ਕਰੋਨਾ ਨੂੰ ਮਾਤ ਦੇ ਘਰ ਪਰਤੀ 101 ਸਾਲਾ ਬੇਬੇ, ਲੋੜ ਤੋਂ ਵਧੇਰੇ ਡਰਨ ਵਾਲਿਆਂ ਲਈ ਕਾਇਮ ਕੀਤੀ ਮਿਸਾਲ!

ਏਜੰਸੀ

ਖ਼ਬਰਾਂ, ਰਾਸ਼ਟਰੀ

ਨਿਡਰਤਾ ਤੇ ਦਿੜ੍ਹ ਇਰਾਦੇ ਦੀ ਕਾਇਮ ਕੀਤੀ ਮਿਸਾਲ

101 year old woman

ਤਿਰੂਪਤੀ :  ਕੋਰੋਨਾ ਵਾਇਰਸ ਨੇ ਇਸ ਸਮੇਂ ਦੁਨੀਆਂ ਦੇ ਬਹੁਤੇ ਹਿੱਸਿਆਂ 'ਚ ਦਹਿਸ਼ਤ ਮਚਾਈ ਹੋਈ ਹੈ। ਆਏ ਦਿਨ ਵੱਡੀ ਗਿਣਤੀ ਲੋਕ ਇਸ ਦੀ ਲਪੇਟ ਵਿਚ ਆ ਰਹੇ ਹਨ। ਲੰਮੇ ਲੌਕਡਾਊਨ ਤੋਂ ਬਾਅਦ ਮੁੜ ਪੈਰਾ ਸਿਰ ਹੋ ਰਹੀ ਜ਼ਿੰਦਗੀ ਨੂੰ ਮੁੜ ਲੌਕਡਾਊਨ ਦਾ ਡਰ ਸਤਾ ਰਿਹਾ ਹੈ।

ਕਰੋਨਾ ਦਾ ਡਰ ਇਸ ਕਦਰ ਭਾਰੀ ਹੈ ਕਿ ਪਿਛਲੇ ਦਿਨਾਂ ਦੌਰਾਨ ਕਰੋਨਾ ਦੇ ਡਰ ਕਾਰਨ ਕਈ ਲੋਕ ਖੁਦਕੁਸ਼ੀ ਵਰਗਾ ਕਦਮ ਵੀ ਚੁੱਕ ਚੁੱਕੇ ਹਨ। ਭਾਵੇਂ ਸਰਕਾਰਾਂ ਦੇ ਨਾਲ-ਨਾਲ ਡਾਕਟਰਾਂ ਵਲੋਂ ਵੀ ਕਰੋਨਾ ਤੋਂ ਡਰਨ ਦੀ ਬਜਾਏ ਇਸ ਦਾ ਮੁਕਾਬਲਾ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਕਰੋਨਾ ਦੀ ਸਾਹਮਣੇ ਆ ਰਹੀ ਡਰਾਉਣੀ ਤਸਵੀਰ ਲੋਕਾਂ ਨੂੰ ਅੰਦਰੋਂ ਪ੍ਰੇਸ਼ਾਨ ਕਰ ਰਹੀ ਹੈ।

ਸਮਾਂ ਭਾਵੇਂ ਕਿੰਨਾ ਵੀ ਡਰਾਉਣਾ ਅਤੇ ਦੁਖਦਾਈ ਕਿਉਂ ਨਾ ਹੋਵੇ, ਇਸ ਦੇ ਬਾਵਜੂਦ ਕਿਤੋਂ ਨਾ ਕਿਤੋਂ ਆਸ ਦੀ ਕਿਰਨ ਵਿਖਾਈ ਦੇ ਹੀ ਜਾਂਦੀ ਹੈ। ਪਿਛਲੇ ਦਿਨਾਂ ਦੌਰਾਨ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚ ਕਰੋਨਾ ਤੋਂ ਡਰਨ ਦੀ ਬਜਾਏ ਇਸ ਦਾ ਡਟ ਦੇ ਮੁਕਾਬਲੇ ਕਰਨ ਦੀ ਭਾਵਨਾ ਨੂੰ ਬਲ ਮਿਲਦਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਤਿਰੂਪਤੀ ਵਿਖੇ ਸਾਹਮਣੇ ਆਇਆ ਹੈ ਜਿੱਥੇ ਇਕ 101 ਸਾਲਾ ਬੇਬੇ ਕਰੋਨਾ ਨੂੰ ਮਾਤ ਦੇਣ 'ਚ ਸਫ਼ਲ ਹੋਈ ਹੈ।

101 ਸਾਲਾ ਦੀ ਇਹ ਬੇਬੇ ਤਿਰੂਪਤੀ ਦੇ ਸ੍ਰੀ ਵੈਂਕਟੇਸ਼ਵਾਰ ਮੈਡੀਕਲ ਸਾਇੰਸਜ਼ (SV9MS) 'ਚ ਸ੍ਰੀ ਪਦਮਾਵਤੀ ਮਹਿਲਾ ਹਸਪਤਾਲ 'ਚ ਇਲਾਜ ਕਰਵਾ ਰਹੀ ਸੀ। ਇਸ ਬੇਬੇ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਬਾਦ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਬੇਬੇ ਦੇ ਦ੍ਰਿੜ੍ਹ ਇਰਾਦੇ ਅਤੇ ਹੌਂਸਲੇ ਅੱਗੇ ਕਰੋਨਾ ਵਰਗੀ ਮਹਾਮਾਰੀ ਟਿੱਕ ਨਹੀਂ ਸਕੀ। ਇਹ ਬੇਬੇ ਹੁਣ ਸਿਹਤਯਾਬ ਹੋ ਕੇ ਅਪਣੇ ਘਰ ਪਰਤ ਚੁੱਕੀ ਹੈ।

ਮੰਨਗਾਮਾ ਨਾਮ ਦੀ ਇਸ ਬੇਬੇ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਸੂਤਰਾਂ ਨੇ ਦਸਿਆ ਕਿ ਬੀਤੇ ਕੱਲ੍ਹ ਬੇਬੇ ਦੇ ਠੀਕ ਹੋਣ ਬਾਅਦ ਉਸ ਨੂੰ ਛੁੱਟੀ ਦੇ ਦਿਤੀ ਗਈ ਹੈ। ਸੂਤਰਾਂ ਮੁਤਾਬਕ ਮੰਨਗਾਮਾ ਦੀ ਕੁੱਝ ਦਿਨ ਪਹਿਲਾਂ ਕਰੋਨ ਸਬੰਧੀ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਬਾਅਦ ਉਸ ਨੂੰ SV9MS ਸ੍ਰੀ ਪਦਮਾਵਤੀ ਸਟੇਟ ਕੋਵਿਡ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾਇਆ ਗਿਆ ਸੀ। ਉਸ ਦੀ ਉਮਰ ਨੂੰ ਲੈ ਕੇ ਡਾਕਟਰ ਅਤੇ ਹੋਰ ਪਰਵਾਰਕ ਮੈਂਬਰ ਚਿੰਤਤ ਸਨ ਪਰ  101 ਸਾਲਾ ਇਹ ਬੇਬੇ ਅਪਣੀ ਨੀਡਰਤਾ ਅਤੇ ਹਿੰਮਤ ਸਦਕਾ ਕਰੋਨਾ ਨੂੰ ਮਾਤ ਦੇਣ 'ਚ ਸਫ਼ਲ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।