ਅਸੀਂ ਕਰਵਾਇਆ ਸਿੱਧੂ ਮੂਸੇਵਾਲਾ ਦਾ ਕਤਲ ਅਤੇ ਮੂਸੇਵਾਲਾ ਨੂੰ ਮਾਰਨ ਦੇ ਕਈ ਕਾਰਨ ਸਨ  : ਗੋਲਡੀ ਬਰਾੜ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ : ਸਾਡੇ ਨਿਸ਼ਾਨੇ 'ਤੇ ਹੈ ਸਲਮਾਨ ਖ਼ਾਨ, ਅਸੀਂ ਉਸ ਦਾ ਹੰਕਾਰ ਤੋੜਾਂਗੇ ਅਤੇ ਉਸ ਨੂੰ ਜ਼ਰੂਰ ਮਾਰਾਂਗੇ'

Representational Image

''ਸਿੱਧੂ ਮੂਸੇਵਾਲਾ ਇਕ ਵਿਗੜਿਆ ਅਤੇ ਹੰਕਾਰਿਆ ਹੋਇਆ ਇਨਸਾਨ ਸੀ। ਉਸ ਕੋਲ ਪੈਸਾ, ਪੁਲਿਸ ਅਤੇ ਸਿਆਸੀ ਪਾਵਰ ਜ਼ਰੂਰਤ ਤੋਂ ਵੱਧ ਸੀ ਜਿਸ ਦੀ ਉਹ ਗ਼ਲਤ ਵਰਤੋਂ ਕਰ ਰਿਹਾ ਸੀ''

ਕਿਹਾ, ਸਾਨੂੰ ਨਹੀਂ ਲਗਦਾ ਕਿ ਅਸੀਂ ਕੋਈ ਨਾਜਾਇਜ਼ ਕੰਮ ਕੀਤਾ

ਚੰਡੀਗੜ੍ਹ (ਕੋਮਲਜੀਤ ਕੌਰ): ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਵੱਡੀ ਖ਼ਬਰ ਸਾਹਮਣੇ ਆਈ ਹੈ।  ਗੈਂਗਸਟਰ ਗੋਲਡੀ ਬਰਾੜ ਨੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ ਕਿ ਉਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਸੀ। ਇੰਨਾ ਹੀ ਨਹੀਂ ਉਸ ਨੇ ਇਹ ਵੀ ਕਿਹਾ ਹੈ ਕਿ ਫ਼ਿਲਮ ਅਦਾਕਾਰ ਸਲਮਾਨ ਖ਼ਾਨ ਵੀ ਉਨ੍ਹਾਂ ਦੇ ਨਿਸ਼ਾਨੇ 'ਤੇ ਹਨ। ਜਦੋਂ ਵੀ ਮੌਕਾ ਮਿਲਿਆ ਅਸੀਂ ਉਸ ਦਾ ਹੰਕਾਰ ਜ਼ਰੂਰ ਤੋੜਾਂਗੇ ਅਤੇ ਉਸ ਨੂੰ ਜ਼ਰੂਰ ਮਾਰਾਂਗੇ। ਉਸ ਨੇ ਇਹ ਗੱਲ ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕਹੀ । ਜ਼ਿਕਰਯੋਗ ਹੈ ਕਿ ਗੋਲਡੀ ਬਰਾੜ ਭਾਰਤ ਲਈ ਮੋਸਟ ਵਾਂਟੇਡ ਹੈ ਅਤੇ ਇੰਟਰਪੋਲ ਨੇ ਉਸ ਵਿਰੁਧ ਨੋਟਿਸ ਵੀ ਜਾਰੀ ਕੀਤਾ ਹੈ।

ਨਿਜੀ ਚੈਨਲ ਨੂੰ ਦਿਤੀ ਇਕ ਇੰਟਰਵਿਊ ਦੌਰਾਨ ਗੋਲਡੀ ਬਰਾੜ ਨੇ ਇਹ ਵੀ ਦਸਿਆ ਕਿ ਉਸ ਨੇ ਮੂਸੇਵਾਲਾ ਨੂੰ ਕਿਉਂ ਮਾਰਿਆ? ਗੋਲਡੀ ਬਰਾੜ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਇਕ ਵਿਗੜਿਆ ਅਤੇ ਹੰਕਾਰਿਆ ਹੋਇਆ ਇਨਸਾਨ ਸੀ। ਉਸ ਕੋਲ ਪੈਸਾ, ਪੁਲਿਸ ਅਤੇ ਸਿਆਸੀ ਪਾਵਰ ਜ਼ਰੂਰਤ ਤੋਂ ਵੱਧ ਸੀ ਜਿਸ ਦੀ ਉਹ ਗ਼ਲਤ ਵਰਤੋਂ ਕਰ ਰਿਹਾ ਸੀ।

ਇਹ ਵੀ ਪੜ੍ਹੋ : ਹਰ ਪੰਜਵੇਂ ਛੋਟੇ ਉਦਯੋਗ ’ਤੇ ਵਿਕਸਤ ਦੇਸ਼ਾਂ ਦੀ ਮੰਦੀ ਦੀ ਮਾਰ : ਰੀਪੋਰਟ

ਗੈਂਗਸਟਰ ਗੋਲਡੀ ਬਰਾੜ ਨੇ ਕਿਹਾ ਕਿ ਇਸ ਲਈ  ਸਿੱਧੂ ਮੂਸੇਵਾਲਾ ਨੂੰ ਸਬਕ ਸਿਖਾਉਣਾ ਲਾਜ਼ਮੀ ਸੀ। ਗੋਲਡੀ ਬਰਾੜ ਦਾ ਕਹਿਣਾ ਹੈ ਕਿ ਮੂਸੇਵਾਲਾ ਨੇ ਤਾਕਤ ਦੇ ਨਸ਼ੇ ਵਿਚ ਕੁੱਝ ਗ਼ਲਤੀਆਂ ਕੀਤੀਆਂ ਸਨ ਅਤੇ ਸਾਡਾ ਨਿਜੀ ਨੁਕਸਾਨ ਕੀਤਾ ਸੀ ਇਸ ਲਈ ਅਸੀਂ ਜੋ ਸਜ਼ਾ ਦੇਣੀ ਸੀ ਉਹ ਦੇ ਦਿਤੀ।

ਗੈਂਗਸਟਰ ਗੋਲਡੀ ਬਰਾੜ ਦਾ ਕਹਿਣਾ ਹੈ ਕਿ ਅਸੀਂ ਉਹ ਚੀਜ਼ ਕਰਦੇ ਹੀ ਨਹੀਂ ਜੋ ਲੁਕਾਉਣੀ ਪਵੇ। ਅਸੀਂ ਜੋ ਵੀ ਕੀਤਾ ਉਹ ਸੋਚ ਸਮਝ ਕੇ ਕੀਤਾ। ਸਾਨੂੰ ਨਹੀਂ ਲਗਦਾ ਕਿ ਅਸੀਂ ਕੋਈ ਨਾਜਾਇਜ਼ ਕੰਮ ਕੀਤਾ ਹੈ। ਇਸ ਲਈ ਸਾਨੂੰ ਜੋ ਵੀ ਕੁਰਬਾਨੀ ਦੇਣੀ ਪਵੇਗੀ ਅਸੀਂ ਦੇਵਾਂਗੇ ਪਰ ਜੋ ਜ਼ਰੂਰੀ ਸੀ ਅਸੀਂ ਉਹ ਹੀ ਕੀਤਾ ਹੈ। ਉਸ ਨੇ ਅੱਗੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਦਦ ਕਰਨ ਵਾਲੇ ਅਜੇ ਵੀ ਜ਼ਿੰਦਾ ਹਨ। ਸਾਡੇ ਭਰਾਵਾਂ ਦੇ ਕਤਲ ਵਿਚ ਇਨ੍ਹਾਂ ਦਾ ਨਾਮ ਸ਼ਰ੍ਹੇਆਮ ਆਉਂਦਾ ਸੀ ਪਰ ਕਾਂਗਰਸ ਸਰਕਾਰ ਵੇਲੇ ਮੁੱਖ ਮੰਤਰੀ ਅਤੇ ਡੀਜੀਪੀ. ਦੇ ਲੜਕੇ ਨਾਲ ਇਸ ਦੀ ਯਾਰੀ ਹੋਣ ਕਾਰਨ ਕੋਈ ਕਾਰਵਾਈ ਨਹੀਂ ਹੋ ਰਹੀ ਸੀ। ਇਸ ਲਈ ਅਸੀਂ ਮੀਡੀਆ ਤਕ ਵੀ ਪਹੁੰਚ ਕੀਤੀ ਕਿ ਸਿੱਧੂ ਮੂਸੇਵਾਲਾ ਵਿਰੁਧ ਕਾਰਵਾਈ ਹੋਵੇ ਪਰ ਅਜਿਹਾ ਨਹੀਂ ਹੋਇਆ ਜਿਸ ਕਾਰਨ ਉਨ੍ਹਾਂ ਨੂੰ ਖ਼ੁਦ ਹੀ ਸਿੱਧੂ ਮੂਸੇਵਾਲਾ ਨੂੰ ਸਜ਼ਾ ਦੇਣੀ ਪਈ।

ਇਸ ਤੋਂ ਇਲਾਵਾ ਗੋਲਡੀ ਬਰਾੜ ਨੇ ਆਈ.ਐਸ.ਆਈ ਬਾਰੇ ਵੀ ਗੱਲ ਕੀਤੀ ਹੈ। ਦਾਊਦ ਇਬਰਾਹਿਮ 'ਤੇ ਉਸ ਨੇ ਕਿਹਾ ਕਿ ਸਾਡੇ ਦੇਸ਼ 'ਚ ਬੰਬ ਧਮਾਕੇ ਕਰਨ ਵਾਲਿਆਂ ਨਾਲ ਸਾਡੀ ਕੋਈ ਦੋਸਤੀ ਨਹੀਂ ਹੈ। ਗੋਲਡੀ ਬਰਾੜ ਨੇ ਦਸਿਆ ਕਿ ਉਹ ਪਾਕਿਸਤਾਨ 'ਚ ਬੈਠੇ ਅਤਿਵਾਦੀ ਹਰਵਿੰਦ ਸਿੰਘ ਰਿੰਦਾ ਨਾਲ ਗੱਲਬਾਤ ਕਰਦਾ ਸੀ।ਉਸ ਨੇ ਇਹ ਵੀ ਕਿਹਾ ਕਿ ਉਹ ਨਸ਼ੇ ਦਾ ਕਾਰੋਬਾਰ ਨਹੀਂ ਕਰਦਾ। ਹਾਲਾਂਕਿ, ਉਸ ਨੇ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਤੋਂ ਇਨਕਾਰ ਨਹੀਂ ਕੀਤਾ।