ਗਣਤੰਤਰ ਦਿਵਸ : ਜੰਮੂ-ਕਸ਼ਮੀਰ ਪੁਲਿਸ ਨੂੰ ਮਿਲੇ ਸੱਭ ਤੋਂ ਜ਼ਿਆਦਾ 108 ਬਹਾਦੁਰੀ ਦੇ ਤਮਗ਼ੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਿਨ੍ਹਾਂ ਹੋਰ ਬਲਾਂ ਨੂੰ ਪੁਲਿਸ ਬਹਾਦੁਰੀ ਪਦਕ (ਪੀ.ਐਮ.ਜੀ.) ਨਾਲ ਸਨਮਾਨਤ ਕੀਤਾ ਗਿਆ ਉਨ੍ਹਾਂ 'ਚ ਝਾਰਖੰਡ ਰਾਜ ਪੁਲਿਸ ਇਕਾਈ (33), ਓਡਿਸ਼ਾ (16), ਦਿੱਲੀ ਪੁਲਿਸ (12)...

File Photo

ਨਵੀਂ ਦਿੱਲੀ :  ਭਾਰਤ ਦੇ 71ਵੇਂ ਗਣਤੰਤਰ ਦਿਵਸ ਮੌਕੇ 108 ਤਮਗਿਆਂ ਨਾਲ ਜੰਮੂ-ਕਸ਼ਮੀਰ ਪੁਲਿਸ ਨੂੰ ਸੱਭ ਤੋਂ ਜ਼ਿਆਦਾ ਬਹਾਦੁਰੀ ਦੇ ਤਮਗੇ ਦਿਤੇ ਗਏ ਹਨ ਅਤੇ ਇਸ ਤੋਂ ਬਾਅਦ ਰਿਜ਼ਰਵ ਪੁਲਿਸ ਬਲ ਦਾ ਨੰਬਰ ਆਉਂਦਾ ਹੈ ਜਿਨ੍ਹਾਂ ਨੂੰ 76 ਤਮਗ਼ੇ ਮਿਲੇ ਹਨ।

ਇਹ ਜਾਣਕਾਰੀ ਸਨਿਚਰਵਾਰ ਨੂੰ ਜਾਰੀ ਇਕ ਬਿਆਨ 'ਚ ਦਿਤੀ ਗਈ। ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਪੁਲਿਸ ਕਸ਼ਮੀਰ ਵਾਦੀ 'ਚ ਅਤਿਵਾਦ ਰੋਕੂ ਮੁਹਿੰਮਾਂ 'ਚ ਲਗਾਤਾਰ ਸ਼ਾਮਲ ਰਹੀ ਹੈ ਅਤੇ ਇਸ ਨੂੰ ਮਿਲੇ ਕੁਲ 108 ਤਮਗ਼ਿਆਂ 'ਚੋਂ ਤਿੰਨ ਬਹਾਦੁਰੀ ਲਈ ਰਾਸ਼ਟਰਪਤੀ ਪੁਲਿਸ ਮੈਡਲ (ਪੀ.ਪੀ.ਐਮ.ਜੀ.) ਸ਼ਾਮਿਲ ਹਨ। ਇਸ ਵਾਰੀ ਚਾਰ ਪੀ.ਪੀ.ਐਮ.ਜੀ. ਦਾ ਐਲਾਨ ਹੋਇਆ ਹੈ ਜਿਨ੍ਹਾਂ 'ਚੋਂ ਤਿੰਨ ਜੰਮੂ-ਕਸ਼ਮੀਰ ਪੁਲਿਸ ਨੂੰ ਮਿਲਿਆ ਹੈ। ਇਕ ਹੋਰ ਤਮਗ਼ਾ ਕੇਂਦਰੀ ਰਿਜ਼ਰਵ ਪੁਲਿਸ ਬਲ ਨੂੰ (ਮੌਤ ਮਗਰੋਂ) ਮਿਲਿਆ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਗਣਤੰਤਰ ਦਿਵਸ ਤੋਂ ਪਹਿਲਾਂ ਐਲਾਨੇ 290 ਬਹਾਦੁਰੀ ਪੁਰਸਕਰਾਂ 'ਚੋਂ ਸੱਭ ਤੋਂ ਜ਼ਿਆਦਾ 108 ਤਮਗ਼ੇ ਜੰਮੂ-ਕਸ਼ਮੀਰ ਪੁਲਿਸ ਨੇ ਹਾਸਲ ਕੀਤੇ ਹਨ। ਸੁਰੱਖਿਆ ਅਦਾਰਿਆਂ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਹਾਲ ਦੇ ਸਮੇਂ 'ਚ ਕਿਸੇ ਪੁਲਿਸ ਬਲ ਵਲੋਂ ਜਿੱਤੇ ਗਏ ਬਹਾਦੁਰੀ ਤਮਗ਼ਿਆਂ ਦੀ ਇਹ ਸੱਭ ਤੋਂ ਜ਼ਿਆਦਾ ਗਿਣਤੀ ਹੈ। ਨਕਸਲ ਵਿਰੋਧੀ ਮੁਹਿੰਮਾਂ ਤੋਂ ਇਲਾਵਾ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ਼.) ਕੇਂਦਰ ਸ਼ਾਸਿਤ ਖੇਤਰ 'ਚ ਵੀ ਅਤਿਵਾਦ ਵਿਰੋਧੀ ਮੁਹਿੰਮਾਂ 'ਚ ਡਿਊਟੀ 'ਤੇ ਤੈਨਾਤ ਹੈ ਅਤੇ ਉਸ ਨੇ ਵੀ ਬਹਾਦੁਰੀ ਤਮਗ਼ਾ ਪਾਉਣ ਦੀ ਅਪਣੀ ਪਰੰਪਰਾ ਬਰਕਰਾਰ ਰੱਖੀ ਹੈ।

ਸੀ.ਆਰ.ਪੀ.ਐਫ਼. ਲਈ 75 ਪੀ.ਐਮ.ਜੀ. ਅਤੇ ਇਕ ਪੀ.ਪੀ.ਐਮ.ਜੀ. ਕੋਬਰਾ ਕਮਾਂਡੋ ਉਤਪਲ ਰਾਭਾ ਦਾ ਐਲਾਨ ਹੋਇਆ ਹੈ। ਰਾਭਾ ਜੂਨ 2018 'ਚ ਝਾਰਖੰਡ 'ਚ ਮਾਓਵਾਦੀਆਂ ਨਾਲ ਮੁਕਾਬਲ 'ਚ ਸ਼ਹੀਦ ਹੋ ਗਿਆ ਸੀ ਅਤੇ ਉਨ੍ਹਾਂ ਦੇ ਮਾਣ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਗੋਲੀਬਾਰੀ ਦੌਰਾਨ 'ਅਦੁੱਤੀ ਹਿੰਮਤ' ਦਾ ਪ੍ਰਗਟਾਵਾ ਕੀਤਾ।

ਜਿਨ੍ਹਾਂ ਹੋਰ ਬਲਾਂ ਨੂੰ ਪੁਲਿਸ ਬਹਾਦੁਰੀ ਪਦਕ (ਪੀ.ਐਮ.ਜੀ.) ਨਾਲ ਸਨਮਾਨਤ ਕੀਤਾ ਗਿਆ ਉਨ੍ਹਾਂ 'ਚ ਝਾਰਖੰਡ ਰਾਜ ਪੁਲਿਸ ਇਕਾਈ (33), ਓਡਿਸ਼ਾ (16), ਦਿੱਲੀ ਪੁਲਿਸ (12), ਮਹਾਂਰਾਸ਼ਟਰ (10), ਛੱਤਸਗੜ੍ਹ (8), ਬਿਹਾਰ (7), ਪੰਜਾਬ (4) ਅਤੇ ਮਣੀਪੁਰ (2) ਸ਼ਾਮਲ ਹਨ।

ਕੇਂਦਰੀ ਬਲਾਂ 'ਚ ਸੀਮਾ ਸੁਰੱਖਿਆ ਬਲ (ਬੀ.ਐਸ.ਐਫ਼.) ਨੂੰ 9 ਪੀ.ਐਮ.ਜੀ., ਹਥਿਆਰਬੰਦ ਸੀਮਾ ਬਲ (ਐਸ.ਐਸ.ਬੀ.) ਨੂੰ ਚਾਰ ਅਤੇ ਰੇਲਵੇ ਸੁਰੱਖਿਆ ਬਲ (ਆਰ.ਪੀ.ਐਫ਼.) ਨੂੰ ਇਕ ਤਮਗ਼ਾ ਮਿਲਿਆ ਹੈ। ਗਣਤੰਤਰ ਦਿਵਸ ਤੋਂ ਪਹਿਲਾਂ ਕੁਲ 1040 ਪੁਲਿਸ ਤਮਗ਼ਿਆਂ ਦਾ ਐਲਾਨ ਹੋਇਆ ਜਿਨ੍ਹਾਂ 'ਚ 93 ਵਿਸ਼ੇਸ਼ ਸੇਵਾ ਤਮਗ਼ੇ ਅਤੇ 657 ਅਦੁੱਤੀ ਸੇਵਾ ਤਮਗ਼ੇ ਸ਼ਾਮਲ ਹਨ। ਪੁਲਿਸ ਬਹਾਦੁਰੀ ਪੁਰਸਕਾਰਾਂ ਦਾ ਐਲਾਨ ਸਾਲ 'ਚ ਦੋ ਵਾਰੀ, ਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਕੀਤਾ ਜਾਂਦਾ ਹੈ।