ਲੋਕ ਸਭਾ ਚੋਣਾਂ ਵਿਚ ਵੋਟਾਂ ਖਰੀਦਣ ਦਾ ਟੁੱਟਿਆ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ, ਕੀ ਹੈ ਪੂਰਾ ਮਾਮਲਾ

Use of cash liquor and drugs to woo voters records seizures

ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਵੋਟਰਾਂ ਨੂੰ ਕਰੋੜਾਂ ਦੇ ਪੈਸੇ, ਸ਼ਰਾਬ ਅਤੇ ਡਰੱਗਸ ਦੁਆਰਾ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਚੋਣਾਂ ਵਿਚ ਨਗਦੀ, ਸ਼ਰਾਬ ਅਤੇ ਡਰੱਗਸ ਦੀ ਬਰਾਮਦਗੀ ਦਾ ਰਿਕਾਰਡ ਹੀ ਟੁੱਟ ਗਿਆ ਹੈ। ਤਾਮਿਲਨਾਡੂ ਦੀ ਵੈਲੋਰ ਸੀਟ ’ਤੇ ਚੋਣਾਂ ਇਸ ਲਈ ਰੱਦ ਹੋ ਗਈਆਂ ਕਿਉਂਕਿ ਉੱਥੇ ਵੱਡੇ ਪੈਮਾਨੇ ’ਤੇ ਕੈਸ਼ ਬਰਾਮਦ ਹੋਇਆ ਸੀ। ਅਜਿਹੀਆਂ ਬਰਾਮਦਗੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਚੋਣ ਕਮਿਸ਼ਨ ਦੀ ਤਾਜ਼ਾ ਰਿਪੋਰਟ ਮੁਤਾਬਕ ਇਹਨਾਂ ਚੋਣਾਂ ਦੌਰਾਨ 3152.54 ਕਰੋੜ ਦਾ ਸਮਾਨ ਜ਼ਬਤ ਕੀਤਾ ਜਾ ਚੁੱਕਾ ਹੈ। 2014 ਵਿਚ ਕੁੱਲ ਜ਼ਬਤੀ 1200 ਕਰੋੜ ਰੁਪਏ ਦੀ ਸੀ। ਯਾਨੀ ਇਸ ਵਾਰ ਜ਼ਬਤੀ 1950 ਕਰੋੜ ਤੋਂ ਜ਼ਿਆਦਾ ਹੋ ਚੁੱਕੀ ਹੈ। ਕਰੀਬ 742.28 ਕਰੋੜ ਰੁਪਏ ਕੈਸ਼ ਜ਼ਬਤ ਕੀਤੇ ਹਨ। 2014 ਦੀਆਂ ਚੋਣਾਂ ਦੌਰਾਨ ਸਿਰਫ 304 ਕਰੋੜ ਕੈਸ਼ ਜ਼ਬਤ ਕੀਤਾ ਗਿਆ ਸੀ। ਯਾਨੀ ਕਿ 2019 ਵਿਚ 438 ਕਰੋੜ ਤੋਂ ਜ਼ਿਆਦਾ ਕੈਸ਼ ਦਾ ਵਾਧਾ ਹੋਇਆ ਹੈ।

ਕਾਂਗਰਸ ਬੁਲਾਰਾ ਰਾਗਿਨੀ ਨਾਇਕ ਨੇ ਕਿਹਾ ਕਿ ਮੋਦੀ ਨੇ ਕਿਹਾ ਸੀ ਕਿ ਨੋਟਬੰਦੀ ਨਾਲ ਕਾਲਾ ਧਨ ਖ਼ਤਮ ਹੋਵੇਗਾ....ਪਰ ਇੰਨਾ ਪੈਸਾ ਚੋਣਾਂ ਵਿਚ ਕਿੱਥੋਂ ਆਇਆ? ਮਿਲੀ ਜਾਣਕਾਰੀ ਮੁਤਾਬਕ ਬੀਜੇਪੀ ਦੇ ਪ੍ਰਧਾਨ ਸ਼ਿਆਮ ਜਾਜੂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ 65 ਸਾਲ ਦੇ ਕਾਂਗਰਸ ਦੇ ਸ਼ਾਸ਼ਨਕਾਲ ਵਿਚ ਜੋ ਭ੍ਰਿਸ਼ਟਾਚਾਰ ਹੋਇਆ ਹੈ ਇਹ ਉਸ ਦਾ ਹੀ ਅਸਰ ਹੈ। ਚੋਣ ਕਮਿਸ਼ਨ ਨੇ 238.87 ਕਰੋੜ ਦੀ ਸ਼ਰਾਬ ਫੜੀ ਹੈ। 1180.79 ਕਰੋੜ ਦੀ ਡਰੱਗ ਫੜੀ ਹੈ।

ਜਿਸ ਵਿਚ ਸਭ ਤੋਂ ਜ਼ਿਆਦਾ 524 ਕਰੋੜ ਦੀ ਡਰੱਗ ਸਿਰਫ ਗੁਜਰਾਤ ਤੋਂ ਜ਼ਬਤ ਕੀਤੀ ਗਈ ਹੈ। ਚੋਣਾਂ ਦੌਰਾਨ ਅਜਿਹੇ ਭ੍ਰਿਸ਼ਟਾਚਾਰ ਹੋਣਾ ਆਮ ਗੱਲ ਹੋ ਚੁੱਕੀ ਹੈ। ਹਰ ਕੋਈ ਲਾਲਚ ਪਿੱਛੇ ਸਭ ਕੁਝ ਕਰਨ ਨੂੰ ਤਿਆਰ ਹੋ ਜਾਂਦਾ ਹੈ। ਕਿਸੇ ਨੂੰ ਅਪਣੀ ਵੋਟ ਦੀ ਕੀਮਤ ਨਹੀਂ ਪਤਾ ਇਸ ਲਈ ਪੈਸੇ ਜਾਂ ਨਸ਼ੇ ਦੇ ਲਾਲਚ ਵਿਚ ਅਪਣੀ ਵੋਟ ਵੇਚ ਦਿੱਤੀ ਜਾਂਦੀ ਹੈ। ਅਜਿਹੀਆਂ ਕੁਰੀਤੀਆਂ ਤੇ ਰੋਕ ਲੱਗਣੀ ਚਾਹੀਦੀ ਹੈ। ਸਰਕਾਰ ਨੂੰ ਚਾਹੀਦੀ ਹੈ ਕਿ ਉਹ ਰੋਕਣ ਲਈ ਠੋਸ ਕਦਮ ਚੁੱਕੇ।