ਮੁੱਖ ਮੰਤਰੀ ਕੁਮਾਰਸਵਾਮੀ ਦਾ ਵਿਵਾਦਤ ਵੀਡੀਓ ਵਾਇਰਲ, ਕਿਸੇ ਨੂੰ ਜਾਨੋਂ ਮਾਰਨ ਦਾ ਆਦੇਸ਼ ਦਿੰਦੇ ਸੁਣੇ
ਮੁੱਖ ਮੰਤਰੀ ਦੇ ਨੇੜਲੇ ਨੇਤਾਵਾਂ ਨੇ ਕਿਹਾ ਕਿ ਮੁੱਖ ਮੰਤਰੀ ਇਸ ਕਤਲ ਕਾਰਨ ਸਦਮੇ ਵਿਚ ਸਨ ਅਤੇ ਅਜਿਹਾ ਉਹਨਾਂ ਨੇ ਭਾਵਨਾਤਾਮਕ ਤੌਰ 'ਤੇ ਦੁਖੀ ਹੋਣ ਦੀ ਹਾਲਤ ਦੌਰਾਨ ਕੀਤਾ।
ਨਵੀਂ ਦਿੱਲੀ ,( ਪੀਟੀਆਈ) : ਕਰਨਾਟਕਾ ਦੇ ਮੁੱਖ ਮੰਤਰੀ ਕੁਮਾਰਸਵਾਮੀ ਇਕ ਵਾਰ ਫਿਰ ਤੋਂ ਵਿਵਾਦਾਂ ਵਿਚ ਘਿਰ ਗਏ ਹਨ। ਉਹਨਾਂ ਦਾ ਵੀਡੀਓ ਇਸ ਵਿਵਾਦ ਦਾ ਕਾਰਨ ਹੈ। ਇਸ ਵੀਡੀਓ ਵਿਚ ਉਹ ਇਕ ਵਿਅਕਤੀ ਨੂੰ ਬੇਰਹਿਮੀ ਨਾਲ ਮਾਰਨ ਦਾ ਹੁਕਮ ਦੇ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਹੁਕਮ ਉਹਨਾਂ ਨੇ ਜਨਤਾ ਦਲ ਸੈਕੂਲਰ ਦੇ ਇਕ ਸਥਾਨਕ ਨੇਤਾ ਦੇ ਕਤਲ ਤੋਂ ਬਾਅਦ ਕਿਸੇ ਪੁਲਿਸ ਅਧਿਕਾਰੀ ਨੂੰ ਦਿਤੇ ਹਨ। ਇਹ ਵੀਡੀਓ ਸਥਾਨਕ ਪੱਤਰਕਾਰ ਨੇ ਰਿਕਾਰਡ ਕੀਤੇ ਹਨ।
ਇਸ ਵਿਚ ਕੁਮਾਰਸਵਾਮੀ ਕਹਿ ਰਹੇ ਹਨ ਕਿ ਪ੍ਰਕਾਸ਼ ਇਕ ਵਧੀਆ ਆਦਮੀ ਸੀ। ਮੈਂ ਨਹੀਂ ਜਾਣਦਾ ਕਿ ਉਸ ਨੂੰ ਇਸ ਤਰ੍ਹਾਂ ਕਿਸ ਨੇ ਮਾਰਿਆ। ਉਸ ਦੇ ਕਾਤਲ ਨੂੰ ਬੇਰਹਿਮੀ ਨਾਲ ਮਾਰੋ। ਕੋਈ ਵਿਵਾਦ ਨਹੀਂ ਹੋਵੇਗਾ। ਬਾਅਦ ਵਿਚ ਮੁੱਖ ਮੰਤਰੀ ਦੇ ਨੇੜਲੇ ਨੇਤਾਵਾਂ ਨੇ ਕਿਹਾ ਕਿ ਮੁੱਖ ਮੰਤਰੀ ਇਸ ਕਤਲ ਕਾਰਨ ਸਦਮੇ ਵਿਚ ਸਨ ਅਤੇ ਅਜਿਹਾ ਉਹਨਾਂ ਨੇ ਭਾਵਨਾਤਾਮਕ ਤੌਰ 'ਤੇ ਦੁਖੀ ਹੋਣ ਦੀ ਹਾਲਤ ਦੌਰਾਨ ਕੀਤਾ।
ਬਾਅਦ ਵਿਚ ਮੁੱਖ ਮੰਤਰੀ ਕੁਮਾਰ ਸਵਾਸੀ ਵੱਲੋਂ ਵੀ ਕੁਝ ਅਜਿਹਾ ਹੀ ਸਪਸ਼ਟੀਕਰਨ ਦਿਤਾ। ਉਹਨਾਂ ਨੇ ਕਿਹਾ ਕਿ ਇਹ ਸੱਭ ਗੁੱਸੇ ਵਿਚ ਕਿਹਾ ਗਿਆ ਸੀ। ਮੁੱਖ ਮੰਤਰੀ ਦੇ ਤੌਰ 'ਤੇ ਮੈਂ ਕੋਈ ਹੁਕਮ ਨਹੀਂ ਦਿਤਾ। ਅਪਰਾਧੀਆਂ ਦੀ ਭਾਲ ਦੋ ਹੋਰਨਾਂ ਕਤਲ ਦੇ ਮਾਮਲਿਆਂ ਵਿਚ ਵੀ ਕੀਤੀ ਜਾ ਰਹੀ ਹੈ। ਉਹ ਜੇਲ੍ਹ ਵਿਚ ਸਨ ਅਤੇ ਹੁਣ ਉਹਨਾਂ ਨੇ ਇਕ ਹੋਰ ਵਿਅਕਤੀ ਨੂੰ ਮਾਰ ਦਿਤਾ ਹੈ।
ਦੱਸ ਦਈਏ ਕਿ ਜਨਤਾ ਦਲ ਸੈਕੂਲਰ ਦੇ ਨੇਤਾ ਪ੍ਰਕਾਸ਼ ਦਾ ਬੀਤੇ ਦਿਨ ਸ਼ਾਮ 4.30 ਵਜੇ ਦੱਖਣੀ ਕਰਨਾਟਕਾ ਦੇ ਮਾਂਡਯਾ ਵਿਖੇ ਕਤਲ ਕਰ ਦਿਤਾ ਗਿਆ ਸੀ। ਇਹ ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਬਦਮਾਸ਼ਾਂ ਨੇ ਪ੍ਰਕਾਸ਼ ਦਾ ਪਿੱਛਾ ਕੀਤਾ ਅਤੇ ਉਹਨਾਂ ਦੀ ਗੱਡੀ ਨੂੰ ਰੋਕ ਕੇ ਕੁਹਾੜੀ ਨਾਲ ਉਹਨਾਂ ਦਾ ਕਤਲ ਕਰ ਦਿਤਾ।