ਲੁਟੇਰਿਆਂ ਦੇ ਹੌਸਲੇ ਬੁਲੰਦ : ਮਾਂ ਮਾਰੀ ਤੇ ਬੇਟੀ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜਕਲ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁਕੇ ਹਲ ਕਿ ਉਹ ਕਾਨੂੰਨ ਨੂੰ ਟਿੰਚ ਕਰ ਕੇ ਜਾਣਦੇ ਹਨ। ਅਜਿਹੀ ਹੀ ਘਟਨਾ...

Murder

ਅੰਮ੍ਰਿਤਸਰ, (ਕ੍ਰਾਈਮ ਰਿਪੋਰਟਰ): ਅੱਜਕਲ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁਕੇ ਹਲ ਕਿ ਉਹ ਕਾਨੂੰਨ ਨੂੰ ਟਿੰਚ ਕਰ ਕੇ ਜਾਣਦੇ ਹਨ। ਅਜਿਹੀ ਹੀ ਘਟਨਾ ਅੰਮ੍ਰਿਤਸਰ ਵਿਖੇ ਵਾਪਰੀ ਹੈ। ਪੁਲਿਸ ਕਮਿਸ਼ਨਰ ਦੇ ਦਫ਼ਤਰ ਤੋਂ ਮਹਿਜ਼ 50 ਮੀਟਰ ਦੂਰ ਦੋ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਸੋਮਵਾਰ ਸ਼ਾਮ ਐਕਟਿਵਾ 'ਤੇ ਜਾ ਰਹੀਆਂ ਮਾਵਾਂ-ਧੀਆਂ ਦਾ ਪਰਸ ਖਿੱਚ ਲਿਆ ਜਿਸ ਕਰਾਨ ਐਕਟਿਵਾ ਦਾ ਸੰਤੁਲਨ ਵਿਗੜ ਗਿਆ ਤੇ ਉਹ ਦੋਵੇਂ ਸੜਕ 'ਤੇ ਡਿੱਗ ਪਈਆਂ । ਸਿਰ 'ਤੇ ਗਹਿਰੀ ਸੱਟ ਲੱਗਣ ਕਾਰਨ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਬੇਟੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।

ਗੁਮਟਾਲਾ ਮਾਲਾਂਵਾਲੀ ਨਿਵਾਸੀ ਪਰਮਜੀਤ ਕੌਰ  (50) ਤੇ ਉਸ ਦੀ ਬੇਟੀ ਕਿਰਨਪ੍ਰੀਤ ਕੌਰ  (25) ਡੈਂਟਲ ਚੈੱਕਅਪ ਲਈ ਹਸਪਤਾਲ ਗਈਆਂ ਸਨ। ਵਾਪਸ ਮੁੜਦਿਆਂ ਬੇਟੀ ਐਕਟਿਵਾ ਚਲਾ ਰਹੀ ਸੀ ਤੇ ਪਰਮਜੀਤ ਪਿਛੇ ਬੈਠੀ ਸੀ। ਜਦੋਂ ਹੀ ਲੁਟੇਰਿਆਂ ਨੇ ਪਰਮਜੀਤ ਕੌਰ  ਦੇ ਹੱਥੋਂ ਪਰਸ ਖਿੱਚਿਆ  ਤਾਂ ਐਕਟਿਵਾ ਦਾ ਸੰਤੁਲਨ ਵਿਗੜ ਗਿਆ ਤੇ ਉਹ ਦੋਵੇਂ ਸੜਕ 'ਤੇ ਡਿੱਗ ਪਈਆਂ। ਪਰਮਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਬੇਟੀ ਜ਼ੇਰੇ ਇਲਾਜ ਹਸਪਤਾਲ ਵਿਚ ਹੈ।

ਉਸ ਦੇ ਸਿਰ ਵਿਚ ਵੀ ਗਹਿਰੀ ਸੱਟ ਲੱਗੀ ਹੋਈ ਹੈ ਤੇ ਉਸ ਨੂੰ ਵਾਪਰੀ ਘਟਨਾ ਬਾਰੇ ਕੁੱਝ ਵੀ ਯਾਦ ਨਹੀਂ ਹੈ। ਕਿਰਨਪ੍ਰੀਤ  ਦੇ ਸਿਰ ਵਿਚ ਦੋ ਟਾਂਕੇ ਲੱਗੇ ਹਨ ਤੇ ਮੂੰਹ, ਬਾਂਹ ਅਤੇ ਲੱਤਾਂ 'ਤੇ ਵੀ ਸੱਟਾਂ ਲਗੀਆਂ ਹਨ।

ਪੁਲਿਸ ਨੇ ਜਦੋਂ ਹਸਪਤਾਲ ਪਹੁੰਚ ਕੇ ਕਿਰਨਪ੍ਰੀਤ ਕੌਰ ਤੋਂ ਘਟਨਾ ਬਾਰੇ ਜਾਣਨਾ ਚਾਹਿਆ ਤਾਂ ਉਹ ਕੁੱਝ ਵੀ ਨਹੀਂ ਦੱਸ ਸਕੀ। ਨਾ ਹੀ ਉਸ ਨੂੰ ਮਾਂ ਦੀ ਮੌਤ ਬਾਰੇ ਹੀ ਪਤਾ ਹੈ। ਉਸ ਦੇ ਪਿਤਾ ਤੇ ਭਰਾ ਜਦੋਂ ਹਸਪਤਾਲ 'ਚ ਗਏ ਤਾਂ ਉਹ ਅਪਣੇ ਹੰਝੂ ਪੂੰਝ ਕੇ ਅੰਦਰ ਗਏ ਤਾਕਿ ਉਸ ਦੀ ਸਿਹਤ ਹੋਰ ਨਾ ਵਿਗੜ ਜਾਵੇ। ਉਧਰ ਪੁਲਿਸ ਨੇ ਸਨੈਚਰਾਂ ਵਿਰੁਧ ਲੁੱਟ ਦੇ ਨਾਲ-ਨਾਲ ਹੱਤਿਆ ਦੀ ਧਾਰਾ ਲਗਾ ਦਿਤੀ ਹੈ।

ਪੁਲਿਸ ਦੇਰ ਰਾਤ ਤਕ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਅਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ  ਨੂੰ ਖੰਗਾਲਦੀ ਰਹੀ। ਹਸਪਤਾਲ ਪੁੱਜੇ ਏਸੀਪੀ ਵਿਸ਼ਾਲਜੀਤ ਸਿੰਘ ਨੇ ਕਿਹਾ ਕਿ ਲੁਟੇਰਿਆਂ   ਵਿਰੁਧ ਧਾਰਾ 396 (ਲੁਟ ਤੋਂ ਬਾਅਦ ਹੱਤਿਆ)   ਤਹਿਤ ਕੇਸ ਦਰਜ ਕੀਤਾ ਜਾਵੇਗਾ। ਹਾਦਸੇ ਤੋਂ ਬਾਅਦ ਡੀਸੀਪੀ ਜਗਮੋਹਨ ਸਿੰਘ ਪੀੜਤ ਪਰਵਾਰ ਨੂੰ ਮਿਲਣ ਹਸਪਤਾਲ ਗਏ ਤੇ ਪੂਰਾ ਇਲਸਾਫ਼ ਦਿਵਾਉਣ ਦਾ ਭਰੋਸਾ ਦਿਤਾ।