ਆਪ ਵਿਧਾਇਕ ਅਲਕਾ ਲਾਂਬਾ ਨੇ ਕੀਤਾ ਪਾਰਟੀ ਛੱਡਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2013 ਵਿਚ ਸ਼ੁਰੂ ਹੋਇਆ ਸਫ਼ਰ 2020 ਵਿਚ ਹੋ ਜਾਵੇਗਾ ਖ਼ਤਮ

AAP MLA Alka Lamba announce will leave party in 2020

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀ ਅਸੰਤੁਸ਼ਟ ਵਿਧਾਇਕ ਅਲਕਾ ਲਾਂਬਾ ਨੇ ਅਗਲੇ ਸਾਲ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਚਾਂਦਨੀ ਚੌਂਕ ਤੋਂ ਵਿਧਾਇਕ ਲਾਂਬਾ ਨੇ ਟਵੀਟ ਕੀਤਾ, 2013 ਵਿਚ ਆਪ ਨਾਲ ਸ਼ੁਰੂ ਹੋਇਆ ਮੇਰਾ ਸਫ਼ਰ 2020 ਵਿਚ ਸਮਾਪਤ ਹੋ ਜਾਵੇਗਾ। ਮੇਰੀਆਂ ਦੁਆਵਾਂ ਪਾਰਟੀ ਨਾਲ ਹਮੇਸ਼ਾ ਰਹਿਣਗੀਆਂ। ਉਮੀਦ ਕਰਦੀ ਹਾਂ ਕਿ ਆਪ ਦਿੱਲੀ ਵਿਚ ਇਕ ਮਜਬੂਤ ਵਿਕਲਪ ਬਣਾਈ ਰੱਖਣਗੇ।

ਆਪ ਨਾਲ ਪਿਛਲੇ 6 ਸਾਲ ਯਾਦਗਾਰ ਰਹੇ ਅਤੇ ਆਪ ਤੋਂ ਬਹੁਤ ਕੁਝ ਸਿਖਣ ਨੂੰ ਮਿਲਿਆ ਹੈ। ਉਹਨਾਂ ਨੇ ਇਹ ਨਹੀਂ ਦਸਿਆ ਕਿ ਉਹ ਅਗਲੇ ਸਾਲ ਦਿੱਲੀ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਛੱਡਣਗੇ ਜਾਂ ਬਾਅਦ ਵਿਚ। ਲਾਂਬਾ ਦੇ ਪਾਰਟੀ ਨਾਲ ਰਿਸ਼ਤੇ ਕੁਝ ਸਮੇਂ ਤੋਂ ਚੰਗੇ ਨਹੀਂ ਸਨ ਚਲ ਰਹੇ। ਸ਼ਨੀਵਾਰ ਨੂੰ ਵਿਧਾਇਕ ਨੇ ਕੌਮੀ ਰਾਜਧਾਨੀ ਦੀਆਂ ਸਾਰੀਆਂ ਸੀਟਾਂ ’ਤੇ ਆਪ ਦੀ ਕਰਾਰੀ ਹਾਰ ਲਈ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੋਂ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਸੀ..

..ਜਿਸ ਤੋਂ ਬਾਅਦ ਪਾਰਟੀ ਵਿਧਾਇਕਾਂ ਦੇ ਵਟਸਐਪ ਗਰੁਪ ਚੋਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ। ਇਹ ਦੂਜੀ ਵਾਰ ਹੋਇਆ ਸੀ ਕਿ ਲਾਂਬਾ ਨੂੰ ਗਰੁਪ ਵਿਚੋਂ ਬਾਹਰ ਕੱਢਿਆ ਗਿਆ ਸੀ। ਇਸ ਤੋਂ ਪਹਿਲਾਂ ਉਹਨਾਂ ਨੂੰ ਪਿਛਲੇ ਸਾਲ ਦਸੰਬਰ ਵਿਚ ਗਰੁਪ ਵਿਚੋਂ ਬਾਹਰ ਕੱਢਿਆ ਗਿਆ ਸੀ।

ਉਸ ਸਮੇਂ ਉਹਨਾਂ ਨੇ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੇ ਆਪ ਦੇ ਪ੍ਰਸਤਾਵ ’ਤੇ ਇਤਰਾਜ਼ ਜਤਾਇਆ ਸੀ। ਫਿਰ ਉਹਨਾਂ ਨੂੰ ਲੋਕ ਸਭਾ ਚੋਣ ਪ੍ਰਚਾਰ ਤੋਂ ਪਹਿਲਾਂ ਗਰੁਪ ਨਾਲ ਦੁਬਾਰਾ ਜੋੜਿਆ ਗਿਆ ਅਤੇ ਉਹਨਾਂ ਨੂੰ ਪਾਰਟੀ ਲਈ ਪ੍ਰਚਾਰ ਕਰਨ ਦੀ ਉਮੀਦ ਕੀਤੀ ਗਈ ਸੀ।

ਪਰ ਲਾਂਬਾ ਨੇ ਪਾਰਟੀ ਲਈ ਪ੍ਰਚਾਰ ਨਹੀਂ ਕੀਤਾ ਸੀ ਅਤੇ ਕੇਜਰੀਵਾਲ ਦੇ ਰੋਡ ਸ਼ੋਅ ਵਿਚ ਹਿੱਸਾ ਲੈਣ ਤੋਂ ਪਰਹੇਜ਼ ਕੀਤਾ ਕਿਉਂਕਿ ਵਿਧਾਇਕ ਨੂੰ ਉਹਨਾਂ ਦੀ ਕਾਰ ਦੇ ਪਿੱਛੇ ਚਲਣ ਨੂੰ ਕਿਹਾ ਗਿਆ ਸੀ।