ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਲਈ ਤਿਆਰੀਆਂ ਸ਼ੁਰੂ, 70 ਮੈਂਬਰੀ ਉੱਚ ਪੱਧਰੀ ਕਮੇਟੀ ਦਾ ਗਠਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ, ਯੋਗੀ, ਖੱਟੜ, ਸੀਐਮ ਕੈਪਟਨ, ਡਾ. ਮਨਮੋਹਨ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਕਮੇਟੀ 'ਚ ਸ਼ਾਮਲ

Centre forms 70-member panel to commemorate 400th anniversary of Guru Teg Bahadur

ਨਵੀਂ ਦਿੱਲੀ: ਕੇਂਦਰ ਸਰਕਾਰ ਨੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਵਾਂ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ। ਅਗਲੇ ਸਾਲ 1 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਗੁਰਪੁਰਬ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ 70 ਮੈਂਬਰੀ ਉੱਚ-ਪੱਧਰੀ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਪ੍ਰਕਾਸ਼ ਪੁਰਬ ਨਾਲ ਸਬੰਧਤ ਹਰ ਤਰ੍ਹਾਂ ਦੇ ਫੈਸਲੇ ਲਵੇਗੀ।

ਸੀਨੀਅਰ ਅਧਿਕਾਰੀਆਂ ਅਨੁਸਾਰ, ਕਮੇਟੀ ਦੇ ਕਾਰਜਾਂ ਵਿਚ ਨਿਗਰਾਨੀ ਅਤੇ ਦਿਸ਼ਾ ਤੋਂ ਇਲਾਵਾ ਸਮਾਰੋਹ ਦੀਆਂ ਨੀਤੀਆਂ, ਯੋਜਨਾਵਾਂ, ਸਮਾਰੋਹ ਨਾਲ ਸਬੰਧਤ ਸਮੁੱਚੇ ਪ੍ਰੋਗਰਾਮ ਦੀਆਂ ਵਿਸਥਾਰਤ ਤਰੀਕਾਂ ਨਿਰਧਾਰਤ ਕਰਨਾ ਸ਼ਾਮਲ ਹੈ। ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੀ ਕਮੇਟੀ ਵਿਚ ਸ਼ਾਮਲ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਨਿਰਮਲਾ ਸੀਤਾਰਮਨ, ਹਰਦੀਪ ਸਿੰਘ ਪੁਰੀ ਨੂੰ ਵੀ ਇਸ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ, ਬਿਹਾਰ ਦੇ ਸੀਐਮ ਨਿਤੀਸ਼ ਕੁਮਾਰ, ਉਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿੱਤਿਆਨਾਥ, ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ, ਤਾਮਿਲਨਾਡੂ ਦੇ ਸੀਐਮ ਪਲਾਨੀਸਵਾਮੀ, ਮਹਾਰਾਸ਼ਟਰ ਦੇ ਸੀਐਮ ਉਧਵ ਠਾਕਰੇ, ਉਤਰਾਖੰਡ ਦੇ ਸੀਐਮ ਤ੍ਰਿਵੇਂਦਰ ਰਾਵਤ, ਹਿਮਾਚਲ ਪ੍ਰਦੇਸ਼ ਦੇ ਸੀਐਮ ਜੈਰਾਮ ਠਾਕੁਰ, ਓਡੀਸ਼ਾ ਦੇ ਸੀਐਮ ਨਵੀਨ ਪਟਨਾਇਕ ਅਤੇ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ, ਸੰਨੀ ਦਿਓਲ, ਕਿਰਨ ਖੇਰ ਵੀ ਕਮੇਟੀ ਦਾ ਹਿੱਸਾ ਹੋਣਗੇ।

ਹੋਰ ਪ੍ਰਮੁੱਖ ਮੈਂਬਰਾਂ ਵਿਚ ਲੋਕ ਸਭਾ ਸਪੀਕਰ ਓਮ ਬਿਰਲਾ, ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸੇਵਾਮੁਕਤ ਆਰਮੀ ਚੀਫ ਜਨਰਲ ਜੇ ਜੇ ਸਿੰਘ, ਸੇਵਾਮੁਕਤ ਸਾਬਕਾ ਏਅਰਫੋਰਸ ਚੀਫ਼ ਵਰਿੰਦਰ ਸਿੰਘ ਧਨੋਆ, ਓਲੰਪਿਕ ਖਿਡਾਰੀ ਮਿਲਖਾ ਸਿੰਘ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਇਸ ਕਮੇਟੀ ਦੇ ਮੈਂਬਰ ਸਕੱਤਰ ਹੋਣਗੇ।