ਅਯੁੱਧਿਆ 'ਚ ਸ਼੍ਰੀ ਰਾਮਚੰਦਰ ਦੇ 221 ਮੀਟਰ ਉਚੇ ਬੁੱਤ ਦੀ ਸਥਾਪਨਾ 'ਤੇ ਬਣੀ ਸਹਿਮਤੀ
ਮੁਖ ਮੰਤਰੀ ਯੋਗੀ ਆਦਿੱਤਯਨਾਥ ਦੀ ਅਗਵਾਈ ਵਿਚ ਅਯੁੱਧਿਆ ਵਿਖੇ ਸ਼੍ਰੀ ਰਾਮਚੰਦਰ ਦੇ 221 ਮੀਟਰ ਉੱਚੇ ਬੁੱਤ ਨੂੰ ਸਥਾਪਿਤ ਕੀਤਾ ਜਾਵੇਗਾ।
ਲਖਨਊ , ( ਭਾਸ਼ਾ ) : ਵਿਸ਼ਵ ਹਿੰਦੂ ਪਰਿਸ਼ਦ ਦੀ ਧਰਮਸਭਾ ਵਿਚ ਰਾਮ ਮੰਦਰ ਉਸਾਰੀ ਦੀ ਤਰੀਕ 'ਤੇ ਸੰਤ ਸਮਾਜ ਦੇ ਫੈਸਲੇ ਤੋਂ ਪਹਿਲਾਂ ਮੁਖ ਮੰਤਰੀ ਯੋਗੀ ਆਦਿੱਤਯਨਾਥ ਦੀ ਅਗਵਾਈ ਵਿਚ ਅਯੁੱਧਿਆ ਵਿਖੇ ਸ਼੍ਰੀ ਰਾਮਚੰਦਰ ਦੇ 221 ਮੀਟਰ ਉੱਚੇ ਬੁੱਤ ਨੂੰ ਸਥਾਪਿਤ ਕੀਤਾ ਜਾਵੇਗਾ। ਇਹ ਬੱਤ ਦੁਨੀਆ ਦਾ ਸੱਭ ਤੋਂ ਉਚਾ ਬੁੱਤ ਹੋਵੇਗਾ। ਮੁਖ ਮੰਤਰੀ ਯੋਗੀ ਆਦਿੱਤਯਨਾਥ ਨੇ ਅਪਣੇ ਮੱਧ ਪ੍ਰਦੇਸ਼ ਦੌਰੇ ਦੌਰਾਨ ਜਨਤਕ ਰੈਲੀਆਂ ਵਿਚ ਸੰਬੋਧਨ ਕਰਨ ਤੋਂ ਬਾਅਦ ਅਪਣੇ ਘਰ ਵਿਚ ਨਵੀਂ ਅਯੁੱਧਿਆ ਪਰਿਯੋਜਨਾ ਅਧੀਨ ਲੱਗਣ ਵਾਲੇ ਇਸ ਬੁੱਤ ਦੀ ਪੇਸ਼ਕਾਰੀ ਦੇਖੀ।
ਇਸ ਵਿਚ 5 ਆਰਕੀਟੈਕਚਰ ਫਰਮਾਂ ਨੇ ਅਪਣੀ ਕਾਰਜਯੋਜਨਾ ਰੱਖੀ। ਪ੍ਰਸਤਾਵਿਤ ਬੁੱਤ ਦੀ ਊਂਚਾਈ 151 ਮੀਟਰ ਅਤੇ ਇਸ ਦਾ ਪੈਡੇਸਟਲ 50 ਮੀਟਰ ਦਾ ਹੋਵੇਗਾ। ਬੁੱਤ ਦਾ ਛਤਰ 20 ਮੀਟਰ ਦਾ ਹੋਵੇਗਾ। ਬੁੱਤ ਦੀ ਕੁਲ ਊਂਚਾਈ 221 ਮੀਟਰ ਹੋਵੇਗੀ। ਗੁਜਰਾਤ ਵਿਚ ਸਰਦਾਰ ਪਟੇਲ ਦੇ ਬੁੱਤ ਨੂੰ ਬਣਾਉਣ ਵਾਲੇ ਕਲਾਕਾਰ ਰਾਮ ਸੁਤਾਰ ਵੀ ਬੁੱਤ ਦੀ ਪੇਸ਼ਕਾਰੀ ਦੌਰਾਨ ਮੌਜੂਦ ਸਨ। ਬੁੱਤ ਦੇ 50 ਮੀਟਰ ਦੇ ਪੈਡੇਸਟਲ ਨੂੰ ਅਜਾਇਬ ਘਰ ਸਮੇਤ ਹੋਰਨਾਂ ਜਨਤਕ ਸਹੂਲਤਾਂ ਲਈ ਵਰਤਿਆ ਜਾਵੇਗਾ। ਸ਼੍ਰੀ ਰਾਮਚੰਦਰ ਇਕਸ਼ਵਾਕੂ ਵੰਸ਼ ਵਿਚ ਪੈਦਾ ਹੋਏ ਸਨ।
ਇਸ ਲਈ ਅਜਾਇਬ ਘਰ ਵਿਚ ਇਕਸ਼ਵਾਕੂ ਵੰਸ਼ ਦੀ ਪੂਰੀ ਵੰਸ਼ਾਵਲੀ ਅਤੇ ਉਨ੍ਹਾਂ ਦੀਆਂ ਖਾਸਅਤੀਆਂ ਦਾ ਪੂਰਾ ਵੇਰਵਾ ਦਿਖਾਇਆ ਜਾਵੇਗਾ। ਇਸ ਵਿਚ ਰਾਜਾ ਮਨੂੰ ਤੋ ਲੈ ਕੇ ਮੌਜੂਦਾ ਸਮੇਂ ਤੱਕ ਰਾਮ ਜਨਮਭੂਮੀ ਦਾ ਇਤਿਹਾਸ ਅਤੇ ਸ਼੍ਰੀ ਵਿਸ਼ਣੂ ਦੇ ਦਸ ਅਵਤਾਰਾਂ ਨੂੰ ਵੀ ਦਿਖਾਇਆ ਜਾਵੇਗਾ। ਇਸ ਦੇ ਲਈ ਥ੍ਰੀ ਡੀ ਤਕਨੀਕ, ਆਡਿਓ-ਵਿਜ਼ਉਲ ਦੀ ਆਧੁਨਿਕ ਤਕਨੀਕ ਸਮੇਤ ਹੋਰਨਾਂ ਸਾਧਨਾਂ ਦੀ ਵੀ ਵਰਤੋਂ ਕੀਤੀ ਜਾਵੇਗੀ।
ਪੈਡੇਟਸਲ ਵਿਖੇ ਆਰਾਮ ਘਰ, ਟਿਕਟ ਕਾਉਂਟਰ ਸਮੇਤ ਹੋਰਨਾਂ ਸਹੂਲਤਾਂ ਵੀ ਵਿਕਸਤ ਕੀਤੀਆਂ ਜਾਣਗੀਆਂ। ਸਰਯੂ ਤੱਟ 'ਤੇ ਲੱਗਣ ਵਾਲੇ ਇਸ ਬੁੱਤ ਦੇ ਲਈ ਜ਼ਮੀਨ ਦੀ ਚੋਣ ਕਰਨ ਲਈ ਮਿੱਟੀ ਦੀ ਜਾਂਚ ਸਮਤੇ ਹੋਰਨਾਂ ਲੋੜਾਂ ਸਬੰਧੀ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਪੇਸ਼ਕਾਰੀ ਦੌਰਾਨ ਵਧੀਕ ਮੁਖ ਸਕੱਤਰ ਸੈਰ ਸਪਾਟਾ ਅਵਨੀਸ਼ ਕੁਮਾਰ ਅਵਸਥੀ ਵੀ ਮੌਜੂਦ ਸਨ।