ਬਲਬੀਰ ਰਾਜੇਵਾਲ ਨੇ ਟਰੈਕਟਰ ਪਰੇਡ ਤੋਂ ਪਹਿਲਾਂ ਨੌਜਵਾਨਾਂ ਨੂੰ ਦਿੱਤੀ ਹੱਲਾਸ਼ੇਰੀ
ਟਰੈਕਟਰ ਪਰੇਡ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਸਟੇਜ ਤੋਂ ਨੌਜਵਾਨਾਂ ਨੂੰ ਦਿੱਤਾ ਅਹਿਮ ਸੁਨੇਹਾ
ਨਵੀਂ ਦਿੱਲੀ: ਦੇਸ਼ ਨੇ 72ਵੇਂ ਗਣਤੰਤਰ ਦਿਵਸ ਮੌਕੇ ਦੇਸ਼ ਦੇ ਕਿਸਾਨ ਅੱਜ ਦਿੱਲੀ ਵਿਚ ਅਪਣੀ ਟਰੈਕਟਰ ਪਰੇਡ ਜ਼ਰੀਏ ਨਵਾਂ ਇਤਿਹਾਸ ਲਿਖਣ ਜਾ ਰਹੇ ਹਨ। ਕਿਸਾਨ ਟਰੈਕਟਰ ਪਰੇਡ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਡੀ ਇੱਛਾ ਹੈ ਕਿ ਸਾਰੇ ਕਿਸਾਨ ਅੰਦੋਲਨ ਜਿੱਤ ਕੇ ਖੁਸ਼ੀ-ਖੁਸ਼ੀ ਘਰ ਪਰਤਣ ਅਤੇ ਕਿਸੇ ਵੀ ਕਿਸਾਨ ਨੂੰ ਖਰੋਚ ਵੀ ਨਾ ਆਵੇ।
ਰਾਜੇਵਾਲ ਨੇ ਕਿਹਾ ਸਾਡੀ ਤੀਬਰ ਇੱਛਾ ਹੈ ਕਿ ਸਾਡੇ ਨੌਜਵਾਨ ਇੱਥੋਂ ਨਵਾਂ ਜੋਸ਼ ਲੈ ਕੇ ਵਾਪਸ ਘਰ ਪਰਤਣ। ਕਿਸਾਨ ਆਗੂ ਨੇ ਦੱਸਿਆ ਕਿ ਜਿਹੜੇ ਅੰਦੋਲਨ ਸ਼ਾਂਤਮਈ ਹੁੰਦੇ ਹਨ, ਉਹ 100 ਫੀਸਦੀ ਸਫਲ ਹੁੰਦੇ ਹਨ ਤੇ ਜਿੱਥੇ ਹਿੰਸਾ ਆ ਗਈ, ਉਹ ਅੰਦੋਲਨ ਹਮੇਸ਼ਾਂ ਫੇਲ੍ਹ ਹੁੰਦਾ ਹੈ। ਸੰਬੋਧਨ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਦੋਂ ਅਸੀਂ ‘ਦਿੱਲੀ ਚਲੋ’ ਦਾ ਹੌਕਾ ਦਿੱਤਾ ਸੀ ਤਾਂ ਸਾਡੀ ਯੋਜਨਾ ਸਿਰਫ ਦੋ ਦਿਨ ਲਈ ਦਿੱਲੀ ਆਉਣ ਦੀ ਸੀ।
ਸਰਕਾਰ ਨੇ ਸਾਨੂੰ ਰਾਮਲੀਲਾ ਮੈਦਾਨ ਵਿਚ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਤੇ ਸਾਨੂੰ ਇੱਥੇ ਹੀ ਰੋਕ ਲਿਆ। ਉਹਨਾਂ ਕਿਹਾ ਕਿਸਾਨ 2 ਮਹੀਨੇ ਤੋਂ ਬੈਠੇ ਹਨ ਤੇ ਇਹ ਅੰਦੋਲਨ ਹੁਣ ਦੁਨੀਆਂ ਭਰ ਦੇ ਇਤਿਹਾਸ ਵਿਚ ਦਰਜ ਹੋ ਚੁੱਕਿਆ ਹੈ। ਇਹ ਅੰਦੋਲਨ ਲੰਬਾ ਸਮਾਂ ਚੱਲਿਆ ਤੇ ਸ਼ਾਂਤਮਈ ਰਿਹਾ, ਇਸ ਵਿਚ ਵਿਸ਼ਵ ਪੱਧਰੀ ਲੋਕਾਂ ਦੀ ਸ਼ਮੂਲੀਅਤ ਰਹੀ।
ਉਹਨਾਂ ਕਿਹਾ ਫੈਸਲਾ ਤੁਸੀਂ ਕਰਨਾ ਹੈ, ਜੇ ਤੁਸੀਂ ਸ਼ਾਂਤਮਈ ਰਹੇ ਤਾਂ ਤੁਸੀਂ ਜਿੱਤੋਗੇ, ਜੇ ਹਿੰਸਕ ਹੋਏ ਤਾਂ ਮੋਦੀ ਜਿੱਤੇਗਾ। ਇਹ ਨੌਜਵਾਨਾਂ ਦੇ ਹੱਥ ਵਿਚ ਹੈ ਕਿ ਤੁਸੀਂ ਸ਼ਾਂਤਮਈ ਢੰਗ ਨਾਲ ਅਪਣੀ ਤਾਕਤ ਦਾ ਮੁਜ਼ਾਹਰਾ ਕਰਕੇ ਕਿਵੇਂ ਅੰਦੋਲਨ ਨੂੰ ਜਿੱਤਣਾ ਹੈ। ਕਿਸਾਨ ਆਗੂ ਨੇ ਕਿਹਾ ਸਰਕਾਰ ਹਾਰ ਚੁੱਕੀ ਹੈ ਪਰ ਸਰਕਾਰ ਨੂੰ ਤਸੱਲੀ ਨਹੀਂ।
ਉਹਨਾਂ ਕਿਹਾ ਅਸੀਂ ਸ਼ਾਂਤਮਈ ਢੰਗ ਨਾਲ ਦਿੱਲੀ ਦੇ ਵੱਖ-ਵੱਖ ਰਾਸਤਿਆਂ ‘ਤੇ ਟਰੈਕਟਰ ਪਰੇਡ ਕਰਾਂਗੇ ਤੇ ਵਾਪਸ ਆ ਕੇ ਇੱਥੇ ਹੀ ਬੈਠਾਂਗੇ, ਵਾਪਸ ਨਹੀਂ ਜਾਵਾਂਗੇ। ਉਹਨਾਂ ਕਿਹਾ ਇਸ ਤੋਂ ਬਾਅਦ ਪਹਿਲੀ ਫਰਵਰੀ ਨੂੰ ਬਜਟ ਵਾਲੇ ਦਿਨ ਸੰਸਦ ਵੱਲ ਪੈਦਲ ਮਾਰਚ ਕੱਢਿਆ ਜਾਵੇਗਾ। ਉਦੋਂ ਤੱਕ ਅੰਦੋਲਨ ਜਾਰੀ ਰਹੇਗਾ, ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲਏ ਜਾਂਦੇ। ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਇਸ ਇਮਤਿਹਾਨ ਦੀ ਘੜੀ ਵਿਚ ਸ਼ਾਂਤਮਈ ਰਹਿਣ ਤੇ ਗੁੰਮਰਾਹ ਨਾ ਹੋਣ ਲਈ ਅਪੀਲ ਕੀਤੀ।