Cyclone Yaas: ਬੰਗਾਲ ਤੇ ਓਡੀਸ਼ਾ ਵਿਚ ਹਾਈ ਅਲਰਟ, ਤੇਜ਼ ਹਵਾਵਾਂ ਨਾਲ ਬਾਰਿਸ਼ ਜਾਰੀ
ਐਨਡੀਆਰਐਫ ਦੀਆਂ ਟੀਮਾਂ ਤੈਨਾਤ
ਨਵੀਂ ਦਿੱਲੀ: ਅਗਲੇ ਕੁਝ ਹੀ ਘੰਟਿਆਂ ਵਿਚ ਚੱਕਰਵਾਤ ਯਾਸ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਤੱਟੀ ਇਲਾਕਿਆਂ ਨਾਲ ਟਕਰਾ ਸਕਦਾ ਹੈ। ਫਿਲਹਾਲ ਓਡੀਸ਼ਾ ਦੇ ਬਾਲਾਸੋਰ ਅਤੇ ਭਦਰਕ ਜ਼ਿਲ੍ਹੇ ਵਿਚ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋ ਰਹੀ ਹੈ। ਉੱਥੇ ਹੀ ਪੱਛਮੀ ਬੰਗਾਲ ਦੇ ਨਾਰਥ 24 ਪਰਗਨਾ ਵਿਚ ਵੀ ਹਵਾਵਾਂ ਦੇ ਨਾਲ ਬਾਰਿਸ਼ ਦਾ ਸਿਲਸਿਲਾ ਜਾਰੀ ਹੈ।
ਇਸ ਤੋਂ ਇਲਾਵਾ ਸਮੁੰਦਰ ਦਾ ਪਾਣੀ ਦੀਘਾ ਸ਼ਹਿਰ ਵਿਚ ਦਾਖਲ ਹੋ ਚੁੱਕਾ ਹੈ। ਦੋਵੇਂ ਸੂਬੇ ਹਾਈ ਅਲਰਟ ’ਤੇ ਹਨ। ਪੱਛਮੀ ਬੰਗਾਲ ਦੇ ਨਈਹਾਟੀ ਅਤੇ ਹਾਲੀਸ਼ਹਿਰ ਦੇ ਕਈ ਘਰ ਤੂਫਾਨ ਅਤੇ ਤੇਜ਼ ਬਾਰਿਸ਼ ਕਾਰਨ ਤਬਾਹ ਹੋ ਗਏ। ਮੌਸਮ ਵਿਭਾਗ ਅਨੁਸਾਰ ਧਾਮਰਾ ਬੰਦਰਗਾਹ ਅਤੇ ਬਾਲਾਸੋਰ ਵਿਚ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ।
ਬੰਗਾਲ ਵਿਚ ਚੱਕਰਵਾਤੀ ਤੂਫਾਨ ਯਾਸ ਦੇ ਆਉਣ ਕਾਰਨ ਕੋਲਕਾਤਾ ਏਅਰਪੋਰਟ 'ਤੇ ਉਡਾਣਾਂ ਨੂੰ ਮੁਅੱਤਲ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਇੰਟਰਨੈਸ਼ਨਲ ਏਅਰਪੋਰਟ 'ਤੇ ਚੱਕਰਵਾਤ ਕਾਰਨ ਸਾਰੀਆਂ ਉਡਾਣਾਂ ਸਵੇਰੇ ਸਾਢੇ ਅੱਠ ਵਜੇ ਤੋਂ ਲੈ ਕੇ ਬੁੱਧਵਾਰ ਰਾਤ ਪੌਣੇ ਅੱਠ ਵਜੇ ਤੱਕ ਮੁਅੱਤਲ ਰਹਿਣਗੀਆਂ। ਇਸ ਦੇ ਨਾਲ ਹੀ ਰੇਲਵੇ ਨੇ ਟਰੇਨਾਂ ਦੇ ਪਹੀਏ ਨੂੰ ਸੰਗਲ ਨਾਲ ਬੰਨ੍ਹ ਦਿੱਤਾ ਹੈ, ਤਾਂਕਿ ਇਹਨਾਂ ਟਰੇਨਾਂ 'ਤੇ ਤੂਫਾਨ ਦਾ ਅਸਰ ਨਾ ਹੋਵੇ।
ਚੱਕਰਵਾਤੀ ਤੂਫਾਨ ਨੂੰ ਦੇਖਦੇ ਹੋਏ ਫੌਜ ਦੀ ਵੀ ਤੈਨਾਤੀ ਕੀਤੀ ਗਈ ਹੈ। ਇਸ ਦੇ ਚਲਦਿਆਂ ਐਨਡੀਆਰਐਫ ਨੇ ਪੰਜ ਸੂਬਿਆਂ ਅਤੇ 1 ਕੇਂਦਰ ਸ਼ਾਸਤ ਪ੍ਰਦੇਸ਼ ਵਿਚ 115 ਟੀਮਾਂ ਦੀ ਤੈਨਾਤੀ ਕੀਤੀ ਹੈ, ਜਿਨ੍ਹਾਂ ਵਿਚ 52 ਓਡੀਸ਼ਾ ਅਤੇ 45 ਟੀਮਾ ਪੱਛਮੀ ਬੰਗਾਲ ਵਿਚ ਸ਼ਾਮਲ ਹਨ। ਮੌਸਮ ਵਿਭਾਗ ਦੇ ਅਧਿਕਾਰੀ ਅਨੁਸਾਰ ਤੂਫਾਨ ਯਾਸ ਹਰ ਘੰਟੇ ਕਰੀਬ 12 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਧ ਰਿਹਾ ਹੈ।