ਰਾਜਸਥਾਨ ਵਿਚ ਸੀਐਮ ਦੇ ਪੁੱਤਰ ਵਿਰੁੱਧ ਚੋਣ ਮੈਦਾਨ ਵਿਚ ਆਟੋ ਡਰਾਈਵਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੋਣ ਪ੍ਰਚਾਰ ਲਈ ਖਰਚ ਕੀਤੇ ਸਿਰਫ 1200 ਰੁਪਏ

Autorickshaw driver contest on Jodhpur seat spends only rs 1200 for his campaign

ਰਾਜਸਥਾਨ: ਇਕ ਪਾਸੇ ਜਿੱਥੇ ਚੋਣਾਂ ਵਿਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਉਮੀਦਵਾਰ ਲੱਖਾਂ ਕਰੋੜਾਂ ਪ੍ਰਚਾਰ ’ਤੇ ਖਰਚ ਕਰ ਰਹੇ ਹਨ ਉੱਥੇ ਹੀ ਰਾਜਸਥਾਨ ਵਿਚ ਇਕ ਅਜਿਹਾ ਉਮੀਦਵਾਰ ਵੀ ਹੈ ਜਿਸ ਨੇ ਅਪਣੇ ਚੋਣ ਪ੍ਰਚਾਰ ਲਈ ਸਿਰਫ 1200 ਰੁਪਏ ਖਰਚ ਕੀਤੇ ਹਨ। ਇਸ ਉਮੀਦਵਾਰ ਬਾਰੇ ਜਾਣ ਕੇ ਸਭ ਨੂੰ ਹੈਰਾਨੀ ਹੋ ਰਹੀ ਹੈ। ਜੋਧਪੁਰ ਦੇ ਨਿਵਾਸੀ 45 ਸਾਲ ਦੇ ਅਨਿਲ ਜੋਇਆ ਮੇਘਵਾਲ ਹਨ ਪੇਸ਼ੇ ਤੋਂ ਆਟੋ ਡਰਾਈਵਰ ਹਨ।

ਮੇਘਵਾਲ ਦਾ ਮੰਨਣਾ ਹੈ ਕਿ ਦੇਸ਼ ਦਾ ਨਾਗਰਿਕ ਹੋਣ ਕਾਰਣ ਚੋਣਾਂ ਲੜਨਾ ਉਹਨਾਂ ਦਾ ਮੌਲਿਕ ਅਧਿਕਾਰ ਹੈ ਅਤੇ ਇਸ ਲਈ ਉਹ ਵੀ ਚੋਣ ਲੜੇਗਾ। ਇੰਨਾ ਹੀ ਨਹੀਂ ਇਸ ਸੀਟ ’ਤੇ ਉਹ ਮੁੱਖ ਮੰਤਰੀ ਅਸ਼ੋਕ ਗਹਿਲੋਟ ਦੇ ਪੁੱਤਰ ਵੈਭਵ ਗਹਿਲੋਤ ਅਤੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਵਿਰੁੱਧ ਚੋਣ ਮੈਦਾਨ ਵਿਚ ਉਤਰਿਆ ਹੈ। ਮੇਘਵਾਲ ਦਾ ਕਹਿਣਾ ਹੈ ਕਿ ਮੈਂ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹਾਂ।

ਵੈਭਵ ਗਹਿਲੋਤ ਅਤੇ ਸ਼ੇਖਾਵਤ ਦੀ ਚੁਣੌਤੀ ਬਾਰੇ ਪੁਛੇ ਜਾਣ ’ਤੇ ਮੇਘਵਾਲ ਨੇ ਕਿਹਾ ਕਿ ਉਹ ਇੱਥੋਂ ਦੇ ਵੱਡੇ ਆਗੂ ਹਨ ਮੈਨੂੰ ਨਹੀਂ ਲਗਦਾ ਮੇਰੀ ਲੜਾਈ ਉਹਨਾਂ ਨਾਲ ਹੈ। ਮੇਘਵਾਲ ਨੇ ਨਾਮਜ਼ਦਗੀ ਦੌਰਾਨ ਹਲਫਨਾਮੇ ਵਿਚ 1.37 ਲੱਖ ਦੀ ਚਲ ਸੰਪੱਤੀ ਅਤੇ 15 ਲੱਖ ਦੀ ਅਚਲ ਸੰਪੱਤੀ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਮੇਘਵਾਲ ਰੋਜ਼ਾਨਾ ਆਟੋ ਤੋਂ 400-500 ਰੁਪਏ ਕਮਾ ਲੈਂਦਾ ਹੈ। ਚੋਣ ਪ੍ਰਚਾਰ ਦੀ ਰਾਜਨੀਤੀ ਬਾਰੇ ਮੇਘਵਾਲ ਨੇ ਕਿਹਾ ਕਿ ਮੈਂ ਅਪਣੀ ਆਟੋ ਤੇ ਪਿੰਡਾਂ ਵਿਚ ਜਾ ਕੇ ਚੋਣ ਪ੍ਰਚਾਰ ਕਰ ਰਿਹਾ ਹਾਂ।

ਮੈਂ ਉਹਨਾਂ ਨੂੰ ਸਿਰਫ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਸਿਰਫ ਇਕ ਵਾਰ ਸੇਵਾ ਦਾ ਮੌਕਾ ਦੇਣ। ਮੈਂ ਪੱਛੜੀ ਸ਼੍ਰੇਣੀ ਨਾਲ ਸਬੰਧ ਰੱਖਦਾ ਹਾਂ। ਅਜਿਹੇ ਵਿਚ ਮੈਂ ਅਪਣੇ ਸਮਾਜ ਦੇ ਵਿਕਾਸ ਲਈ ਕੰਮ ਕਰਨਾ ਚਾਹੁੰਦਾ ਹਾਂ। ਮੈਨੂੰ ਲਗਦਾ ਹੈ ਕਿ ਮੇਰੇ ਸਮਾਜ ਵਿਚੋਂ ਹੀ ਕਿਸੇ ਨਾ ਕਿਸੇ ਨੇ ਇਹ ਕਦਮ ਉਠਾਉਣਾ ਹੀ ਸੀ।   ਮੇਘਾਵਲ ਦਾ ਕਹਿਣਾ ਹੈ ਕਿ ਮੈਂ ਜ਼ਰੂਰ ਜਿੱਤਾਂਗਾ। ਮੈਨੂੰ ਵਿਸ਼ਵਾਸ ਹੈ ਕਿ ਮੇਰੇ ਸਮਾਜ ਅਤੇ ਆਟੋ ਸੰਘ ਦੇ ਲੋਕ ਮੈਨੂੰ ਸਮਰਥਨ ਜ਼ਰੂਰ ਦੇਣਗੇ। ਮੈਂ ਵਟਸਐਪ ਦੇ ਜ਼ਰੀਏ ਵੀ ਲੋਕਾਂ ਨੂੰ ਅਪੀਲ ਕਰ ਰਿਹਾ ਹਾਂ।