ਮਨਮੋਹਨ ਸਿੰਘ ਨੇ ਅਹਿਮਦ ਪਟੇਲ ਦੀ ਪਤਨੀ ਨੂੰ ਲਿਖੀ ਚਿੱਠੀ, ਪਟੇਲ ਦੀ ਮੌਤ 'ਤੇ ਜ਼ਾਹਿਰ ਕੀਤਾ ਦੁੱਖ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਤੇ ਕਾਂਗਰਸ ਨੇ ਇਕ ਚੰਗੇ ਨੇਤਾ ਨੂੰ ਗੁਆ ਦਿੱਤਾ- ਮਨਮੋਹਨ ਸਿੰਘ

Dr. Manmohan Singh writes letter to Smt. Memoona Ahmed

ਨਵੀਂ ਦਿੱਲੀ: ਸੀਨੀਅਰ ਕਾਂਗਰਸ ਨੇਤਾ ਅਹਿਮਦ ਪਟੇਲ ਦੀ ਮੌਤ ਤੋਂ ਬਾਅਦ ਕਾਂਗਰਸ ਵਿਚ ਸੋਗ ਦੀ ਲਹਿਰ ਹੈ। ਉਹਨਾਂ ਦੀ ਮੌਤ ਤੋਂ ਬਾਅਦ ਦੇਸ਼ ਦੇ ਕਈ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਅਹਿਮਦ ਪਟੇਲ ਦੀ ਪਤਨੀ ਮੇਮੂਨਾ ਪਟੇਲ ਦੇ ਨਾਂਅ ਇਕ ਚਿੱਠੀ ਲਿਖੀ ਤੇ ਦੁੱਖ ਜ਼ਾਹਿਰ ਕੀਤਾ। 

ਸਾਬਕਾ ਪ੍ਰਧਾਨ ਮੰਤਰੀ ਨੇ ਚਿੱਠੀ ਵਿਚ ਲਿਖਿਆ, 'ਅਹਿਮਦ ਪਟੇਲ ਦੀ ਮੌਤ ਨਾਲ ਕਾਂਗਰਸ ਤੇ ਸਾਡੇ ਦੇਸ਼ ਨੇ ਇਕ ਬਹੁਤ ਚੰਗੇ ਨੇਤਾ ਨੂੰ ਖੋ ਦਿੱਤਾ ਹੈ, ਜੋ ਹਮੇਸ਼ਾਂ ਸਮਾਜ ਦੇ ਗਰੀਬ ਤੇ ਦਲਿਤ ਲੋਕਾਂ ਦੀ ਭਲਾਈ ਲਈ ਸੋਚਦੇ ਸੀ'। 

 

 

ਮਨਮੋਹਨ ਸਿੰਘ ਨੇ ਕਿਹਾ, 'ਉਹਨਾਂ ਦੇ ਗਿਆਨ ਦੀ ਤੁਲਨਾ ਕਿਸੇ ਨਾਲ ਵੀ ਨਹੀਂ ਕੀਤੀ ਜਾ ਸਕਦੀ ਹੈ। ਮੇਰੀ ਪਤਨੀ ਤੇ ਮੇਰੇ ਵੱਲੋਂ ਤੁਹਾਡੇ ਪਰਿਵਾਰ ਨੂੰ ਪੂਰੀ ਹਮਦਰਦੀ ਹੈ। ਸਾਡੀ ਅਰਦਾਸ ਹੈ ਕਿ ਈਸ਼ਵਰ ਤੁਹਾਨੂੰ ਇਸ ਦੁੱਖ ਦੀ ਘੜੀ ਵਿਚ ਭਾਣਾ ਮੰਨਣ ਦੀ ਸ਼ਕਤੀ ਦੇਵੇ'।

ਚਿੱਠੀ ਵਿਚ ਲਿਖਿਆ ਹੈ ਕਿ ਅਹਿਮਦ ਪਟੇਲ ਨੇ ਕਾਂਗਰਸ ਲਈ ਕਾਫ਼ੀ ਲੰਬੇ ਸਮੇਂ ਤੱਕ ਸੇਵਾ ਕੀਤੀ ਹੈ। ਲੋਕਾਂ ਵਿਚਕਾਰ ਉਹਨਾਂ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸੇ ਗੱਲ਼ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਲੋਕ ਸਭਾ ਲਈ ਤਿੰਨ ਵਾਰ ਚੁਣੇ ਗਏ। ਇਸ ਤੋਂ ਇਲਾਵਾ ਰਾਜ ਸਭਾ ਲਈ ਪੰਜ ਵਾਰ ਉਹਨਾਂ ਦੀ ਚੋਣ ਹੋਈ। ਦੱਸ ਦਈਏ ਕਿ ਅਹਿਮਦ ਪਟੇਲ ਅਪਣੇ ਪਿੱਛੇ ਪਤਨੀ ਮੇਮੂਨਾ ਪਟੇਲ, ਬੇਟਾ ਫੈਜ਼ਲ ਪਟੇਲ, ਬੇਟੀ ਮੁਮਤਾਜ ਪਟੇਲ ਨੂੰ ਛੱਡ ਗਏ ਹਨ।

ਅਹਿਮਦ ਪਟੇਲ 2001 ਤੋਂ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਸਨ। ਜਨਵਰੀ 1986 ਵਿਚ ਉਹ ਗੁਜਰਾਤ ਕਾਂਗਰਸ ਦੇ ਪ੍ਰਧਾਨ ਬਣੇ। 1977 ਤੋਂ 1982 ਤੱਕ ਯੂਥ ਕਾਂਗਗਰਸ ਕਮੇਟੀ ਦੇ ਮੁਖੀ ਰਹੇ। 1983 ਤੋਂ ਦਸੰਬਰ 1984 ਤੱਕ ਉਹ ਕਾਂਗਰਸ ਦੇ ਜੁਆਇੰਟ ਸਕੱਤਰ ਰਹੇ। ਬਾਅਦ ਵਿਚ ਉਹਨਾਂ ਨੂੰ ਕਾਂਗਰਸ ਦਾ ਖਜ਼ਾਨਚੀ ਬਣਾਇਆ ਗਿਆ ਸੀ।