ਦੀਵਾਲੀ ਦੀ ਰਾਤ ਹਾਦਸਾ: ਦੀਵੇ ਨਾਲ ਬੱਸ ’ਚ ਲੱਗੀ ਭਿਆਨਕ ਅੱਗ, ਡਰਾਈਵਰ ਤੇ ਕੰਡਕਟਰ ਜ਼ਿੰਦਾ ਸੜੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਣਕਾਰੀ ਮੁਤਾਬਕ ਦੀਵਾਲੀ ਦੀ ਰਾਤ ਡਰਾਈਵਰ ਅਤੇ ਕੰਡਕਟਰ ਨੇ ਬੱਸ ਦੀ ਪੂਜਾ ਕੀਤੀ ਅਤੇ ਬੱਸ ਵਿਚ ਮਿੱਟੀ ਦਾ ਦੀਵਾ ਜਗਾਇਆ ਗਿਆ

Driver-conductor charred to death in Jharkhand as bus catches fire

 

ਰਾਂਚੀ: ਦੀਵਾਲੀ ਮੌਕੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ ਇਕ ਭਿਆਨਕ ਹਾਦਸਾ ਵਾਪਰਿਆ ਹੈ। ਦਰਅਸਲ ਦੀਵਾਲੀ ਦੇ ਦੀਵੇ ਕਾਰਨ ਬੱਸ ਵਿਚ ਭਿਆਨਕ ਅੱਗ ਲੱਗ ਗਈ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਬੱਸ ਦਾ ਡਰਾਈਵਰ ਅਤੇ ਕੰਡਕਟਰ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸੜਦੀ ਹੋਈ ਬੱਸ ਵਿਚ ਜ਼ਿੰਦਾ ਸੜ ਗਏ। ਉਹਨਾਂ ਨੂੰ ਭੱਜਣ ਦਾ ਮੌਕਾ ਵੀ ਨਹੀਂ ਮਿਲਿਆ।

ਇਹ ਹਾਦਸਾ ਰਾਂਚੀ ਦੇ ਖਡਗੜ੍ਹਾ ਬੱਸ ਸਟੈਂਡ 'ਤੇ ਵਾਪਰਿਆ। ਜਾਣਕਾਰੀ ਮੁਤਾਬਕ ਦੀਵਾਲੀ ਦੀ ਰਾਤ ਡਰਾਈਵਰ ਅਤੇ ਕੰਡਕਟਰ ਨੇ ਬੱਸ ਦੀ ਪੂਜਾ ਕੀਤੀ ਅਤੇ ਬੱਸ ਵਿਚ ਮਿੱਟੀ ਦਾ ਦੀਵਾ ਜਗਾਇਆ ਗਿਆ। ਇਸ ਤੋਂ ਬਾਅਦ ਡਰਾਈਵਰ ਅਤੇ ਕੰਡਕਟਰ ਰਾਤ ਨੂੰ ਬੱਸ ਵਿਚ ਹੀ ਸੌਂ ਗਏ। ਇਸ ਦੌਰਾਨ ਬੱਸ ਨੂੰ ਅੱਗ ਕਿਵੇਂ ਲੱਗੀ ਇਹ ਪਤਾ ਨਹੀਂ ਲੱਗ ਸਕਿਆ ਹੈ।

ਇਸ ਤੋਂ ਪਹਿਲਾਂ ਕਿ ਦੋਵੇਂ ਬੱਸ ਵਿਚੋਂ ਨਿਕਲਦੇ, ਬੱਸ ਵਿਚ ਅੱਗ ਲੱਗ ਗਈ। ਦੀਵਾਲੀ ਦੀ ਰਾਤ ਹੋਣ ਕਾਰਨ ਬੱਸ ਸਟੈਂਡ ’ਤੇ ਭੀੜ ਘੱਟ ਸੀ। ਬੱਸਾਂ ਦੀ ਗਿਣਤੀ ਵੀ ਘੱਟ ਸੀ। ਬੱਸ ਸਟੈਂਡ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਰਾਤ ਇਕ- ਡੇਢ ਵਜੇ ਦੇ ਦਰਮਿਆਨ ਵਾਪਰਿਆ। ਜਦੋਂ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ ਤਾਂ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ। ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ ਗਿਆ। ਇਸ ਤੋਂ ਬਾਅਦ ਪਤਾ ਲੱਗਾ ਕਿ ਬੱਸ ਵਿਚ ਸਵਾਰ ਦੋ ਲੋਕ ਜ਼ਿੰਦਾ ਸੜ ਗਏ ਹਨ।

ਪੁਲਿਸ ਮੁਤਾਬਕ ਜਿਸ ਬੱਸ 'ਚ ਹਾਦਸਾ ਹੋਇਆ ਹੈ, ਉਸ ਦਾ ਨਾਂਅ ਮੂਨਲਾਈਟ ਦੱਸਿਆ ਗਿਆ ਹੈ। ਡਰਾਈਵਰ ਦਾ ਨਾਂਅ ਮਦਨ ਅਤੇ ਕੰਡਕਟਰ ਦਾ ਨਾਂਅ ਇਬਰਾਹਿਮ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਹਾਦਸੇ ਬਾਰੇ ਮ੍ਰਿਤਕਾਂ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਹੈ। ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਰਾਂਚੀ ਰਿਮਸ ਭੇਜ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਹਾਦਸਾ ਕਿਵੇਂ ਵਾਪਰਿਆ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ।