ਹਰਿਆਣਾ ਦੇ ਸਾਬਕਾ CM ਓਮ ਪ੍ਰਕਾਸ਼ ਚੌਟਾਲਾ ਨੂੰ ਕੱਲ੍ਹ ਸੁਣਾਈ ਜਾਵੇਗੀ ਸਜ਼ਾ, ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੌਟਾਲਾ ਵੱਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਉਹ 87 ਸਾਲ ਦੇ ਹਨ ਅਤੇ ਲੰਮੇ ਸਮੇਂ ਤੋਂ ਬਿਮਾਰ ਹਨ।

Om Prakash Chautala


ਨਵੀਂ ਦਿੱਲੀ: ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਸ਼ੁੱਕਰਵਾਰ ਦੁਪਹਿਰ 2 ਵਜੇ ਸਜ਼ਾ ਸੁਣਾਏਗੀ। ਦਿੱਲੀ ਦੀ ਰਾਉਸ ਐਵੇਨਿਊ ਅਦਾਲਤ 'ਚ ਸਜ਼ਾ 'ਤੇ ਵਕੀਲਾਂ ਦੀਆਂ ਦਲੀਲਾਂ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸਾਬਕਾ ਸੀਐਮ ਓਪੀ ਚੌਟਾਲਾ ਖੁਦ ਵੀਲ੍ਹਚੇਅਰ 'ਤੇ ਅਦਾਲਤ ਪਹੁੰਚੇ।

Om Prakash Chautala

ਸਵੇਰੇ ਚੌਟਾਲਾ ਵੱਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਉਹ 87 ਸਾਲ ਦੇ ਹਨ ਅਤੇ ਲੰਮੇ ਸਮੇਂ ਤੋਂ ਬਿਮਾਰ ਹਨ। ਉਹਨਾਂ ਕੋਲ 60 ਫੀਸਦੀ ਅਪੰਗਤਾ ਦਾ ਸਰਟੀਫਿਕੇਟ ਵੀ ਹੈ ਪਰ ਹੁਣ ਉਹ 90 ਫੀਸਦੀ ਅਪਾਹਜ ਹੋ ਚੁੱਕੇ ਹਨ। ਉਹਨਾਂ ਦੀ ਸਿਹਤ ਖ਼ਰਾਬ ਰਹਿੰਦੀ ਹੈ ਅਤੇ ਆਪਣੇ ਕੱਪੜੇ ਖੁਦ ਵੀ ਨਹੀਂ ਬਦਲ ਪਾਉਂਦੇ। ਇਸ ਤੋਂ ਪਹਿਲਾਂ ਉਹ ਜੇਬੀਟੀ ਭਰਤੀ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਭੁਗਤ ਚੁੱਕੇ ਹਨ। ਜੇਲ੍ਹ ਵਿਚ ਰਹਿੰਦਿਆਂ ਉਹਨਾਂ 10ਵੀਂ ਅਤੇ 12ਵੀਂ ਪਾਸ ਕੀਤੀ ਹੈ। ਇਸ ਦੇ ਨਾਲ ਹੀ ਸੀਬੀਆਈ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਸਾਬਕਾ ਮੁੱਖ ਮੰਤਰੀ ਨੂੰ ਘੱਟ ਸਜ਼ਾ ਦੇਣ ਨਾਲ ਗਲਤ ਸੰਦੇਸ਼ ਜਾਵੇਗਾ।

Om Prakash Chautala

ਜ਼ਿਕਰਯੋਗ ਹੈ ਕਿ ਚੌਟਾਲਾ ਨੂੰ ਅਦਾਲਤ ਨੇ 21 ਮਈ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸੀਬੀਆਈ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਚੌਟਾਲਾ ਖ਼ਿਲਾਫ਼ 106 ਗਵਾਹ ਪੇਸ਼ ਕੀਤੇ ਸਨ। ਸੀਬੀਆਈ ਨੇ 2005 ਵਿਚ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਇਹ ਕੇਸ ਦਰਜ ਕੀਤਾ ਸੀ। 2010 ਵਿਚ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਚਾਰਜਸ਼ੀਟ ਤੋਂ ਬਾਅਦ ਓਪੀ ਚੌਟਾਲਾ ਦਾ ਬਿਆਨ 16 ਜਨਵਰੀ 2018 ਨੂੰ ਦਰਜ ਕੀਤਾ ਗਿਆ ਸੀ। ਸੀਬੀਆਈ ਨੇ ਚੌਟਾਲਾ ਅਤੇ ਉਹਨਾਂ ਦੇ ਪੁੱਤਰਾਂ ਖ਼ਿਲਾਫ਼ ਤਿੰਨ ਵੱਖ-ਵੱਖ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦਰਜ ਕੀਤੇ ਸਨ।