ਆਪ ਦੇ ਦੋਵੇਂ ਧੜੇ ਮੁੜ ਇਕੱਠੇ ਹੋਣ ਦੀ ਤਿਆਰੀ 'ਚ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਚੋਣਾਂ ਤੋਂ ਬਾਅਦ ਚੰਡੀਗੜ੍ਹ 'ਚ ਹੋਈ ਗੁਪਤ ਮੀਟਿੰਗ 

AAP

ਬਠਿੰਡਾ : ਲੋਕ ਸਭਾ ਚੋਣਾਂ 'ਚ ਆਪ ਅਤੇ ਬਾਗ਼ੀ ਧੜੇ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਹੁਣ ਮੁੜ ਦੋਹਾਂ ਧੜਿਆਂ 'ਚ ਰਲੇਵੇ ਦੀ ਗੱਲ ਚੱਲ ਪਈ ਹੈ। ਉੱਚ ਸੂਤਰਾਂ ਮੁਤਾਬਕ ਬੀੇਤੇ ਦਿਨ ਸਨਿੱਚਰਵਾਰ ਨੂੰ ਇਸ ਸਬੰਧ 'ਚ ਚੰਡੀਗੜ੍ਹ ਵਿਖੇ ਬਾਗ਼ੀ ਧੜੇ ਨਾਲ ਸਬੰਧਤ ਵਿਧਾਇਕ ਕੰਵਰ ਸੰਧੂ ਦੇ ਘਰ ਦੋਹਾਂ ਧੜਿਆਂ ਨਾਲ ਸਬੰਧਤ ਕਰੀਬ ਅੱਧੀ ਦਰਜਨ ਵਿਧਾਇਕਾਂ ਤੇ ਆਗੂਆਂ ਦੀ ਇਕ ਗੁਪਤ ਮੀਟਿੰਗ ਵੀ ਹੋਈ ਹੈ। ਮੀਟਿੰਗ ਵਿਚ ਗੱਲਬਾਤ ਸਾਰਥਕ ਰਹਿਣ ਦੇ ਚਲਦੇ ਆਉਣ ਵਾਲੇ ਦਿਨਾਂ 'ਚ ਕੁੱਝ ਨਤੀਜੇ ਵੀ ਸਾਹਮਣੇ ਆ ਸਕਦੇ ਹਨ।

ਸੂਤਰਾਂ ਅਨੁਸਾਰ ਮੀਟਿੰਗ ਵਿਚ ਦੋਹਾਂ ਧਿਰਾਂ ਦੇ ਵੱਖ ਹੋਣ ਨਾਲ ਹੋਏ ਨੁਕਸਾਨ ਨੂੰ ਸਵੀਕਾਰਦੇ ਹੋਏ ਕੋਈ ਸਾਂਝੀ ਰਾਏ ਬਣਾਉਣ 'ਤੇ ਜ਼ੋਰ ਦਿਤਾ ਗਿਆ। ਪਤਾ ਚਲਿਆ ਹੈ ਕਿ ਖਹਿਰਾ ਧੜਾ ਹਾਲੇ ਵੀ ਬਠਿੰਡਾ ਰੈਲੀ 'ਚ ਪਾਸ ਕੀਤੇ ਅੱਧੀ ਦਰਜਨ ਮਤਿਆਂ ਦੀ ਪ੍ਰਵਾਨਗੀ ਲਈ ਆਪ ਆਗੂਆਂ 'ਤੇ ਜ਼ੋਰ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂਕਿ ਆਪ ਦੇ ਆਗੂ ਪਿਛਲੀਆਂ ਗੱਲਾਂ ਨੂੰ ਛੱਡ ਅੱਗੇ ਨਵੇਂ ਸਿਰੇ ਤੋਂ ਮਿਲ ਕੇ ਚੱਲਣ ਦੀ ਪੇਸ਼ਕਸ ਕਰ ਰਹੇ ਹਨ। ਇਸ ਤੋਂ ਇਲਾਵਾ ਆਪ ਦੇ ਸੂਤਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਇਕੱਲੇ ਖਹਿਰਾ ਨੂੰ ਛੱਡ ਬਾਕੀ ਅੱਧੀ ਦਰਜਨ ਵਿਧਾਇਕਾਂ ਦੀ ਘਰ ਵਾਪਸੀ ਦੀ ਕੋਈ ਸਮੱਸਿਆ ਨਹੀਂ ਹੈ।

ਜ਼ਿਕਰਯੋਗ ਹੈ ਕਿ ਸੂਬੇ 'ਚ ਲੋਕ ਸਭਾ ਚੋਣਾਂ ਤੋਂ ਬਾਅਦ ਬਦਲ ਰਹੀਆਂ ਸਿਆਸੀ ਪ੍ਰਸਥਿਤੀਆਂ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਧਾਨ ਸਭਾ 'ਚ ਮਿਲੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਉਪਰ ਵੀ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਬਾਗ਼ੀ ਧੜੇ ਦੇ ਵੀ ਕੁੱਝ ਖ਼ਾਸ ਸਫ਼ਲਤਾ ਹੱਥ ਨਹੀ ਲੱਗੀ ਹੈ। ਬਠਿੰਡਾ ਤੋਂ ਖ਼ੁਦ ਖਹਿਰਾ ਅਤੇ ਫ਼ਰੀਦਕੋਟ ਤੋਂ ਮਾਸਟਰ ਬਲਦੇਵ ਸਿੰਘ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਇਸੇ ਤਰ੍ਹਾਂ ਆਪ ਨੂੰ ਵੀ ਸੂਬੇ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਸਿਰਫ਼ ਇਕ ਉਪਰ ਹੀ ਸਬਰ ਕਰਨਾ ਪਿਆ ਹੈ ਜਦੋਂਕਿ ਪਿਛਲੀਆਂ ਲੋਕ ਸਭਾ ਚੋਣਾਂ 'ਚ ਬਿਨਾਂ ਕਿਸੇ ਢਾਂਚੇ ਦੇ ਇਹ ਪਾਰਟੀ ਪੰਜਾਬ ਵਿਚੋਂ ਚਾਰ ਸੀਟਾਂ ਜਿੱਤਣ ਵਿਚ ਸਫ਼ਲ ਰਹੀ ਸੀ।

ਸੰਗਰੂਰ ਵਿਚ ਵੀ ਭਗਵੰਤ ਮਾਨ ਪਾਰਟੀ ਦੇ ਪ੍ਰਭਾਵ ਦੀ ਬਜਾਏ ਅਪਣੇ ਵਲੋਂ ਕੀਤੇ ਕੰਮਾਂ ਤੇ ਲੋਕਾਂ 'ਚ ਵਿਚਰਨ ਦੇ ਚਲਦੇ ਵੱਡੇ ਅੰਤਰ ਨਾਲ ਜਿੱਤੇ ਹਨ। ਉਧਰ ਇਹ ਵੀ ਪਤਾ ਚਲਿਆ ਹੈ ਕਿ ਚੋਣਾਂ ਦੌਰਾਨ ਆਪ ਛੱਡ ਕਾਂਗਰਸ ਵਿਚ ਸ਼ਾਮਲ ਹੋਏ ਵਿਧਾਇਕ ਅਮਰਜੀਤ ਸਿੰਘ ਸੰਦੋਆ ਨਾਲ ਜਿੱਤ ਵਾਲੇ ਦਿਨ ਹੋਏ 'ਸਲੂਕ' ਨੇ ਦੂਜੇ ਆਪ ਵਿਧਾਇਕਾਂ ਦੇ ਵੀ ਕੰਨ ਖੋਲ੍ਹ ਦਿਤੇ ਹਨ। ਚਰਚਾ ਤਾਂ ਇਹ ਵੀ ਸੁਣਾਈ ਦਿੰਦੀ ਹੈ ਕਿ ਆਪ ਵਲੋਂ ਸ਼੍ਰੀ ਸੰਦੋਆ ਅਤੇ ਨਾਜ਼ਰ ਸਿੰਘ ਮਾਨਸਾਹੀਆ ਨਾਲ ਵੀ ਘਰ ਵਾਪਸੀ ਲਈ ਸੰਪਰਕ ਸਾਧਿਆ ਜਾ ਸਕਦਾ ਹੈ।

ਦੱਸਣਾ ਬਣਦਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਉਤਾਰਨ ਬਾਅਦ ਅੱਧੀ ਦਰਜਨ ਵਿਧਾਇਕ ਸੁਖਪਾਲ ਸਿੰਘ ਖ਼ਹਿਰਾ ਦੇ ਹੱਕ ਵਿਚ ਆ ਗਏ ਸਨ ਪ੍ਰੰਤੂ ਬਾਅਦ ਵਿਚ ਜੈ ਕਿਸ੍ਰਨ ਸਿੰਘ ਰੋੜੀ ਮੁੜ ਵਾਪਸ ਚਲਾ ਗਿਆ ਸੀ। ਇਸ ਤੋਂ ਇਲਾਵਾ ਵੱਖ ਹੋਣ ਸਮੇਂ ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਵੀ ਖਹਿਰਾ ਧੜੇ ਨਾਲ ਹਮਦਰਦੀ ਦਿਖ਼ਾਈ ਸੀ ਪ੍ਰੰਤੂ ਬਾਅਦ ਵਿਚ ਦਿੱਲੀ ਦੇ ਦਬਾਅ ਹੇਠ ਪਾਰਟੀ ਦੀ ਮੁੱਖ ਲਾਈਨ ਵਿਚ ਆ ਗਈ ਸੀ। ਇਸੇ ਤਰ੍ਹਾਂ ਖਹਿਰਾ ਧੜੇ ਨਾਲ ਖੜ੍ਹਨ ਵਾਲੇ ਨਾਜ਼ਰ ਸਿੰਘ ਮਾਨਸਾਹੀਆ ਪਿਛਲੇ ਦਿਨਾਂ 'ਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ।

ਇਸ ਤੋਂ ਇਲਾਵਾ ਵਿਧਾਇਕ ਕੰਵਰ ਸੰਧੂ ਵੱਖ ਹੋਣ ਸਮੇਂ ਗਤੀਸ਼ੀਲ ਰਹਿਣ ਤੋਂ ਬਾਅਦ ਹੁਣ ਬਿਲਕੁੱਲ ਚੁੱਪ ਹੋ ਗਏ ਸਨ। ਉਨ੍ਹਾਂ ਬਠਿੰਡਾ 'ਚ ਖਹਿਰਾ ਅਤੇ ਫ਼ਰੀਦਕੋਟ 'ਚ ਮਾਸਟਰ ਬਲਦੇਵ ਸਿੰਘ ਦੇ ਹੱਕ ਵਿਚ ਇਕ ਦਿਨ ਵੀ ਪ੍ਰਚਾਰ ਨਹੀਂ ਕੀਤਾ ਸੀ। ਜਿਸ ਦੇ ਚਲਦੇ ਬਾਗ਼ੀ ਧੜੇ ਨਾਲ ਸਬੰਧਤ ਵਿਧਾਇਕ ਜਗਦੇਵ ਸਿੰਘ ਕਮਾਲੂ, ਜਗਤਾਰ ਸਿੰਘ ਹਿੱਸੋਵਾਲ, ਪਿਰਮਿਲ ਸਿੰਘ, ਮਾਸਟਰ ਬਲਦੇਵ ਸਿੰਘ ਹਾਲੇ ਵੀ ਡਟੇ ਹੋਏ ਹਨ। 

ਆਪ ਦੀ ਵਿਚਾਰਧਾਰਾਂ 'ਚ ਰਹਿ ਕੇ ਚੱਲਣ ਵਾਲਿਆਂ ਦਾ ਸਵਾਗਤ : ਚੀਮਾ 
ਉਧਰ ਸੰਪਰਕ ਕਰਨ 'ਤੇ ਆਪ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਪ ਦੀ ਵਿਚਾਰਧਾਰਾ 'ਚ ਰਹਿ ਕੇ ਚੱਲਣ ਵਾਲਿਆਂ ਦਾ ਸਵਾਗਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਪੰਜਾਬ ਨੂੰ ਕਾਂਗਰਸ ਤੇ ਅਕਾਲੀਆਂ ਦੇ ਗਠਜੋੜ ਤੋਂ ਮੁਕਤ ਕਰਨ ਦੀ ਜ਼ਰੂਰਤ ਹੈ ਤੇ ਆਪ ਲੋਕਾਂ ਨੂੰ ਇਹ ਬਦਲ ਦੇਣ ਲਈ ਵਚਨਬੱਧ ਹੈ।