ਦੋ ਮਹੀਨਿਆਂ ਤੋਂ ਜਾਰੀ ਖੁਸ਼ਕ ਮੌਸਮ ਖ਼ਤਮ, ਪਹਾੜਾਂ ’ਤੇ ਹੋਈ ਹਲਕੀ ਬਰਫਬਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੌਸਮ ਵਿਗਿਆਨੀਆਂ ਨੇ 31 ਜਨਵਰੀ ਤਕ ਵਾਦੀ ’ਚ ਕੁੱਝ ਥਾਵਾਂ ’ਤੇ ਹਲਕੀ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ

Fresh snowfall in vally

ਸ਼੍ਰੀਨਗਰ: ਕਸ਼ਮੀਰ ਦੇ ਉੱਚੇ ਇਲਾਕਿਆਂ ’ਚ ਹਲਕੀ ਬਰਫਬਾਰੀ ਨਾਲ ਵਾਦੀ ’ਚ ਲਗਭਗ ਦੋ ਮਹੀਨੇ ਤੋਂ ਚੱਲ ਰਿਹਾ ਖੁਸ਼ਕ ਦੌਰ ਖਤਮ ਹੋ ਗਿਆ ਹੈ। ਵੀਰਵਾਰ ਰਾਤ ਤੋਂ ਵਾਦੀ ’ਚ ਘੱਟੋ-ਘੱਟ ਤਾਪਮਾਨ ’ਚ ਵਾਧਾ ਹੋ ਰਿਹਾ ਹੈ। ਮੌਸਮ ਵਿਗਿਆਨੀਆਂ ਨੇ 31 ਜਨਵਰੀ ਤਕ ਵਾਦੀ ’ਚ ਕੁੱਝ ਥਾਵਾਂ ’ਤੇ ਹਲਕੀ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ। 

ਅਧਿਕਾਰੀਆਂ ਨੇ ਦਸਿਆ ਕਿ ਵਾਦੀ ਦੇ ਗੁਲਮਰਗ, ਪਹਿਲਗਾਮ, ਸੋਨਮਰਗ, ਗੁਰੇਜ਼, ਮਾਛਿਲ, ਕਰਨਾਹ, ਦੁਧਪਥਰੀ ਅਤੇ ਸ਼ੋਪੀਆਂ ਇਲਾਕਿਆਂ ’ਚ ਬਰਫਬਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਸ੍ਰੀਨਗਰ ਸ਼ਹਿਰ ਦੇ ਕੁੱਝ ਹਿੱਸਿਆਂ ’ਚ ਹਲਕੀ ਬੂੰਦਾਬਾਂਦੀ ਹੋਈ ਪਰ ਸਵੇਰ ਤੋਂ ਬਾਅਦ ਚਮਕਦਾਰ ਧੁੱਪ ਆਈ। 

ਸ੍ਰੀਨਗਰ ਸ਼ਹਿਰ ’ਚ ਵੀਰਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ ਮਨਫ਼ੀ 0.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਦੇ ਮਨਫ਼ੀ 3.6 ਡਿਗਰੀ ਸੈਲਸੀਅਸ ਤੋਂ ਤਿੰਨ ਡਿਗਰੀ ਵੱਧ ਹੈ। ਅਧਿਕਾਰੀਆਂ ਨੇ ਦਸਿਆ ਕਿ ਦਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ’ਚ ਘੱਟੋ-ਘੱਟ ਤਾਪਮਾਨ -0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਖਣੀ ਕਸ਼ਮੀਰ ਦੇ ਕਾਜ਼ੀਗੁੰਡ ਸ਼ਹਿਰ ’ਚ ਘੱਟੋ-ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਉੱਤਰੀ ਕਸ਼ਮੀਰ ਦੇ ਗੁਲਮਰਗ ’ਚ ਘੱਟੋ-ਘੱਟ ਤਾਪਮਾਨ ਮਾਈਨਸ 3.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੋਕਰਨਾਗ ਸ਼ਹਿਰ ’ਚ ਘੱਟੋ-ਘੱਟ ਤਾਪਮਾਨ 0.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਕੁਪਵਾੜਾ ’ਚ ਘੱਟੋ-ਘੱਟ ਤਾਪਮਾਨ -2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਕਸ਼ਮੀਰ ਦੇ ਜ਼ਿਆਦਾਤਰ ਮੈਦਾਨੀ ਇਲਾਕਿਆਂ ’ਚ ਬਰਫਬਾਰੀ ਨਹੀਂ ਹੋਈ ਜਦਕਿ ਵਾਦੀ ਦੇ ਉਪਰਲੇ ਇਲਾਕਿਆਂ ’ਚ ਆਮ ਨਾਲੋਂ ਘੱਟ ਬਰਫਬਾਰੀ ਹੋਈ। 

ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਇਲਾਕਿਆਂ ’ਚ ਹਲਕੀ ਬਰਫਬਾਰੀ 

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ’ਚ ਸ਼ੁਕਰਵਾਰ ਨੂੰ ਹਲਕੀ ਬਰਫਬਾਰੀ ਹੋਈ, ਜਿਸ ਨਾਲ ਕੁੱਝ ਇਲਾਕਿਆਂ ’ਚ ਲੰਮੇ ਸਮੇਂ ਤੋਂ ਖੁਸ਼ਕ ਮੌਸਮ ਖਤਮ ਹੋ ਗਿਆ। ਸਥਾਨਕ ਮੌਸਮ ਵਿਭਾਗ ਮੁਤਾਬਕ ਚੰਬਾ ਜ਼ਿਲ੍ਹੇ ਦੇ ਭਰਮੌਰ ਅਤੇ ਪਾਂਗੀ ’ਚ ਕੁਲੂ ਜ਼ਿਲ੍ਹੇ ’ਚ ਅਟਲ ਸੁਰੰਗ ਦੇ ਉੱਤਰੀ ਪੋਰਟਲ ’ਤੇ ਹਲਕੀ ਬਰਫਬਾਰੀ ਹੋਈ। ਮੌਸਮ ਵਿਭਾਗ ਨੇ ਦਸਿਆ ਕਿ ਰੋਹਤਾਂਗ ਪਾਸ, ਬਰਾਲਾਚਾ ਪਾਸ, ਸ਼ਿਨਕੁਲਾ ਪਾਸ ਅਤੇ ਕੁੰਜ਼ੂਮ ਪਾਸ ’ਤੇ ਹਲਕੀ ਤੋਂ ਦਰਮਿਆਨੀ ਬਰਫਬਾਰੀ ਹੋਈ। 31 ਜਨਵਰੀ ਤਕ ਸੂਬੇ ਦੇ ਉੱਪਰੀ ਪਹਾੜੀਆਂ ਦੇ ਵੱਖ-ਵੱਖ ਇਲਾਕਿਆਂ ’ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ। 29 ਜਨਵਰੀ ਤਕ ਕੇਂਦਰੀ ਪਹਾੜੀਆਂ ’ਚ ਮੌਸਮ ਖੁਸ਼ਕ ਰਹੇਗਾ।  ਸਥਾਨਕ ਮੌਸਮ ਵਿਭਾਗ ਨੇ ਕਿਹਾ ਕਿ 30 ਅਤੇ 31 ਜਨਵਰੀ ਨੂੰ ਮੱਧ ਪਹਾੜੀਆਂ ’ਤੇ ਬਰਫਬਾਰੀ ਅਤੇ ਵੱਖ-ਵੱਖ ਇਲਾਕਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਹੇਠਲੇ ਪਹਾੜੀਆਂ ਅਤੇ ਮੈਦਾਨੀ ਇਲਾਕਿਆਂ ’ਚ 31 ਜਨਵਰੀ ਤਕ ਮੌਸਮ ਖੁਸ਼ਕ ਰਹੇਗਾ। 

ਇਸ ਦੌਰਾਨ ਸ਼ੁਕਰਵਾਰ ਨੂੰ ਹਿਮਾਚਲ ਪ੍ਰਦੇਸ਼ ’ਚ ਬੱਦਲ ਛਾਏ ਰਹੇ ਅਤੇ ਧੁੰਦ ਰਹੀ। ਸੰਘਣੀ ਧੁੰਦ ਨੇ ਹੇਠਲੀਆਂ ਪਹਾੜੀਆਂ ਅਤੇ ਮੈਦਾਨਾਂ ਨੂੰ ਘੇਰ ਲਿਆ। ਸੂਬੇ ਦੀ ਗਰਮੀਆਂ ਦੀ ਰਾਜਧਾਨੀ ਸ਼ਿਮਲਾ ’ਚ ਸ਼ੁਕਰਵਾਰ ਸਵੇਰੇ ਘੱਟੋ-ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਿਮਾਚਲ ਦੀ ਸਰਦੀਆਂ ਦੀ ਰਾਜਧਾਨੀ ਧਰਮਸ਼ਾਲਾ ’ਚ ਘੱਟੋ-ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ, ਮਨਾਲੀ ਅਤੇ ਡਲਹੌਜ਼ੀ ’ਚ ਕ੍ਰਮਵਾਰ ਮਾਈਨਸ 2.3 ਡਿਗਰੀ ਸੈਲਸੀਅਸ ਅਤੇ ਮਾਈਨਸ 2.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਿਮਲਾ ’ਚ ਘੱਟੋ-ਘੱਟ ਤਾਪਮਾਨ 0.1 ਡਿਗਰੀ ਸੈਲਸੀਅਸ, ਬਿਲਾਸਪੁਰ ’ਚ 5.9 ਡਿਗਰੀ ਸੈਲਸੀਅਸ, ਸੋਲਨ ’ਚ 2.2 ਡਿਗਰੀ ਸੈਲਸੀਅਸ ਅਤੇ ਮੰਡੀ ’ਚ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲਾਹੌਲ ਅਤੇ ਸਪੀਤੀ ਜ਼ਿਲ੍ਹੇ ਦਾ ਕੁਕੁਮਸੇਰੀ ਪਿੰਡ ਮਾਈਨਸ 4.9 ਡਿਗਰੀ ਸੈਲਸੀਅਸ ਨਾਲ ਸੱਭ ਤੋਂ ਠੰਢਾ ਸਥਾਨ ਰਿਹਾ, ਜਦਕਿ ਮੰਡੀ ਜ਼ਿਲ੍ਹੇ ਦਾ ਸੁੰਦਰਨਗਰ 19.3 ਡਿਗਰੀ ਸੈਲਸੀਅਸ ਨਾਲ ਸੱਭ ਤੋਂ ਗਰਮ ਸਥਾਨ ਰਿਹਾ।