ਕੋਰੋਨਾ ਜੰਗ ਜਿੱਤਣ ਲਈ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਦਿੱਤੀ ਸਲਾਹ
ਰਾਹੁਲ ਗਾਂਧੀ ਨੇ ਦੇਸ਼ ਵਿਚ ਕੋਰੋਨਾ ਵਾਇਰਸ ਸੰਕਰਮਣ ਨੂੰ ਕੰਟਰੋਲ ਕਰਨ ਲਈ ਇਸ ਦੀ ਜਾਂਚ ਵਿਚ ਪੈਦਾ ਹੋ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਅਪੀਲ ਕੀਤੀ।
ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਸੰਕਰਮਣ ਨੂੰ ਕੰਟਰੋਲ ਕਰਨ ਲਈ ਇਸ ਦੀ ਜਾਂਚ ਵਿਚ ਪੈਦਾ ਹੋ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਤੇਜ਼ ਗਤੀ ਨਾਲ ਕੰਮ ਕਰਨ ਲਈ ਅਪੀਲ ਕੀਤੀ।
ਰਾਹੁਲ ਗਾਂਧੀ ਨੇ ਐਤਵਾਰ ਨੂੰ ਇਸ ਬਾਰੇ ਮਾਹਰਾਂ ਦੇ ਸੁਝਾਅ ਦਾ ਹਵਾਲਾ ਦਿੰਦੇ ਹੋਏ ਟਵੀਟ ਕਰ ਕੇ ਕਿਹਾ, 'ਇਸ ਵਾਇਰਸ ਨਾਲ ਨਜਿੱਠਣ ਲਈ ਇਸ ਦੇ ਸੰਕਰਮਣ ਦੀ ਜਾਂਚ ਦਾ ਘੇਰਾ ਵਧਾਉਣਾ ਹੀ ਸਹੀ ਵਿਕਲਪ ਹੈ। ਭਾਰਤ ਨੂੰ ਹਾਲੇ ਇਕ ਲੱਖ ਲੋਕਾਂ ਵਿਚੋਂ 40 ਹਜ਼ਾਰ ਦਾ ਪਰੀਖਣ ਕਰਵਾਉਣ ਦੇ ਪੱਧਰ ਨੂੰ ਵਧਾਉਣਾ ਹੋਵੇਗਾ'।
ਉਹਨਾਂ ਨੇ ਕਿਹਾ ਕਿ ਮਾਹਿਰਾਂ ਮੁਤਾਬਕ ਵੱਡੇ ਪੱਧਰ 'ਤੇ ਜਾਂਚ ਕਰਨਾ ਕੋਰੋਨਾ ਵਾਇਰਸ ਨਾਲ ਨਜਿੱਠਣ ਦਾ ਕਾਰਗਰ ਤਰੀਕਾ ਹੈ। ਗਾਂਧੀ ਨੇ ਕਿਹਾ ਕਿ ਭਾਰਤ ਵਿਚ ਟੈਸਟ ਕਿੱਟਾਂ ਦੀ ਮੌਜੂਦਗੀ ਦੇ ਬਾਵਜੂਦ ਕੁੱਝ ਮੁਸ਼ਕਿਲਾਂ ਆ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਦਿਸ਼ਾ ਵਿਚ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਟੈਸਟਿੰਗ ਦਾ ਘੇਰਾ ਵਧਾਉਣ ਲਈ ਸਰਕਾਰ ਕੋਲ ਲਗਾਤਾਰ ਮੰਗ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਸਮੇਤ ਕਈ ਵੱਡੇ ਨੇਤਾ ਕੇਂਦਰ ਸਰਕਾਰ ਕੋਲ ਕੋਰੋਨਾ ਟੈਸਟਿੰਗ ਵਧਾਉਣ ਦੀ ਮੰਗ ਕਰਦੇ ਰਹੇ ਹਨ।
ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਾਂਗਰਸ ਵੱਲੋਂ ਜਾਰੀ ਵੀਡੀਓ ਵਿਚ ਇਕ ਸੁਝਾਅ ਦਿੱਤਾ। ਉਹਨਾਂ ਕਿਹਾ ਕਿ ਜਾਂਚ ਅਤੇ ਸੰਕਰਮਿਤ ਮਰੀਜਾਂ ਦਾ ਪਤਾ ਲਗਾਉਣਾ ਇਸ ਸਮੇਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ।