ਕੋਰੋਨਾ ਵਾਇਰਸ: ਭਾਰਤ ਦੀ ਮਦਦ ਲਈ ਕੈਨੇਡਾ ਵੀ ਆਇਆ ਅੱਗੇ, ਵਿਦੇਸ਼ ਮੰਤਰੀ ਨੇ ਦਿੱਤਾ ਭਰੋਸਾ
ਸਾਡੀ ਸੋਚ ਭਾਰਤ ਦੇ ਲੋਕਾਂ ਨਾਲ ਹੈ ਕਿਉਂਕਿ ਉਹ ਮਹਾਂਮਾਰੀ ਦੀ ਭਿਆਨਕ ਨਵੀਂ ਲਹਿਰ ਦਾ ਸਾਹਮਣਾ ਕਰ ਰਹੇ ਹਨ- ਮਾਰਕ ਗਾਰਨੇਉ
ਨਵੀਂ ਦਿੱਲੀ: ਦੇਸ਼ ਵਿਚ ਬੇਕਾਬੂ ਹੋ ਰਹੇ ਕੋਰੋਨਾ ਵਾਇਰਸ ਦੇ ਚਲਦਿਆਂ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਇਸ ਦੌਰਾਨ ਫਰਾਂਸ, ਕੈਨੇਡਾ, ਆਸਟ੍ਰੇਲੀਆ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਭਾਰਤ ਲਈ ਮਦਦ ਦਾ ਹੱਥ ਵਧਾਇਆ ਹੈ। ਹਾਲ ਹੀ ਵਿਚ ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਡੀ ਸੋਚ ਭਾਰਤ ਦੇ ਲੋਕਾਂ ਦੇ ਨਾਲ ਹੈ। ਉਹਨਾਂ ਕਿਹਾ ਕਿ ਕੈਨੇਡਾ ਭਾਰਤ ਦੀ ਮਦਦ ਕਰਨ ਲਈ ਵੀ ਤਿਆਰ ਹੈ।
ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਕ ਗਾਰਨੇਉ ਦਾ ਕਹਿਣਾ ਹੈ ਕਿ ਸਾਡੀ ਸੋਚ ਭਾਰਤ ਦੇ ਲੋਕਾਂ ਨਾਲ ਹੈ ਕਿਉਂਕਿ ਉਹ ਮਹਾਂਮਾਰੀ ਦੀ ਭਿਆਨਕ ਨਵੀਂ ਲਹਿਰ ਦਾ ਸਾਹਮਣਾ ਕਰ ਰਹੇ ਹਨ। ਕੈਨੇਡਾ ਭਾਰਤ ਦੀ ਮਦਦ ਕਰਨ ਲਈ ਤਿਆਰ ਹੈ। ਉਹਨਾਂ ਅੱਗੇ ਕਿਹਾ ਕਿ ਕੈਨੇਡਾ ਭਾਰਤੀ ਅਧਿਕਾਰੀਆਂ ਤੱਕ ਇਹ ਨਿਰਧਾਰਿਤ ਕਰਨ ਲਈ ਪਹੁੰਚ ਕਰ ਰਿਹਾ ਹੈ ਕਿ ਇਸ ਸਮੇਂ ਅਸੀਂ ਕਿਸ ਤਰ੍ਹਾਂ ਭਾਰਤ ਦੀ ਮਦਦ ਕਰ ਸਕਦੇ ਹਾਂ।
ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਚਲਦਿਆਂ ਭਾਰਤ ਵਿਚ ਪੈਦਾ ਹੋਏ ਹਲਾਤਾਂ ’ਤੇ ਅਮਰੀਕਾ ਨੇ ਚਿੰਤਾ ਜਤਾਈ ਹੈ। ਦਰਅਸਲ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਿਲੰਕੇਨ ਨੇ ਕਿਹਾ ਕਿ ਉਹਨਾਂ ਦੀ ਸਮੁੱਚੀਆਂ ਹਮਦਰਦੀ ਭਾਰਤੀ ਲੋਕਾਂ ਦੇ ਨਾਲ ਹੈ। ਉਹਨਾਂ ਇਹ ਵੀ ਕਿਹਾ ਕਿ ਅਸੀਂ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਦੂਜੇ ਪਾਸੇ ਯੂਐਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸਲੀਵਨ ਨੇ ਵੀ ਭਾਰਤ ਪ੍ਰਤੀ ਹਮਦਰਦੀ ਜਤਾਈ ਹੈ ਅਤੇ ਤੇਜ਼ੀ ਨਾਲ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਹੈ।
ਦੱਸ ਦਈਏ ਕਿ ਭਾਰਤ ਵਿਚ ਕੋਰੋਨਾ ਦੇ ਮਾਮਲਿਆਂ ’ਚ ਰੋਜ਼ਾਨਾ ਤੇਜ਼ੀ ਨਾਲ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਦੇਸ਼ ਵਿਚ ਹੁਣ ਰੋਜ਼ਾਨਾ 3.50 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਆ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 3,52,991 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ 2812 ਮਰੀਜ਼ਾਂ ਦੀ ਮੌਤ ਹੋਣ ਨਾਲ ਮੌਤਾਂ ਦਾ ਅੰਕੜਾ 1,95,123 ਹੋ ਗਿਆ ।