ਭਾਜਪਾ 'ਚ ਸਟਾਰਾਂ ਤੇ ਖਿਡਾਰੀਆਂ ਦੇ 'ਅੱਛੇ ਦਿਨ' ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਿਲਾਂ 'ਚ ਰਹਿਣ ਵਾਲੇ ਕੀ ਜਾਣਨ ਗ਼ਰੀਬਾਂ ਦੇ ਦੁੱਖ

BJP

ਚੰਡੀਗੜ੍ਹ : ਅੱਜਕਲ ਦੇਸ਼ ਚੋਣ ਪ੍ਰਕਿਰਿਆ 'ਚੋਂ ਗੁਜ਼ਰ ਰਿਹਾ ਹੈ ਤੇ ਇਸ ਮਹਾਂਕੁੰਭ 'ਚ ਹਰ ਕੋਈ ਅਪਣੇ ਆਪ ਨੂੰ ਕਿਸੇ ਨਾ ਕਿਸੇ ਤਰੀਕੇ ਹਿੱਸੇਦਾਰ ਬਣਾਉਣਾ ਚਾਹੁੰਦਾ ਹੈ। ਦੇਸ਼ ਦਾ ਹਰ ਆਮ ਨਾਗਰਿਕ ਇਸ ਲਈ ਵੋਟ ਦੀ ਵਰਤੋਂ ਕਰਦਾ ਹੈ ਕਿ ਪਹਿਲਾ ਤਾਂ ਇਹ ਕਿ ਦੇਸ਼ ਦਾ ਲੋਕਤੰਤਰ ਮਜ਼ਬੂਤ ਰਹੇ ਤੇ ਦੂਜਾ ਉਹ ਚਾਹੁੰਦਾ ਹੈ ਕਿ ਅਜਿਹੀ ਸਰਕਾਰ ਬਣੇ ਜਿਹੜੇ ਉਸ ਦੇ ਦੁੱਖ ਦਰਦ ਨੂੰ ਸਮਝ ਕੇ ਉਸ ਦੀ ਭਲਾਈ ਲਈ ਕਦਮ ਚੁੱਕੇ ਪਰ ਦੂਜੇ ਪਾਸੇ ਸਿਆਸੀ ਪਾਰਟੀਆਂ ਅਪਣੇ ਹੀ ਢੰਗ ਨਾਲ ਗੋਟੀਆਂ ਫਿਟ ਕਰਦੀਆਂ ਹਨ। ਉਹ ਉਮੀਦਵਾਰ ਦੀ ਚੋਣ ਵੇਲੇ ਇਹ ਨਹੀਂ ਦੇਖਦੀਆਂ ਕਿ ਉਹ ਉਮੀਦਵਾਰ ਉਸ ਇਲਾਕੇ ਨਾਲ ਜੁੜਿਆ ਹੋਇਆ ਜਾਂ ਨਹੀਂ, ਉਸ ਨੂੰ ਲੋਕਾਂ ਦੀਆਂ ਤਕਲੀਫ਼ਾਂ ਦਾ ਗਿਆਨ ਹੈ ਵੀ ਜਾਂ ਨਹੀਂ ਪਰ ਉਹ ਤਾਂ ਇਹ ਦੇਖਦੀਆਂ ਹਨ ਕਿ ਉਮੀਦਵਾਰ ਕਿੰਨਾ ਨਾਮਦਾਰ ਹੈ।

ਅੱਜ-ਕਲ ਅਜਿਹੀ ਪਹਿਲ ਲਈ ਭਾਜਪਾ 'ਚ ਹੜ ਆਇਆ ਹੋਇਆ ਹੈ। ਸੱਭ ਤੋਂ ਪਹਿਲਾਂ ਪਾਰਟੀ ਨੇ ਕੁੱਝ ਦਿਨ ਪਹਿਲਾਂ ਪਾਰਟੀ 'ਚ ਸ਼ਾਮਲ ਹੋਏ ਕ੍ਰਿਕਟਰ ਗੌਤਮ ਗੰਭੀਰ ਨੂੰ, ਪਾਰਟੀ ਦੇ ਪੁਰਾਣੇ ਵਰਕਰ ਦੀ ਟਿਕਟ ਕੱਟ ਕੇ ਦਿੱਲੀ ਦੀ ਸੀਟ ਤੋਂ ਉਮੀਦਵਾਰ ਬਣਾ ਦਿਤਾ। ਇਸ ਦੇ ਨਾਲ ਹੀ ਫ਼ਿਲਮੀ ਅਦਾਕਾਰ ਸੰਨੀ ਦਿਉਲ ਨੂੰ ਪਾਰਟੀ 'ਚ ਸ਼ਾਮਲ ਹੁੰਦਿਆਂ ਹੀ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਟਿਕਟ ਮਿਲ ਗਈ। ਇਸੇ ਤਰ੍ਹਾਂ ਦਿੱਲੀ ਦੀ ਇਕ ਸੀਟ ਤੋਂ ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਭਾਜਪਾ ਨੇ ਉਮੀਦਵਾਰ ਬਣਾ ਦਿਤਾ। ਗੱਲ ਇਥੇ ਹੀ ਖ਼ਤਮ ਨਹੀਂ ਹੁੰਦੀ, ਅਜੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵੀ ਭਾਜਪਾ ਦੀ ਟਿਕਟ ਲੈਣ ਦੇ ਚੱਕਰ 'ਚ ਹੈ।

ਇਹ ਤਾਂ ਤਾਜ਼ਾ ਉਦਾਹਰਣਾਂ ਹਨ ਪਰ ਇਸ ਤੋਂ ਪਹਿਲਾਂ ਵੀ ਭਾਜਪਾ ਅੰਦਰ ਅਜਿਹੇ ਨਾਮਦਾਰ ਚਿਹਰੇ ਭਰੇ ਪਏ ਹਨ। ਜਿਨ੍ਹਾਂ ਵਿਚ ਹੇਮਾ ਮਾਲਿਨੀ, ਜੈ ਪ੍ਰਦਾ ਤੇ ਮਨੋਜ ਤਿਵਾੜੀ ਵਰਗੇ ਨਾਮ ਸ਼ਾਮਲ ਹਨ। ਇਹ ਲੋਕ ਚੋਣਾਂ ਵੇਲੇ ਆਮ ਲੋਕਾਂ 'ਚ ਵਿਚਰਨ ਦੇ ਵੱਡੇ-ਵੱਡੇ ਡਰਾਮੇ ਕਰਦੇ ਰਹਿੰਦੇ ਹਨ। ਇਹ ਕਿਧਰੇ ਖੇਤਾਂ 'ਚ ਜਾ ਕੇ ਕਣਕ ਵੱਢਦੇ ਹਨ, ਕਦੇ ਆਮ ਲੋਕਾਂ ਦੇ ਘਰ ਭੋਜਨ ਕਰਦੇ ਹਨ ਪਰ ਜ਼ਮੀਨੀ ਹਕੀਕਤ ਤੋਂ ਨਾ ਹੀ ਇਹ ਜਾਣੂ ਹਨ ਤੇ ਨਾ ਹੀ ਇਹ ਜਾਣੂ ਹੋਣਾ ਚਾਹੁੰਦੇ ਹਨ ਕਿਉਂਕਿ ਮਹਿਲਾਂ 'ਚ ਰਹਿਣ ਵਾਲੇ ਲੋਕਾਂ ਨੂੰ ਨਾ ਤਾਂ ਆਮ ਲੋਕਾਂ ਦੇ ਦੁੱਖਾਂ ਦਰਦਾਂ ਬਾਰੇ ਪਤਾ ਹੁੰਦਾ ਹੈ ਤੇ ਨਾ ਹੀ ਉਹ ਇਸ ਨੂੰ ਸਮਝਣਾ ਹੀ ਚਾਹੁੰਦੇ ਹਨ।

ਇਕ ਪਾਸੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰ-ਵਾਰ ਕਾਂਗਰਸ 'ਤੇ ਵਾਰ ਕਰਦਿਆਂ ਕਹਿੰਦੇ ਹਨ ਕਿ ਕਾਂਗਰਸ 'ਚ ਨਾਮਦਾਰ ਬੰਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਦੀ ਹੀ  ਪਾਰਟੀ ਨਾਮਦਾਰ ਫ਼ਿਲਮੀ ਸਿਤਾਰਿਆਂ, ਖਿਡਾਰੀਆਂ ਆਦਿ ਦਾ ਸਹਾਰਾ ਲੈ ਰਹੀ ਹੈ। ਅੱਜ ਆਮ ਲੋਕਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਦੇ ਤਾਂ ਪਤਾ ਨਹੀਂ ਅੱਛੇ ਦਿਨ ਆਏ ਜਾਂ ਨਹੀਂ ਪਰ ਸਟਾਰਾਂ ਤੇ ਖਿਡਾਰੀਆਂ ਦੇ 'ਅੱਛੇ ਦਿਨ' ਜ਼ਰੂਰ ਆ ਗਏ ਹਨ।