2 ਜੀ ਮਾਮਲਾ : ਮੁਲਜ਼ਮਾਂ ਨੂੰ ਬਰੀ ਕੀਤੇ ਜਾਣ ਦੇ ਫ਼ੈਸਲੇ ਨੂੰ ਚੁਨੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਬੀਆਈ ਨੇ ਦਿੱਲੀ ਹਾਈ ਕੋਰਟ ਵਿਚ ਕਿਹਾ ਕਿ 2 ਜੀ ਸਪੈਕਟਰਮ ਮਾਮਲਾ 'ਭਾਰੀ ਨੁਕਸਾਨ ਦਾ ਮਾਮਲਾ' ਹੈ ਅਤੇ ...

2G Scam

ਸੀਬੀਆਈ ਨੇ ਦਿੱਲੀ ਹਾਈ ਕੋਰਟ ਵਿਚ ਕਿਹਾ ਕਿ 2 ਜੀ ਸਪੈਕਟਰਮ ਮਾਮਲਾ 'ਭਾਰੀ ਨੁਕਸਾਨ ਦਾ ਮਾਮਲਾ' ਹੈ ਅਤੇ ਦੇਸ਼ ਲਈ ਸ਼ਰਮ ਦੀ ਗੱਲ ਹੈ। ਏਜੰਸੀ ਨੇ ਇਸ ਮਾਮਲੇ ਵਿਚ ਮੁਲਜ਼ਮਾਂ ਨੂੰ ਬਰੀ ਕੀਤੇ ਜਾਣ ਦੇ ਫ਼ੈਸਲੇ ਨੂੰ ਚੁਨੌਤੀ ਦਿਤੀ ਹੈ। ਜਾਂਚ ਏਜੰਸੀ ਨੇ ਇਸ ਮਾਮਲੇ ਵਿਚ ਸਾਬਕਾ ਦੂਰਸੰਚਾਰ ਮੰਤਰੀ ਏ ਰਾਜਾ, ਡੀਐਮਕੇ ਸੰਸਦ ਮੈਂਬਰ ਕਲੀਮੋਝੀ ਅਤੇ ਹੋਰਾਂ ਵਿਰੁਧ ਅਰਜ਼ੀ ਦਾਖ਼ਲ ਕੀਤੀ ਹੈ। 

ਵਧੀਕ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਮੁਲਜ਼ਮਾਂ ਨੂੰ ਬਰੀ ਕੀਤੇ ਜਾਣ ਨੂੰ ਚੁਨੌਤੀ ਦਿੰਦਿਆਂ ਜੱਜ ਐਸ ਪੀ ਗਰਗ ਦੀ ਬੈਂਚ ਨੂੰ ਕਿਹਾ ਕਿ ਸਪੈਕਟਰਮ ਵੰਡ ਵਿਚ ਘੁਟਾਲੇ ਨਾਲ ਸਰਕਾਰੀ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ। ਮਹਿਤਾ ਨੇ ਕਿਹਾ, 'ਇਹ ਭਾਰੀ ਨੁਕਸਾਨ ਦਾ ਮਾਮਲਾ ਹੈ ਅਤੇ ਦੇਸ਼ ਲਈ ਸ਼ਰਮ ਦੀ ਗੱਲ ਹੈ।' ਉਨ੍ਹਾਂ ਮੁਲਜ਼ਮਾਂ ਦੁਆਰਾ ਅਪਣਾ ਜਵਾਬ ਦਾਖ਼ਲ ਕਰਨ ਲਈ ਹੋਰ ਸਮਾਂ ਮੰਗੇ ਜਾਣ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਪ੍ਰਕ੍ਰਿਆ ਖਿੱਚਣ ਲਈ ਉਹ ਅਜਿਹੇ ਹੱਥਕੰਡੇ ਅਪਣਾ ਰਹੇ ਹਨ।

ਹਾਈ ਕੋਰਟ ਹੁਣ ਸੀਬੀਆਈ ਦੀ ਪਟੀਸ਼ਨ 'ਤੇ ਦੋ ਅਗੱਸਤ ਨੂੰ ਜਦਕਿ ਈਡੀ ਦੀ ਪਟੀਸ਼ਨ 'ਤੇ ਛੇ ਅਗੱਸਤ ਨੂੰ ਸੁਣਵਾਈ ਕਰੇਗੀ। ਵਿਸ਼ੇਸ਼ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿਤਾ ਸੀ। ਈਡੀ ਨੇ 2 ਜੀ ਘੁਟਾਲਾ ਮਾਮਲੇ ਤੋਂ ਸਾਹਮਣੇ ਆਏ ਕਾਲਾ ਧਨ ਮਾਮਲੇ ਵਿਚ ਮੁਲਜ਼ਮਾਂ ਨੂੰ ਬਰੀ ਕੀਤੇ ਜਾਣ ਨੂੰ ਚੁਨੌਤੀ ਦਿੰਦਿਆਂ ਦਾਖ਼ਲ ਕੀਤੀ ਹੈ। ਅਦਾਲਤ ਸੀਬੀਆਈ ਅਤੇ ਈਡੀ ਦੀ ਪਟੀਸ਼ਨ 'ਤੇ ਰਾਜਾ, ਕਲੀਮੋਝੀ ਅਤੇ ਹੋਰਾਂ ਨੂੰ ਪਹਿਲਾਂ ਹੀ ਅਲੱਗ ਅਲੱਗ ਨੋਟਿਸ ਜਾਰੀ ਕਰ ਚੁੱਕੀ ਹੈ। ਵਿਸ਼ੇਸ਼ ਸੁਣਵਾਈ ਦੌਰਾਨ ਅਦਾਲਤ ਨੇ ਪਿਛਲੇ ਸਾਲ 21 ਦਸੰਬਰ ਨੂੰ ਰਾਜਾ ਅਤੇ ਕਨੀਮੋਝੀ ਸਮੇਤ 19 ਜਣਿਆਂ ਨੂੰ ਬਰੀ ਕਰ ਦਿਤਾ ਸੀ।           (ਏਜੰਸੀ)