਜ਼ਾਦ ਵਿਧਾਇਕ ਹਨ ਰਣਜੀਤ ਸਿੰਘ (ਰਾਣੀਆ) ਜੋ ਦੇਸ਼ ਦੇ ਸਾਬਕਾ ਉੱਪ–ਪ੍ਰਧਾਨ ਮੰਤਰੀ ਦੇਵੀ ਲਾਲ ਦੇ ਪੁੱਤਰ ਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਛੋਟੇ ਭਰਾ ਹਨ। ਸੱਤਵੇਂ ਵਿਧਾਇਕ ਹਨ ਬਾਦਸ਼ਾਹਪੁਰ ਤੋਂ ਚੁਣੇ ਗਏ ਰਾਕੇਸ਼ ਦੌਲਤਾਬਾਦ।

ਅੱਜ ਸ਼ੁੱਕਰਵਾਰ ਨੂੰ ਇਨ੍ਹਾਂ ਸੱਤ ਵਿਧਾਇਕਾਂ ਵੱਲੋਂ ਆਪਣੀ ਹਮਾਇਤ ਦੀਆਂ ਚਿੱਠੀਆਂ ਭਾਜਪਾ ਨੂੰ ਦੇਣ ਦੀ ਆਸ ਹੈ।ਦਾਦਰੀ ਤੋਂ ਆਜ਼ਾਦ ਵਿਧਾਇਕ ਸੋਮਬੀਰ ਸਾਂਗਵਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਅੱਜ ਮੁੱਖ ਮੰਤਰੀ ਨੂੰ ਮਿਲ ਕੇ ਭਾਜਪਾ ਨੂੰ ਆਪਣੀ ਹਮਾਇਤ ਦੇਣਗੇ। ਦਰਅਸਲ, ਸਿਰਸਾ ਤੋਂ MP (ਸੰਸਦ ਮੈਂਬਰ) ਸੁਨੀਤਾ ਦੁੱਗਲ ਨੇ ਗੋਪਾਲ ਕਾਂਡਾ ਅਤੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਨਾਲ ਮੀਟਿੰਗ ਕਰਵਾਈ ਸੀ। ਸੁਨੀਤਾ ਦੁੱਗਲ ਨੇ ਹੀ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬਹੁਤੇ ਆਜ਼ਾਦ ਵਿਧਾਇਕ ਅੱਜ ਭਾਜਪਾ ਨੂੰ ਹਮਾਇਤ ਦੇ ਰਹੇ ਹਨ। ਸ੍ਰੀ ਗੋਪਾਲ ਕਾਂਡਾ ਨੇ ਵੀ ਇਸ ਦੀ ਪੁਸ਼ਟੀ ਕੀਤੀ।

ਉੱਧਰ ਜਨਨਾਇਕ ਜਨਤਾ ਪਾਰਟੀ (JJP) ਦੇ ਲੀਡਰ ਦੁਸ਼ਯੰਤ ਚੌਟਾਲਾ, ਜਿਨ੍ਹਾਂ ਦੀ ਪਾਰਟੀ ਨੇ 10 ਸੀਟਾਂ ਜਿੱਤੀਆਂ ਹਨ, ਨੇ ਦੱਸਿਆ ਕਿ ਉਹ ਅੱਜ ਸ਼ੁੱਕਰਵਾਰ ਨੂੰ ਹੀ ਫ਼ੈਸਲਾ ਕਰਨਗੇ ਕਿ ਉਨ੍ਹਾਂ ਨੇ ਭਾਜਪਾ ਨੂੰ ਆਪਣੀ ਹਮਾਇਤ ਦੇਣੀ ਹੈ ਜਾਂ ਨਹੀਂ। ਉਂਝ ਹੁਣ ਭਾਜਪਾ ਨੂੰ JJP ਦੀ ਹਮਾਇਤ ਦੀ ਲੋੜ ਤਾਂ ਨਹੀਂ ਪਰ ਜੇ ਉਸ ਨੂੰ JJP ਦੀ ਹਮਾਇਤ ਵੀ ਮਿਲ ਜਾਂਦੀ ਹੈ, ਤਾਂ ਉਸ ਲਈ ਭਵਿੱਖ ’ਚ ਸਾਰੇ ਰਾਹ ਕਾਫ਼ੀ ਹੱਦ ਤੱਕ ਪੱਧਰੇ ਹੋ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।