ਦਿੱਲੀ ਵਿਚ ਸੀਆਰਪੀਐਫ ਦੇ 15 ਹੋਰ ਜਵਾਨ ਕੋਰੋਨਾ ਪਾਜ਼ੀਟਿਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਹੀ ਬਟਾਲੀਅਨ ਵਿਚ ਹੁਣ ਤੱਕ 24 ਜਵਾਨ ਸੰਕਰਮਿਤ

Photo

ਨਵੀਂ ਦਿੱਲੀ: ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀ ਦਿੱਲੀ ਸਥਿਤ ਬਟਾਲੀਅਨ ਵਿਚ ਤੈਨਾਤ 15 ਜਵਾਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ਨੀਵਾਰ 25 ਅਪ੍ਰੈਲ ਨੂੰ ਦਿੱਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਜਵਾਨ ਸੀਆਰਪੀਐਫ ਦੀ 31ਵੀਂ ਬਟਾਲੀਅਨ ਦੇ ਹਨ, ਜਿਸ ਦੇ 9 ਜਵਾਨ ਵੀਰਵਾਰ ਨੂੰ ਕੋਰੋਨਾ ਸੰਕਰਮਿਤ ਪਾਏ ਗਏ ਸਨ।

ਇਹਨਾਂ ਤਾਜ਼ਾ ਮਾਮਲਿਆਂ ਦੇ ਨਾਲ ਇਸ ਯੂਨਿਟ ਵਿਚ ਸੰਕਰਮਿਤ ਜਵਾਨਾਂ ਦੀ ਗਿਣਤੀ ਵਧ ਕੇ 24 ਹੋ ਗਈ ਹੈ। ਅਧਿਕਾਰੀ ਨੇ ਕਿਹਾ ਕਿ ਮਰੀਜਾਂ ਨੂੰ ਕੁਆਰੰਟੀਨ ਕਰ ਦਿੱਤਾ ਹੈ ਅਤੇ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਯੂਨਿਟ ਦੇ ਕਰੀਬ 12 ਹੋਰ ਜਵਾਨਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ ਅਤੇ ਉਹਨਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ।

ਅਧਿਕਾਰੀ ਨੇ ਕਿਹਾ ਕਿ ਯੂਨਿਟ ਦੇ ਕਰਮੀਆਂ ਦੀ ਜਾਂਚ ਉਸ ਸਮੇਂ ਕਰਵਾਈ ਗਈ ਜਦੋਂ ਪਿਛਲੇ ਹਫਤੇ ਬਟਾਲੀਅਨ ਜਾਣ ਵਾਲੇ ਹੈੱਡ ਕਾਂਸਟੇਬਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਹੈੱਡ ਕਾਂਸਟੇਬਲ ਨਰਸਿੰਗ ਕਰਮਚਾਰੀ ਦੇ ਤੌਰ 'ਤੇ ਕੰਮ ਕਰਦਾ ਹੈ ਅਤੇ ਜੰਮੂ-ਕਸ਼ਮੀਰ ਦੇ ਕੁਪਵਾੜਾ ਵਿਚ ਤੈਨਾਤ 162ਵੀਂ ਬਟਾਲੀਅਨ ਦਾ ਹਿੱਸਾ ਹੈ।

ਉਹ ਛੁੱਟੀ 'ਤੇ ਨੋਇਡਾ ਆਇਆ ਹੋਇਆ ਸੀ। ਜ਼ਿਕਰਯੋਗ ਹੈ ਕਿ ਭਾਰਤ ਵਿਚ ਵਿਦੇਸ਼ੀ ਨਾਗਰਿਕਾਂ ਸਮੇਤ ਕੋਰੋਨਾ ਪੀੜਤਾਂ ਦੀ ਗਿਣਤੀ ਐਤਵਾਰ ਨੂੰ ਵਧ ਕੇ 26,917 ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ 826 ਮੌਤਾਂ ਹੋਈਆਂ ਹਨ ਅਤੇ ਕੋਰੋਨਾ ਵਾਇਰਸ ਦੇ ਐਕਟਿਵ ਮਾਮਲੇ 20,177 ਹਨ।