ਮੈਂ ਪਾਰਟੀ ਦੇ ਹਰ ਕੰਮ ਵਿਚ ਸਾਥ ਦੇਵਾਂਗਾ ਪਰ ਪ੍ਰਧਾਨਤਾ ਦੇ ਅਹੁਦੇ ’ਤੇ ਨਹੀਂ: ਰਾਹੁਲ ਗਾਂਧੀ
ਰਾਹੁਲ ਦੇ ਅਸਤੀਫ਼ੇ ਨੂੰ ਕੀਤਾ ਨਾਮਨਜੂਰ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਪਰ ਕਾਂਗਰਸ ਵਰਕਿੰਗ ਕਮੇਟੀ ਨੇ ਇਸ ਨੂੰ ਮਨਜੂਰ ਨਹੀਂ ਕੀਤਾ। ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਅਸਤੀਫ਼ਾ ਦੇਣ ਦੀ ਜਿਦ ’ਤੇ ਅੜੇ ਰਹੇ। ਪ੍ਰਿਅੰਕਾ ਗਾਂਧੀ ਦਾ ਵੀ ਉਹਨਾਂ ਦੇ ਇਸ ਫ਼ੈਸਲੇ ’ਤੇ ਸਾਥ ਮਿਲਿਆ ਹੈ।
ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਮੇਸ਼ਾ ਕੰਮ ਕਰਦੇ ਰਹਿਣਗੇ ਪਰ ਉਹ ਅਪਣਾ ਅਸਤੀਫ਼ਾ ਵਾਪਸ ਨਹੀਂ ਲੈਣਗੇ। ਪ੍ਰਿਅੰਕਾ ਗਾਂਧੀ ਦਾ ਕਹਿਣਾ ਹੈ ਕਿ ਰਾਹੁਲ ਨੂੰ ਕੁਝ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਜਿਸ ਨਾਲ ਕੋਈ ਚੰਗਾ ਵਿਚਾਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਰਾਹੁਲ ਨੂੰ ਅਪਣੇ ਫੈਸਲੇ ’ਤੇ ਦੁਬਾਰਾ ਵਿਚਾਰ ਕਰਨ ਨੂੰ ਕਿਹਾ ਹੈ। ਸਾਬਕਾ ਵਿੱਤ ਮੰਤਰੀ ਪੀ ਚਿਤੰਬਰਮ ਬੈਠਕ ਵਿਚ ਹੀ ਰੋ ਪਏ।
ਰਾਹੁਲ ਗਾਂਧੀ ਦੇ ਅਸਤੀਫ਼ੇ ਦੀ ਜਿੱਦ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਵਿਚ ਵੀ ਹੰਝੂ ਆ ਗਏ। ਉਹਨਾਂ ਨੇ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨਤਾ ਦਾ ਆਹੁਦਾ ਨਾ ਛੱਡਣ ਲਈ ਕਿਹਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਨਾਲ ਦੱਖਣ ਭਾਰਤ ਦੇ ਲੋਕਾਂ ਨੂੰ ਬਹੁਤ ਦੁੱਖ ਲਗੇਗਾ। ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਸੀਡਬਲਯੂਸੀ ਦੀ ਬੈਠਕ ਵਿਚ ਬਤੌਰ ਪ੍ਰਧਾਨਤਾ ਵਿਚ ਕੁਝ ਮੁਸ਼ਕਿਲਾਂ ਦਾ ਜ਼ਿਕਰ ਕੀਤਾ।
ਉਹਨਾਂ ਨੇ ਕਿਹਾ ਕਿ ਚਿਦੰਬਰਮ ਨੇ ਕਿਹਾ ਸੀ ਕਿ ਜੇਕਰ ਮੇਰੇ ਪੁੱਤਰ ਨੂੰ ਟਿਕਟ ਨਹੀਂ ਮਿਲੀ ਤਾਂ ਉਹ ਪਾਰਟੀ ਛੱਡ ਦੇਣਗੇ। ਕਮਲਨਾਥ ਨੇ ਕਿਹਾ ਕਿ ਮੇਰੇ ਮੁੱਖ ਮੰਤਰੀ ਹੋਣ ਦਾ ਕੋਈ ਫਾਇਦਾ ਨਹੀਂ ਜੇਕਰ ਮੇਰੇ ਪੁੱਤਰ ਨੂੰ ਟਿਕਟ ਹੀ ਨਾ ਮਿਲੇ। ਛਿੰਦਵਾੜਾ ਮੇਰੇ ਪਰਵਾਰ ਦੀ ਸੀਟ ਹੈ ਅਤੇ ਗਹਿਲੋਤ ਸਾਹਿਬ ਹਫ਼ਤੇ ਲਈ ਜੋਧਪੁਰ ਠਹਿਰੇ ਸਨ, ਪਰ ਮੇਰੇ ਪੁੱਤਰ ਨੂੰ ਜਿੱਤਾ ਨਹੀਂ ਸਕਿਆ। ਰਾਹੁਲ ਗਾਂਧੀ ਦੇ ਅਸਤੀਫ਼ੇ ’ਤੇ ਸੋਨੀਆਂ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਹ ਰਾਹੁਲ ਦਾ ਅਪਣਾ ਫ਼ੈਸਲਾ ਹੈ।
ਅਜਿਹਾ ਲਗਦਾ ਹੈ ਕਿ ਹੁਣ ਸ਼ਾਇਦ ਹੀ ਉਹ ਅਪਣਾ ਫ਼ੈਸਲਾ ਬਦਲਣ। ਰਾਹੁਲ ਗਾਂਧੀ ਨੇ ਇਸ ਗਲ ’ਤੇ ਜੋਰ ਦਿੱਤਾ ਕਿ ਪ੍ਰਧਾਨਤਾ ਦਾ ਆਹੁਦਾ ਕਿਸੇ ਹੋਰ ਨੂੰ ਸੰਭਾਲਣਾ ਚਾਹੀਦਾ ਹੈ। ਪਰ ਮਿਲੀ ਜਾਣਕਾਰੀ ਮੁਤਾਬਕ ਜਦੋਂ ਪ੍ਰਿਅੰਕਾ ਗਾਂਧੀ ਦਾ ਨਾਮ ਸਾਹਮਣੇ ਆਇਆ ਤਾਂ ਰਾਹੁਲ ਨੇ ਕਿਹਾ ਕਿ ਪ੍ਰਿਅੰਕਾ ਨੂੰ ਇਸ ਮਾਮਲੇ ਤੋਂ ਦੂਰ ਹੀ ਰੱਖੋ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਪਾਰਟੀ ਦੇ ਹਰ ਕੰਮ ਕਰਾਂਗਾ ਪਰ ਪ੍ਰਧਾਨਤਾ ਦੇ ਅਹੁਦੇ ’ਤੇ ਨਹੀਂ।
ਇਸ ਬੈਠਕ ਵਿਚ ਸੋਨੀਆਂ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਸ਼ਾਮਲ ਸਨ। ਹਾਲਾਂਕਿ ਕਮੇਟੀ ਦੀ ਬੈਠਕ ਵਿਚ ਮੌਜੂਦ ਮੈਂਬਰਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹਨਾਂ ਨੇ ਰਾਹੁਲ ਗਾਂਧੀ ਦੇ ਅਸਤੀਫ਼ੇ ਨੂੰ ਅਸਵੀਕਾਰ ਕਰ ਦਿੱਤਾ ਹੈ। ਕਾਂਗਰਸ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਅਜਿਹੇ ਮੁਸ਼ਕਲ ਹਲਾਤਾਂ ਵਿਚ ਉਹਨਾਂ ਨੂੰ ਰਾਹੁਲ ਦੀ ਲੀਡਰਸ਼ਿਪ ਦੀ ਜ਼ਰੂਰਤ ਹੈ।