ਹੋਰ ਤੇਜ਼ ਹੋਇਆ ਸੰਘਰਸ਼! ਹਰਿਆਣਾ ‘ਚ ਕਿਸਾਨਾਂ ਨੇ ਫ਼ਰੀ ਕਰਵਾਏ ਟੋਲ ਪਲਾਜ਼ਾ
ਕਿਸਾਨਾਂ ਨੇ 25, 26 ਤੇ 27 ਤਰੀਕ ਲਈ ਟੋਲ ਫ੍ਰੀ ਕਰਵਾਉਣ ਦਾ ਕੀਤਾ ਸੀ ਐਲ਼ਾਨ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਹਰਿਆਣਾ ‘ਚ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਟੋਲ ਫਰੀ ਕਰਵਾਉਣ ਦਾ ਐਲ਼ਾਨ ਕੀਤਾ ਸੀ। ਇਸ ਦੇ ਚਲਦਿਆਂ ਕਿਸਾਨਾਂ ਨੇ ਸਵੇਰੇ 9 ਵਜੇ ਹੀ ਝੱਜਰ-ਰੋਹਤਕ ਨੈਸ਼ਨਲ ਹਾਈਵੇਅ ‘ਤੇ ਡੀਘਲ ਟੋਲ ਫਰੀ ਕਰਵਾ ਦਿੱਤਾ।
ਇਸ ਤੋਂ ਇਲ਼ਾਵਾ ਸੋਨੀਪਤ ਵਿਚ ਐਨਐਚ 44 ‘ਤੇ ਸਥਿਤ ਮੂਰਥਲ ਟੋਲ ਨੂੰ ਵੀ ਕਿਸਾਨਾਂ ਨੇ ਫਰੀ ਕਰਵਾ ਦਿੱਤਾ ਹੈ। ਟੋਲ ਫਰੀ ਹੋਣ ਤੋਂ ਬਾਅਦ ਕਿਸੇ ਵੀ ਵਾਹਨ ਤੋਂ ਪੈਸੇ ਨਹੀਂ ਲਏ ਗਏ। ਜੀਂਦ ਪਟਿਆਲਾ ਕੌਮੀ ਰਾਜ ਮਾਰਗ ’ਤੇ ਸਥਿਤ ਖਟਕੜ ਪਿੰਡ ਦੇ ਟੋਲ ਪਲਾਜ਼ਾ ਤੋਂ ਬੈਰੀਅਰ ਚੁਕਵਾ ਦਿੱਤਾ ਗਿਆ ਅਤੇ ਇੱਥੇ ਵੀ ਕਿਸੇ ਕੋਲੋਂ ਟੋਲ ਨਹੀਂ ਲਿਆ ਜਾ ਰਿਹਾ।
ਭਵਾਨੀ ਵਿਚ ਕਿਸਾਨਾਂ ਨੇ ਪਿੰਡ ਕੀਤਲਾਨਾ ਦੇ ਕੋਲ ਸਥਿਤ ਭਵਾਨੀ ਦਾਦਰੀ ਮੁੱਖ ਮਾਰਗ ਦੇ ਟੋਲ ਨੂੰ ਵੀ ਫਰੀ ਕਰਵਾ ਦਿੱਤਾ। ਕਿਸਾਨ ਟੋਲ ਪਲਾਜ਼ਾ ‘ਤੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਦੇ ਚਲਦਿਆਂ ਕਿਸਾਨ ਜਥੇਦੰਬੀਆਂ ਨੇ 25,26 ਤੇ 27 ਦਸੰਬਰ ਨੂੰ ਹਰਿਆਣਾ ਵਿਚ ਟੋਲ ਫਰੀ ਕਰਨ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੇ 30 ਵੇਂ ਦਿਨ ਵੀ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ 'ਤੇ ਡਟੇ ਹੋਏ ਹਨ।