ਗਣਤੰਤਰ ਦਿਵਸ ਮੌਕੇ ਦੇਖਣ ਨੂੰ ਮਿਲਿਆ ਆਕਰਸ਼ਕ ਨਜ਼ਾਰਾ, ਅਸਮਾਨ ਵਿਚ ਗਰਜੇ 75 ਏਅਰਕ੍ਰਾਫਟ
ਗਣਤੰਤਰ ਦਿਵਸ ਪਰੇਡ ਦੇ ਸ਼ਾਨਦਾਰ ਫਾਈਨਲ ਵਿਚ ਭਾਰਤੀ ਹਵਾਈ ਸੈਨਾ ਦੇ 75 ਜਹਾਜ਼ਾਂ ਨੇ ਫਲਾਈ ਪਾਸਟ ਕੀਤਾ।
ਨਵੀਂ ਦਿੱਲੀ: ਦੇਸ਼ ਅੱਜ ਆਪਣਾ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਆਯੋਜਿਤ ਮੁੱਖ ਸਮਾਗਮ ਖਿੱਚ ਦਾ ਕੇਂਦਰ ਰਿਹਾ ਪਰ ਇਸ ਵਾਰ ਦਿੱਲੀ ਦੇ ਰਾਜਪਥ 'ਤੇ ਹੋਣ ਵਾਲੇ ਇਸ ਪ੍ਰੋਗਰਾਮ ਦੀਆਂ ਰਵਾਇਤਾਂ 'ਚ ਕਈ ਬਦਲਾਅ ਕੀਤੇ ਗਏ ਹਨ। ਇੰਨਾ ਹੀ ਨਹੀਂ ਇਸ ਸ਼ਾਨਦਾਰ ਸਮਾਰੋਹ 'ਚ ਪਹਿਲੀ ਵਾਰ ਕੁਝ ਨਵੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ।
ਗਣਤੰਤਰ ਦਿਵਸ ਮੌਕੇ 17 ਜੈਗੁਆਰ ਜਹਾਜ਼ਾਂ ਨੇ ਅੰਮ੍ਰਿਤ ਫਾਰਮੇਸ਼ਨ ਵਿਚ 75 ਦਾ ਅੰਕੜਾ ਬਣਾਇਆ। ਇਸ ਮੌਕੇ 5 ਰਾਫੇਲ ਜਹਾਜ਼ਾਂ ਨੇ ਵੀ ਉਡਾਣ ਭਰੀ। ਗਣਤੰਤਰ ਦਿਵਸ ਪਰੇਡ ਦੇ ਸ਼ਾਨਦਾਰ ਫਾਈਨਲ ਵਿਚ ਭਾਰਤੀ ਹਵਾਈ ਸੈਨਾ ਦੇ 75 ਜਹਾਜ਼ਾਂ ਨੇ ਫਲਾਈ ਪਾਸਟ ਕੀਤਾ। ਇਸ ਦੌਰਾਨ ਅਸਮਾਨ 'ਚ ਰਾਫੇਲ ਤੋਂ ਲੈ ਕੇ ਜੈਗੁਆਰ ਤੱਕ ਦੀ ਦਹਾੜ ਦੇਖਣ ਨੂੰ ਮਿਲੀ।
ਰਾਫੇਲ, ਜੈਗੁਆਰ, ਸੁਖੋਈ, ਸਾਰੰਗ, ਅਪਾਚੇ, ਡਕੋਟਾ, ਐਮਆਈ-17, ਚਿਨੂਕ, ਡੌਰਨੀਅਰ, ਹਵਾਈ ਜਹਾਜ਼ ਫਲਾਈਪਾਸਟ ਵਿਚ ਸ਼ਾਮਲ ਸਨ। ਇਸ ਫਲਾਈਪਾਸਟ ਲਈ C-130J ਸੁਪਰ ਹਰਕਿਊਲਸ ਟਰਾਂਸਪੋਰਟ ਜਹਾਜ਼ ਨੇ ਵੀ ਉਡਾਣ ਭਰੀ। ਦੇਸ਼ ਦੀ ਪਹਿਲੀ ਮਹਿਲਾ ਰਾਫੇਲ ਜੈੱਟ ਪਾਇਲਟ ਫਲਾਈਟ ਲੈਫਟੀਨੈਂਟ ਸ਼ਿਵਾਂਗੀ ਸਿੰਘ ਨੇ ਗਣਤੰਤਰ ਦਿਵਸ ਪਰੇਡ ਦੀ ਝਾਂਕੀ ਵਿਚ ਹਿੱਸਾ ਲਿਆ।
Photo
ਸ਼ਿਵਾਂਗੀ ਭਾਰਤੀ ਹਵਾਈ ਸੈਨਾ ਦੀ ਝਾਂਕੀ ਦਾ ਹਿੱਸਾ ਬਣਨ ਵਾਲੀ ਦੂਜੀ ਮਹਿਲਾ ਲੜਾਕੂ ਜੈੱਟ ਪਾਇਲਟ ਹੈ। ਪਿਛਲੇ ਸਾਲ ਫਲਾਈਟ ਲੈਫਟੀਨੈਂਟ ਭਾਵਨਾ ਕਾਂਤ ਆਈਏਐਫ ਦੀ ਝਾਂਕੀ ਦਾ ਹਿੱਸਾ ਬਣਨ ਵਾਲੀ ਪਹਿਲੀ ਮਹਿਲਾ ਲੜਾਕੂ ਜੈੱਟ ਪਾਇਲਟ ਬਣ ਗਈ ਸੀ। ਸ਼ਿਵਾਂਗੀ ਸਿੰਘ ਬਨਾਰਸ ਦੇ ਰਹਿਣ ਵਾਲੇ ਹਨ। ਰਾਫੇਲ ਉਡਾਣ ਤੋਂ ਪਹਿਲਾਂ ਉਹ ਮਿਗ-21 ਬਾਇਸਨ ਜਹਾਜ਼ ਉਡਾ ਚੁੱਕੀ ਹੈ।