ਭਾਜਪਾ 'ਚ ਸ਼ਾਮਲ ਹੁੰਦਿਆਂ ਹੀ ਦਲੇਰ ਮਹਿੰਦੀ ਨੇ ਮੋਦੀ ਲਈ ਗਾਇਆ ਗਾਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬੀ ਗਾਇਕ ਦਲੇਰ ਮਹਿੰਦੀ ਭਾਜਪਾ 'ਚ ਸ਼ਾਮਲ ਹੋ ਗਏ ਹਨ।

Daler Mehndi

ਨਵੀਂ ਦਿੱਲੀ: ਪੰਜਾਬੀ ਗਾਇਕ ਦਲੇਰ ਮਹਿੰਦੀ ਭਾਜਪਾ 'ਚ ਸ਼ਾਮਲ ਹੋ ਗਏ ਹਨ। ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਅਤੇ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਦੀ ਮੌਜੂਦਗੀ 'ਚ ਦਲੇਰ ਮਹਿੰਦੀ ਭਾਜਪਾ 'ਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਹੰਸਰਾਜ ਹੰਸ ਨੂੰ ਵੀ ਭਾਜਪਾ ਨੇ ਦਿੱਲੀ ਦੀ ਉੱਤਰ-ਪੱਛਮ ਸੀਟ ਤੋਂ ਮੈਦਾਨ 'ਚ ਉਤਾਰਿਆ ਹੈ। ਇਸ ਦੌਰਾਨ ਉਨ੍ਹਾਂ ਨੇ 'ਦਿਲ ਮੋਦੀ ਮੋਦੀ ਹੋ ਗਿਆ' ਗਾਣਾ ਵੀ ਸੁਣਾਇਆ। 

ਇਸ ਤੋਂ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਹੰਸਰਾਜ ਹੰਸ ਭਾਜਪਾ ਵਿਚ ਸ਼ਾਮਲ ਹੋਏ ਸਨ ਜਿਨ੍ਹਾਂ ਨੂੰ ਪੱਛਮੀ ਦਿੱਲੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਕੁੱਝ ਦਿਨ ਪਹਿਲਾਂ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਵੀ ਭਾਜਪਾ ਵਿਚ ਸ਼ਾਮਲ ਹੋਏ ਸਨ ਜਿਨ੍ਹਾਂ ਨੂੰ ਪੰਜਾਬ ਦੇ ਗੁਰਦਾਸਪੁਰ ਤੋਂ ਟਿਕਟ ਦਿਤੀ ਗਈ ਹੈ। ਹੁਣ ਦਲੇਰ ਮਹਿੰਦੀ ਨੂੰ ਲੈ ਕੇ ਵੀ ਇਹੀ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਉਨ੍ਹਾਂ ਨੂੰ ਕਿਸੇ ਨਾ ਕਿਸੇ ਖੇਤਰ ਤੋਂ ਟਿਕਟ ਦੇ ਕੇ ਨਿਵਾਜ਼ ਸਕਦੀ ਹੈ।

ਬਿਹਾਰ ਦੇ ਪਟਨਾ ਵਿਚ 18 ਅਗਸਤ 1967 ਨੂੰ ਜਨਮੇ ਦਲੇਰ ਮਹਿੰਦੀ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। 5 ਸਾਲ ਦੀ ਉਮਰ ਤੋਂ ਹੀ ਦਲੇਰ ਨੇ ਗਾਇਕੀ ਦੀ ਕਲਾ ਸਿੱਖਣੀ ਸ਼ੁਰੂ ਕੀਤੀ ਸੀ। ਸਾਲ 1995 ਵਿਚ ਦਲੇਰ ਮਹਿੰਦੀ ਨੇ ਅਪਣੀ ਪਹਿਲੀ ਐਲਬਮ 'ਬੋਲੋ ਤਾਰਾ ਰਾ ਰਾ' ਰਿਕਾਰਡ ਕੀਤੀ ਸੀ ਜਿਸ ਨੇ ਉਨ੍ਹਾਂ ਦੀ ਵਿਸ਼ਵ ਭਰ ਵਿਚ ਪਛਾਣ ਬਣਾ ਦਿਤੀ ਸੀ।

ਦਲੇਰ ਮਹਿੰਦੀ ਅਤੇ ਉਨ੍ਹਾਂ ਦੇ ਭਰਾ ਸ਼ਮਸ਼ੇਰ ਮਹਿੰਦੀ ਨੂੰ ਕਬੂਤਰਬਾਜ਼ੀ ਮਾਮਲੇ ਵਿਚ ਦੋ ਸਾਲ ਦੀ ਸਜ਼ਾ ਮਿਲੀ ਹੋਈ ਹੈ। ਉਨ੍ਹਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਸੀ ਹਾਲਾਂਕਿ ਦੋਸ਼ੀ ਠਹਿਰਾਏ ਜਾਣ ਮਗਰੋਂ ਕੁੱਝ ਹੀ ਦੇਰ ਬਾਅਦ ਦਲੇਰ ਮਹਿੰਦੀ ਨੂੰ ਜ਼ਮਾਨਤ ਮਿਲ ਗਈ ਸੀ ਅਤੇ ਹਾਲੇ ਵੀ ਉਹ ਜ਼ਮਾਨਤ 'ਤੇ ਬਾਹਰ ਹਨ। ਮਸ਼ਹੂਰ ਗਾਇਕ ਮੀਕਾ ਸਿੰਘ ਦਲੇਰ ਮਹਿੰਦੀ ਦੇ ਛੋਟੇ ਭਰਾ ਹਨ। ਇਸ ਤੋਂ ਇਲਾਵਾ ਬੀਤੇ ਦਿਨੀ ਭਾਜਪਾ ਵਿਚ ਸ਼ਾਮਲ ਹੋਏ ਹੰਸਰਾਜ ਹੰਸ ਦਲੇਰ ਮਹਿੰਦੀ ਦੇ ਕੁੜਮ ਹਨ ਕਿਉਂਕਿ ਦਲੇਰ ਮਹਿੰਦੀ ਦੀ ਬੇਟੀ ਹੰਸਰਾਜ ਹੰਸ ਦੇ ਬੇਟੇ ਨਵਰਾਜ ਹੰਸ ਨਾਲ ਵਿਆਹੀ ਹੋਈ ਹੈ।