ਭਾਰਤ ਦੌਰੇ ‘ਤੇ ਆਏ ਅਮਰੀਕੀ ਵਿਦੇਸ਼ ਮੰਤਰੀ ਅੱਜ ਕਰਨਗੇ ਪੀਐਮ ਮੋਦੀ ਤੇ ਐਸ ਜੈਸ਼ੰਕਰ ਨਾਲ ਮੁਲਾਕਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਭਾਰਤ ਦੀ ਟਾਪ ਲੀਡਰਸ਼ਿਪ ਨਾਲ ਗੱਲਬਾਤ ਕਰਨ ਲਈ ਮੰਗਲਵਾਰ ਨੂੰ ਨਵੀਂ ਦਿੱਲੀ ਪਹੁੰਚੇ।

US Secretary of State Mike Pompeo in Delhi

ਨਵੀਂ ਦਿੱਲੀ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਭਾਰਤ ਦੀ ਟਾਪ ਲੀਡਰਸ਼ਿਪ ਨਾਲ ਗੱਲਬਾਤ ਕਰਨ ਲਈ ਮੰਗਲਵਾਰ ਨੂੰ ਨਵੀਂ ਦਿੱਲੀ ਪਹੁੰਚੇ। ਲੋਕ ਸਭਾ ਚੋਣਾਂ ਤੋਂ ਬਾਅਦ ਇਹ ਕਿਸੇ ਵੀ ਦੇਸ਼ ਤੋਂ ਹੋਣ ਵਾਲੀ ਪਹਿਲੀ ਉਚ ਪੱਧਰੀ ਯਾਤਰਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਪੋਮਪਿਓ ਬੁੱਧਵਾਰ ਨੂੰ ਰੂਸ ਨਾਲ ਐਸ-400 ਮਿਸਾਇਲ ਰੱਖਿਆ ਪ੍ਰਣਾਲੀ ਦੀ ਖਰੀਦ, ਅਤਿਵਾਦ, ਐਚ 1ਬੀ ਵੀਜ਼ਾ, ਵਪਾਰ ਅਤੇ ਈਰਾਨ ਤੋਂ ਤੇਲ ਦੀ ਖਰੀਦ ‘ਤੇ ਅਮਰੀਕੀ ਪਾਬੰਧੀਆਂ ਨਾਲ ਪੈਦਾ ਹੋਣ ਵਾਲੀ ਸਥਿਤੀ ਸਮੇਤ ਵੱਖ ਵੱਖ ਮੁੱਦਿਆਂ ‘ਤੇ ਗੱਲਬਾਤ ਕਰਨਗੇ।

ਪੋਮਪਿਓ ਦੀ ਇਹ ਯਾਤਰਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਜੀ-20 ਸ਼ਿਖਰ ਸੰਮੇਲਨ ‘ਤੇ ਹੋਣ ਵਾਲੀ ਬੈਠਕ ਤੋਂ ਪਹਿਲਾਂ ਹੋ ਰਹੀ ਹੈ। ਜੀ-20 ਸ਼ਿਖਰ ਸੰਮੇਲਨ 28-29 ਜੂਨ ਨੂੰ ਜਪਾਨ ਦੇ ਓਸਾਕਾ ਵਿਚ ਹੋਣ ਵਾਲਾ ਹੈ। ਪੋਮਪਿਓ ਜੈਸ਼ੰਕਰ ਦੇ ਨਾਲ ਬੈਠਕ ਤੋਂ ਇਲਾਵਾ ਭਾਰਤੀ ਵਿਦੇਸ਼ ਮੰਤਰੀ ਵੱਲੋਂ ਆਯੋਜਿਤ ਭੋਜਨ ਵਿਚ ਵੀ ਸ਼ਾਮਲ ਹੋਣਗੇ। ਪੋਮਪਿਓ ਇਸ ਤੋਂ ਇਲਾਵਾ ਬੁੱਧਵਾਰ ਨੂੰ ਪੀਐਮ ਮੋਦੀ ਨਾਲ ਵੀ ਮੁਲਾਕਾਤ ਕਰਨਗੇ।

ਪੋਮਪਿਓ ਭਾਰਤੀ ਅਤੇ ਅਮਰੀਕੀ ਉਦਯੋਗ ਜਗਤ ਦੇ ਲੋਕਾਂ ਨੂੰ ਮਿਲਣਗੇ ਅਤੇ ਇੱਥੇ ਸਥਿਤ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਚ ਭਾਸ਼ਣ ਦੇਣਗੇ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਆਰ ਪੋਮਪਿਓ ਦੀ ਭਾਰਤ ਯਾਤਰਾ ਦੌਰਾਨ ਭਾਰਤ ਨੂੰ ਰੂਸ ਨਾਲ ਐਸ-400 ਮਿਸਾਇਲ ਸਮੇਤ ਸਾਰੇ ਬਾਕੀ ਹਥਿਆਰਾਂ ਦੇ ਸੌਦਿਆਂ ਨੂੰ ਲੈ ਕੇ ਛੋਟ ਮਿਲਣ ਦੀ ਉਮੀਦ ਹੈ।

ਉਥੇ ਹੀ ਸੂਤਰਾਂ ਦਾ ਕਹਿਣਾ ਹੈ ਕਿ ਰੂਸ ਕੋਲੋਂ ਐਸ-400 ਮਿਸਾਇਲ ਰੱਖਿਆ ਪ੍ਰਣਾਲੀ ਖਰੀਦਣ ਲਈ ਅਮਰੀਕੀ ਪਾਬੰਧੀ ਤੋਂ ਛੋਟ ਦੀਆਂ ਸ਼ਰਤਾਂ ਨੂੰ ਭਾਰਤ ਪੂਰਾ ਕਰਦਾ ਹੈ। ਦੱਸ ਦਈਏ ਕਿ ਭਾਰਤ ਨੇ ਪਿਛਲੇ ਸਾਲ ਅਕਤੂਬਰ ਵਿਚ 40 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਮਿਸਾਇਲ ਪ੍ਰਣਾਲੀ ਖਰੀਦਣ ਲਈ ਰੂਸ ਨਾਲ ਸਮਝੌਤਾ ਕੀਤਾ ਸੀ। ਭਾਰਤ ਨੇ ਅਮਰੀਕੀ ਚੇਤਾਵਨੀਆਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਇਸ ਸਮਝੌਤੇ ਨੂੰ ਅੱਗੇ ਵਧਾਇਆ।