ਕਾਂਗਰਸ ਤੇ ਅਕਾਲੀ-ਭਾਜਪਾ ਸਰਕਾਰਾਂ ਪੀਣ ਦਾ ਪਾਣੀ ਮੁਹੱਈਆ ਕਰਵਾਉਣ ‘ਚ ਹੋਈਆਂ ਫੇਲ੍ਹ ਸਾਬਤ: ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਧਰਾਂਗਵਾਲਾ ਵਿਚ ਜ਼ਮੀਨੀ ਪਾਣੀ ਵਿਚ ਵੱਧ ਯੂਰੇਨੀਅਮ ਦੀਆਂ ਰਿਪੋਰਟਾਂ ਤੋਂ ਬਾਅਦ ਪਿੰਡ ਵਿਚ...

Sukhpal Khaira

ਅਬੋਹਰ : ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਧਰਾਂਗਵਾਲਾ ਵਿਚ ਜ਼ਮੀਨੀ ਪਾਣੀ ਵਿਚ ਵੱਧ ਯੂਰੇਨੀਅਮ ਦੀਆਂ ਰਿਪੋਰਟਾਂ ਤੋਂ ਬਾਅਦ ਪਿੰਡ ਵਿਚ ਮੰਦਬੁੱਧੀ ਬੱਚਿਆਂ ਦੀ ਤਦਾਦ ਲਗਾਤਾਰ ਵੱਧ ਰਹੀ ਹੈ। ਜਿਸ ਦੀਆਂ ਖ਼ਬਰਾਂ ਨਸ਼ਰ ਹੋਣ ਤੋਂ ਬਾਅਦ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਅੱਜ ਵਿਸ਼ੇਸ਼ ਤੌਰ ‘ਤੇ ਪਿੰਡ ਧਰਾਂਗਵਾਲਾ ਵਿਚ ਮੰਦਬੁੱਧੀ ਬੱਚਿਆਂ ਦੀ ਸਾਰ ਲੈਣ ਪੁੱਜੇ ਅਤੇ ਉਨ੍ਹਾਂ ਦੇ ਪਰਵਾਰਾਂ ਦਾ ਦਰਦ ਸੁਣਿਆ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਡਾ.ਪ੍ਰੀਤਮ ਸਿੰਘ ਸਿੱਧੂ,

ਫਾਜ਼ਿਲਕਾ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ, ਬਠਿੰਡਾ ਜ਼ਿਲ੍ਹਾ ਪ੍ਰਧਾਨ ਦੀਪਕ ਬਾਂਸਲ, ਤਰਸੇਮ ਸਿੰਘ ਧਰਾਂਗਵਾਲਾ, ਸੁਰਿੰਦਰ ਸਿੰਘ, ਇਕਬਾਲ ਸਿੰਘ ਸੰਧੂ ਆਦਿ ਵਿਸ਼ੇਸ ਤੌਰ ਤੇ ਹਾਜ਼ਰ ਸਨ। ਧਰਾਂਗਵਾਲਾ ਪਿੰਡ ਵਿਚ ਪਰਵਾਰਾਂ ਨਾਲ ਘਰਾਂ ਵਿਚ ਗੱਲਬਾਤ ਕਰਨ ਤੋਂ ਬਾਅਦ ਪਿੰਡ ਦੀ ਸੱਥ ਵਿਚ ਇਕੱਠੇ ਹੋਏ ਸਾਰੇ ਪਰਵਾਰਾਂ ਦੇ ਇੱਕਲੇ ਇੱਕਲੇ ਮੰਦਬੁੱਧੀ ਬੱਚੇ ਨਾਲ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਉਕਤ ਕਾਰਨਾਂ ਬਾਬਤ ਜਾਣਕਾਰੀ ਲਈ।

ਇਸ ਦੌਰਾਨ ਪਿੰਡ ਵਾਸੀਆਂ ਨੇ ਸੁਖਪਾਲ ਖਹਿਰਾ ਨੂੰ ਦੱਸਿਆ ਕਿ ਪਿੰਡ ਦਾ ਆਰ.ਓ ਸਿਸਟਮ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਜਦ ਕਿ ਨਹਿਰੀ ਪਾਣੀ ਵੀ ਰਾਜਸੀ ਬਦਲਾਖੋਰੀ ਕਾਰਨ ਕਈ ਲੋਕਾਂ ਨੂੰ ਸਪਲਾਈ ਨਹੀਂ ਕੀਤਾ ਜਾਂਦਾ ਅਤੇ ਜ਼ਮੀਨੀ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਹੱਦੋ ਵੱਧ ਹੋਣ ਕਾਰਨ ਪਿੰਡ ਵਿਚ ਪੈਦਾ ਹੋਣ ਵਾਲੇ ਬੱਚਿਆਂ ਤੇ ਸਿੱਧਾ ਅਸਰ ਪੈ ਰਿਹਾ ਹੈ। ਜਿਸ ਕਾਰਨ ਬਹੁਤੇ ਬੱਚੇ ਅੱਖਾਂ ਦੀ ਬੀਮਾਰੀ, ਬੋਲਾਪਣ, ਸਰੀਰ ਕਮਜ਼ੋਰ ਹੋਣਾ, ਇਕ ਸਾਈਡ ਕੰਮ ਨਾ ਕਰਨਾ, ਸਰੀਰ ਦਾ ਪੂਰਾ ਵਿਕਸਿਤ ਨਾ ਹੋਣਾ,

ਚਮੜੀ ਦੇ ਰੋਗ, ਬੋਲਣ ਦੀ ਸਮੱਸਿਆ ਆਦਿ ਕਈ ਗੰਭੀਰ ਬੀਮਾਰੀਆਂ ਵਿਚ ਜਕੜੇ ਪਏ ਹਨ। ਇਸ ਤੋਂ ਇਲਾਵਾ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਨੇ ਪੂਰੇ ਅਬੋਹਰ ਸਬ ਡਿਵੀਜ਼ਨ ਵਿਚ ਪੈਰ ਪਸਾਰ ਰੱਖੇ ਹਨ। ਲੋਕਾਂ ਦਾ ਦਰਦ ਸੁਣਨ ਉਪਰੰਤ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਦੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਲੋਕਾਂ ਨੂੰ ਪੀਣ ਯੋਗ ਪਾਣੀ ਉਪਲੱਬਧ ਕਰਾਉਣ ਵਿਚ ਵੀ ਨਾਕਾਮ ਸਾਬਤ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਾਣੀ ਕਾਰਨ ਬੀਮਾਰੀਆਂ ਫੈਲਣੀਆਂ ਵੀ ਬਹੁਤ ਹੀ ਮੰਦਭਾਗਾ ਹੈ। ਜਿਸ ਬਾਬਤ ਉਹ ਪੂਰਾ ਮਾਮਲਾ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਮਿਲ ਕੇ ਉਨ੍ਹਾਂ ਦੇ ਧਿਆਨ ਵਿਚ ਲਿਆਉਣਗੇ ਅਤੇ ਉਕਤ ਪੀੜਤ ਪਰਿਵਾਰਾਂ ਨੂੰ ਵੱਧ ਤੋਂ ਵੱਧ ਸਹਾਇਤਾ ਕਰਵਾਉਣ ਦੀ ਕੋਸ਼ਿਸ ਕੀਤੀ ਜਾਵੇਗੀ। ਉਨ੍ਹਾਂ ਐਨ.ਆਰ.ਆਈ ਲੋਕਾਂ ਨੂੰ ਵੀ ਪੰਜਾਬ ਦੇ ਪਿੰਡਾਂ ਦੀ ਸਾਰ ਲੈਣ ਦੀ ਅਪੀਲ ਕੀਤੀ।