ਜਪਾਨ ਵਿਚ ਚੋਣ ਜਿਤਣ ਵਾਲੇ ਪਹਿਲੇ ਭਾਰਤੀ ਬਣੇ ‘ਯੋਗੀ’
ਭਾਰਤੀ ਮੂਲ ਦੇ ਜਪਾਨੀ ਪੁਰਾਣਿਕ ਯੋਗੇਂਦਰ ਨੇ ਜਪਾਨ ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਿਲ ਕੀਤੀ ਹੈ।
ਜਪਾਨ: ਭਾਰਤੀ ਮੂਲ ਦੇ ਜਪਾਨੀ ਪੁਰਾਣਿਕ ਯੋਗੇਂਦਰ ਨੇ ਜਪਾਨ ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਿਲ ਕੀਤੀ ਹੈ। 41 ਸਾਲਾਂ ਦੇ ‘ਯੋਗੀ’ ਪਹਿਲੇ ਅਜਿਹੇ ਭਾਰਤੀ ਬਣ ਗਏ ਹਨ, ਜਿਨ੍ਹਾਂ ਨੇ ਜਪਾਨ ਵਿਚ ਕੋਈ ਚੋਣ ਜਿੱਤੀ ਹੈ। ਪੁਰਾਣਿਕ ਯੋਗੇਂਦਰ ਨੂੰ 6,477 ਵੋਟਾਂ ਹਾਸਿਲ ਹੋਈਆਂ ਹਨ। ‘ਯੋਗੀ’ ਜਪਾਨ ਦੀ ਸੰਵਿਧਾਨਿਕ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਹਨ। ਉਹਨਾਂ ਨੂੰ 2,26,561 ਵੋਟਾਂ ਵਿਚੋਂ ਪੰਜਵੇਂ ਸਥਾਨ ‘ਤੇ ਸਭ ਤੋਂ ਜ਼ਿਆਦਾ (6,477) ਵੋਟਾਂ ਹਾਸਿਲ ਹੋਈਆਂ ਹਨ। ਪੁਰਾਣਿਕ ਯੋਗੇਂਦਰ ਨੇ ਟੋਕੀਓ ਦੇ ਐਡੋਗਾਵਾ ਵਾਰਡ ਤੋਂ ਅਸੈਂਬਲੀ ਚੋਣ ਵਿਚ ਜਿੱਤ ਪ੍ਰਾਪਤ ਕੀਤੀ ਹੈ।
ਪੁਰਾਣਿਕ ਪਹਿਲੀ ਵਾਰ ਸਾਲ 1997 ਵਿਚ ਜਪਾਨ ਗਏ ਸਨ। ਉਸ ਸਮੇਂ ਉਹ ਕਾਲਜ ਵਿਚ ਪੜ੍ਹਦੇ ਸਨ। ਫਿਰ ਦੋ ਸਾਲਾਂ ਬਾਅਦ 2001 ਵਿਚ ‘ਯੋਗੀ’ ਇੰਜੀਨੀਅਰ ਬਣ ਕੇ ਜਪਾਨ ਗਏ ਸਨ। ਉਹਨਾਂ ਨੇ ਬੈਂਕ ਵਿਚ ਕੰਮ ਵੀ ਕੀਤਾ ਅਤੇ ਸਾਲ 2005 ਤੋ ਹੀ ਉਹ ਐਡੋਗਾਵਾ ਵਿਚ ਰਹਿ ਰਹੇ ਹਨ। ਯੋਗੀ ਨੇ ਦੱਸਿਆ ਕਿ ਉਹ 2011 ਵਿਚ ਜਪਾਨ ‘ਚ ਆਏ ਤੂਫਾਨ ਅਤੇ ਭੂਚਾਲ ਤੋਂ ਬਾਅਦ ਜਪਾਨ ਦੇ ਲੋਕਾਂ ਨਾਲ ਜੁੜੇ। ਇਸੇ ਦੌਰਾਨ ਉਹ ਜਪਾਨ ਵਿਚ ਮੌਜੂਦ ਭਾਰਤੀਆਂ ਨਾਲ ਮਿਲ ਕੇ ਪੀੜਤਾਂ ਲ਼ਈ ਖਾਣਾ ਬਣਾਉਂਦੇ ਸਨ।
ਯੋਗੀ ਨੇ ਕਿਹਾ ਕਿ ਉਹਨਾਂ ਨੇ ਤੈਅ ਕੀਤਾ ਸੀ ਕਿ ਉਹ ਜਪਾਨ ਦੀ ਨਾਗਰਿਕਤਾ ਲੈਣਗੇ ਅਤੇ ਇਥੋਂ ਦੇ ਲੋਕਾਂ ਲਈ ਕੰਮ ਕਰਨਗੇ। ਉਹਨਾਂ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਜਪਾਨ ਵਿਚ ਰਹਿ ਰਹੇ ਹਨ। ਦੱਸ ਦਈਏ ਕਿ ਜਿਸ ਸੀਟ ਤੋਂ ਯੋਗੀ ਨੇ ਜਿੱਤ ਹਾਸਿਲ ਕੀਤੀ ਹੈ ਉਸ ਜਗ੍ਹਾ ‘ਤੇ ਜ਼ਿਆਦਾ ਗਿਣਤੀ ਵਿਚ ਭਾਰਤੀ ਹੀ ਰਹਿੰਦੇ ਹਨ। ਟੋਕੀਓ ਦੇ 23 ਵਾਰਡਾਂ ਵਿਚ ਰਹਿਣ ਵਾਲੇ 10 ਫੀਸਦੀ (4300) ਲੋਕ ਭਾਰਤੀ ਹਨ। ਭਾਰਤੀਆਂ ਤੋਂ ਇਲਾਵਾ ਇਸ ਵਾਰਡ ਵਿਚ ਚੀਨੀ ਅਤੇ ਕੋਰੀਅਨ ਲੋਕ ਵੀ ਰਹਿੰਦੇ ਹਨ। ਜਪਾਨ ਵਿਚ ਕੁੱਲ 34,000 ਭਾਰਤੀ ਰਹਿੰਦੇ ਹਨ।