ਬਾਲਾਕੋਟ ਏਅਰ ਸਟ੍ਰਾਈਕ ਦੀ ਦੂਜੀ ਵਰੇਗੰਢ: ਰੱਖਿਆ ਮੰਤਰੀ ਨੇ ਹਵਾਈ ਫੌਜ ਦੇ ਹੌਂਸਲੇ ਨੂੰ ਕੀਤਾ ਸਲਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਾਲਾਕੋਟ ਦੀ ਸਫਲਤਾ ਨੇ ਅੱਤਵਾਦ ਖ਼ਿਲਾਫ਼ ਕਾਰਵਾਈ ਕਰਨ ਲਈ ਭਾਰਤ ਦੀ ਮਜ਼ਬੂਤ ਇੱਛਾ ਦਰਸਾਈ- ਰਾਜਨਾਥ ਸਿੰਘ

Rajnath Singh

ਨਵੀਂ ਦਿੱਲੀ: ਬਾਲਾਕੋਟ ਏਅਰ ਸਟ੍ਰਾਈਕ ਦੀ ਦੂਜੀ ਵਰੇਗੰਢ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਹਵਾਈ ਫੌਜ ਦੇ ਬੇਮਿਸਾਲ ਹੌਂਸਲੇ ਅਤੇ ਮਿਹਨਤ ਨੂੰ ਸਲਾਮ ਕੀਤਾ ਹੈ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਭਾਰਤ ਨੂੰ ਅਪਣੀਆਂ ਸੈਨਾਵਾਂ ’ਤੇ ਮਾਣ ਹੈ।

ਰੱਖਿਆ ਮੰਤਰੀ ਨੇ ਟਵੀਟ ਕੀਤਾ, ‘ਬਾਲਾਕੋਟ ਏਅਰ ਸਟ੍ਰਾਈਕ ਦੀ ਵਰੇਗੰਢ 'ਤੇ ਮੈਂ ਭਾਰਤੀ ਹਵਾਈ ਫੌਜ ਦੇ ਬੇਮਿਸਾਲ ਹੌਂਸਲੇ ਅਤੇ ਮਿਹਨਤ ਨੂੰ ਸਲਾਮ ਕਰਦਾ ਹਾਂ। ਬਾਲਾਕੋਟ ਦੀ ਸਫਲਤਾ ਨੇ ਅੱਤਵਾਦ ਖ਼ਿਲਾਫ਼ ਕਾਰਵਾਈ ਕਰਨ ਲਈ ਭਾਰਤ ਦੀ ਮਜ਼ਬੂਤ ਇੱਛਾ ਦਰਸਾਈ ਹੈ’। ਰਾਜਨਾਥ ਸਿੰਘ ਨੇ ਅੱਗੇ ਲਿਖਿਆ, ‘ਸਾਨੂੰ ਸਾਡੀਆਂ ਸੈਨਾਵਾਂ 'ਤੇ ਮਾਣ ਹੈ ਜੋ ਭਾਰਤ ਨੂੰ ਸੁਰੱਖਿਅਤ ਰੱਖਦੀਆਂ ਹਨ’।

ਨਰਿੰਦਰ ਤੋਮਰ ਨੇ ਵੀ ਕੀਤਾ ਟਵੀਟ

ਇਸ ਮੌਕੇ ਟਵੀਟ ਕਰਦਿਆਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ 26 ਫਰਵਰੀ 2019 ਹਰ ਹਿੰਦੁਸਤਾਨੀ ਲਈ ਮਾਣ ਵਾਲਾ ਦਿਨ ਸੀ। ਉਹਨਾਂ ਲਿਖਿਆ, ‘26 ਫਰਵਰੀ 2019 ਹਰ ਹਿੰਦੁਸਤਾਨੀ ਲਈ ਮਾਣ ਦਾ ਪਲ, ਜਦੋਂ ਭਾਰਤੀ ਹਵਾਈ ਫੌਜ ਨੇ ਬਹਾਦਰੀ ਦਿਖਾਉਂਦੇ ਹੋਏ ਪਾਕਿਸਤਾਨ ਦੇ ਬਾਲਕੋਟ ਵਿਚ ਏਅਰ ਸਟ੍ਰਾਈਕ ਕੀਤੀ ਅਤੇ ਪਾਕਿਸਤਾਨ ਤੋਂ ਪੁਲਵਾਮਾ ਹਮਲੇ ਦਾ ਬਦਲਾ ਲਿਆ ... ਦੇਸ਼ ਦੇ ਬਹਾਦਰ ਸੈਨਿਕਾਂ ਨੂੰ ਕੋਟਿ ਕੋਟਿ ਨਮਨ ...’।

ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਪੁਲਾਵਾਮਾ ਹਮਲੇ ਤੋਂ ਬਾਅਦ 26 ਫਰਵਰੀ 2019 ਨੂੰ ਭਾਰਤੀ ਫੌਜ ਦੇ ਜਹਾਜ਼ਾਂ ਨੇ ਪਾਕਿਸਤਾਨ ਦੀ ਸੀਮਾ ਵਿਚ ਦਾਖਲ ਹੋ ਕੇ ਬਾਲਾਕੋਟ ਵਿਚ ਅੱਤਵਾਦੀਆਂ ਦੇ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਸੀ।