ਭਾਰਤ ਬੰਦ ਦੇ ਸੱਦੇ ਨੂੰ ਵੱਖ-ਵੱਖ ਥਾਵਾਂ ’ਤੇ ਮਿਲਿਆ ਭਰਵਾਂ ਹੁੰਗਾਰਾ
ਪੰਜਾਬ ਦੇ ਵੱਖ-ਵਖ ਸ਼ਹਿਰਾਂ ਵਿਚ ਜਿੱਥੇ ਸਾਰੇ ਬਾਜ਼ਾਰ ਮੁਕੰਮਲ ਰੂਪ ਵਿਚ ਬੰਦ ਰਹੇ ਉਥੇ ਆਵਾਜਾਈ ਵੀ ਠੱਪ ਰਹੀ।
ਮੁਹਾਲੀ- ਕਿਸਾਨ ਸੰਘਰਸ਼ ਕਮੇਟੀ ਵੱਲੋਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ ਭਰ ਵਿਚ ਭਰਵਾਂ ਹੁੰਗਾਰਾ ਮਿਲਿਆ ਹੈ। ਪੰਜਾਬ ਦੇ ਵੱਖ-ਵਖ ਸ਼ਹਿਰਾਂ ਵਿਚ ਜਿੱਥੇ ਸਾਰੇ ਬਾਜ਼ਾਰ ਮੁਕੰਮਲ ਰੂਪ ਵਿਚ ਬੰਦ ਰਹੇ ਉਥੇ ਆਵਾਜਾਈ ਵੀ ਠੱਪ ਰਹੀ। ਦੁਕਾਨਦਾਰਾਂ ਵੱਲੋਂ ਕਿਸਾਨ ਜਥੇਬੰਦੀਆਂ ਦਾ ਪੂਰਨ ਰੂਪ ਵਿਚ ਸਮਰਥਨ ਕੀਤਾ ਗਿਆ।
ਸ੍ਰੀ ਮੁਕਤਸਰ ਸਾਹਿਬ ਵਿਚ ਬੰਦ ਨੂੰ ਭਰਵਾਂ ਹੁੰਗਾਰਾ: ਸ੍ਰੀ ਮੁਕਤਸਰ ਸਾਹਿਬ- ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਪੂਰਨ ਰੂਪ ਵਿਚ ਬੰਦ ਰਿਹਾ। ਸ਼ਹਿਰ ਵਾਸੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਮੁਕੰਮਲ ਰੂਪ ਵਿਚ ਬੰਦ ਰਹੀਆਂ ਅਤੇ ਦੁਕਾਨਦਾਰਾਂ ਵਲੋਂ ਕਿਸਾਨ ਸੰਘਰਸ਼ ਨੂੰ ਪੂਰਨ ਹਮਾਇਤ ਦਿੱਤੀ ਗਈ ਹੈ।
ਕਸਬਾ ਬੀਜਾ ਰਿਹਾ ਮੁਕੰਮਲ ਬੰਦ: ਬੀਜਾ- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਭਾਰਤ ਬੰਦ ਦੌਰਾਨ ਕਸਬਾ ਬੀਜਾ ਮੁਕੰਮਲ ਤੌਰ 'ਤੇ ਬੰਦ ਰਿਹਾ। ਇਸ ਮੌਕੇ ਪੂਰੇ ਬਾਜ਼ਾਰ ਦੀਆਂ ਦੁਕਾਨਾਂ ਬੰਦ ਰਹੀਆਂ ਪਰ ਸੜਕਾਂ 'ਤੇ ਆਵਾਜਾਈ ਆਮ ਦਿਨਾਂ ਵਾਂਗ ਹੀ ਨਜ਼ਰ ਆਈ। ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਵੱਲੋਂ ਕਿਹਾ ਗਿਆ ਉਹ ਦੁਕਾਨਾਂ ਤੇ ਬਾਜ਼ਾਰਾ ਨੂੰ ਧੱਕੇ ਨਾਲ ਬੰਦ ਨਹੀਂ ਕਰਵਾਉਣਗੇ ਉਹ ਸਿਰਫ਼ ਉਹ ਲੋਕਾਂ ਨੂੰ ਬੰਦ ਵਿਚ ਅਪਣਾ ਯੋਗਦਾਨ ਪਾਉਣ ਦੀ ਅਪੀਲ ਕਰਨਗੇ।
ਅਜਨਾਲਾ ’ਚ ਬਾਰ ਐਸੋਸੀਏਸ਼ਨ ਵੱਲੋਂ ਸਮਰਥਨ: ਅਜਨਾਲਾ- ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਬਾਰ ਐਸੋਸੀਏਸ਼ਨ ਅਜਨਾਲਾ ਨੇ ਸੰਸਥਾ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਝਰ ਦੀ ਅਗਵਾਈ ਵਿਚ ਹੜਤਾਲ ਕਰਕੇ ਅਪਣਾ ਸਮੁੱਚਾ ਕੰਮਕਾਜ ਠੱਪ ਕੀਤਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।