Unlock-3 ਵਿਚ ਖੁੱਲ਼੍ਹ ਸਕਦੇ ਹਨ ਸਿਨੇਮਾ ਹਾਲ, ਮੈਟਰੋ ਤੇ ਸਕੂਲਾਂ ‘ਤੇ ਜਾਰੀ ਰਹੇਗੀ ਪਾਬੰਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਨਲੌਕ-3 ਲਈ ਦਿਸ਼ਾ-ਨਿਰਦੇਸ਼ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। 31 ਜੁਲਾਈ ਨੂੰ ਅਨਲੌਕ-2 ਖਤਮ ਹੋ ਰਿਹਾ ਹੈ।

Cinema Hall

ਨਵੀਂ ਦਿੱਲੀ: ਅਨਲੌਕ-3 ਲਈ ਦਿਸ਼ਾ-ਨਿਰਦੇਸ਼ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। 31 ਜੁਲਾਈ ਨੂੰ ਅਨਲੌਕ-2 ਖਤਮ ਹੋ ਰਿਹਾ ਹੈ। ਸੂਤਰਾਂ ਮੁਤਾਬਕ ਅਨਲੌਕ-3 ਵਿਚ ਸਮਾਜਿਕ ਦੂਰੀ ਦੇ ਨਾਲ ਸਿਨੇਮਾ ਹਾਲ ਨੂੰ ਖੋਲ੍ਹਣ ਦੀ ਇਜਾਜ਼ਤ ਮਿਲ ਸਕਦੀ ਹੈ। ਸੂਚਨਾ ਪ੍ਰਸਾਰਣ ਮੰਤਰਾਲੇ ਨੇ ਇਸ ਸਬੰਧੀ ਗ੍ਰਹਿ ਮੰਤਰਾਲੇ ਨੂੰ ਇਕ ਪ੍ਰਸਤਾਵ ਭੇਜਿਆ ਹੈ, ਜਿਸ ਵਿਚ ਇਕ ਅਗਸਤ ਤੋਂ ਸਿਨੇਮਾ ਹਾਲ ਖੋਲ੍ਹਣ ਦੀ ਗੱਲ ਕਹੀ ਗਈ ਹੈ।

ਇਸ ਤੋਂ ਪਹਿਲਾਂ ਸੂਚਨਾ ਪ੍ਰਸਾਰਣ ਮੰਤਰਾਲੇ ਅਤੇ ਸਿਨੇਮਾ ਹਾਲ ਮਾਲਕਾਂ ਦੀ ਇਕ ਬੈਠਕ ਹੋਈ ਸੀ। ਜਿਸ ਤੋਂ ਬਾਅਦ ਸਿਨੇਮਾ ਹਾਲ ਮਾਲਕ 50  ਫੀਸਦੀ ਦਰਸ਼ਕਾਂ ਦੇ ਨਾਲ ਸਿਨੇਮਾ ਹਾਲ ਸ਼ੁਰੂ ਕਰਨ ਲਈ ਤਿਆਰ ਹੋ ਗਏ ਹਨ। ਹਾਲਾਂਕਿ ਮੰਤਰਾਲੇ ਚਾਹੁੰਦਾ ਹੈ ਕਿ ਸ਼ੁਰੂਆਤ ਵਿਚ 25 ਫੀਸਦੀ ਸੀਟਾਂ ਦੇ ਨਾਲ ਸਿਨੇਮਾ ਹਾਲ ਖੋਲ੍ਹੇ ਜਾਣ ਅਤੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਹੋਵੇ।

ਇਹੀ ਨਹੀਂ ਅਨਲੌਕ-3 ਵਿਚ ਸਿਨੇਮਾ ਹਾਲ ਦੇ ਨਾਲ ਜਿੰਮ ਵੀ ਖੋਲ੍ਹੇ ਜਾ ਸਕਦੇ ਹਨ। ਸੂਤਰਾਂ ਅਨੁਸਾਰ ਫਿਲਹਾਲ ਸਕੂਲ ਅਤੇ ਮੈਟਰੋ ਖੋਲ੍ਹਣ ‘ਤੇ ਵਿਚਾਰ ਨਹੀਂ ਕੀਤਾ ਗਿਆ ਹੈ, ਉੱਥੇ ਹੀ ਸੂਬਿਆਂ ਲਈ ਅਨਲੌਕ-3 ਵਿਚ ਕੁਝ ਹੋਰ ਢਿੱਲ ਦਿੱਤੀ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਮਾਰਚ ਮਹੀਨੇ ਵਿਚ ਪੂਰੇ ਦੇਸ਼ ਵਿਚ ਲੌਕਡਾਊਨ ਲਗਾਇਆ ਗਿਆ ਸੀ, ਜੋ ਜੂਨ ਮਹੀਨੇ ਤੱਕ ਚੱਲਿਆ। 30 ਜੂਨ ਨੂੰ ਅਨਲੌਕ-1 ਦੇ ਤਹਿਤ ਕੋਰੋਨਾ ਸੰਕਟ ਕਾਰਨ ਲਗਾਏ ਗਏ ਲੌਕਡਾਊਨ ਵਿਚ ਢਿੱਲ ਦਿੱਤੀ ਗਈ ਸੀ। ਜਿਸ ਵਿਚ ਆਰਥਕ ਪਾਬੰਦੀਆਂ ਨੂੰ ਖੋਲ੍ਹਿਆ ਗਿਆ। ਉਸ ਤੋਂ ਬਾਅਦ 1 ਜੁਲਾਈ ਤੋਂ ਅਨਲੌਕ-2 ਸ਼ੁਰੂ ਹੋਇਆ। ਜੋ 31 ਜੁਲਾਈ ਨੂੰ ਖਤਮ ਹੋਣ ਜਾ ਰਿਹਾ ਹੈ।

ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਕਾਫੀ ਤੇਜ਼ੀ ਨਾਲ ਵਧੇ ਹਨ। ਆਏ ਦਿਨ ਲਗਭਗ 50 ਹਜ਼ਾਰ ਮਾਮਲੇ ਸਾਹਮਣੇ ਆ ਰਹੇ ਹਨ। ਐਤਵਾਰ ਦੇ ਅੰਕੜਿਆਂ ਮੁਤਾਬਕ ਕੋਰੋਨਾ ਦੇ ਕੁੱਲ ਮਾਮਲੇ 13 ਲੱਖ 85 ਹਜ਼ਾਰ 522 ਹੋ ਗਏ ਹਨ। ਹਾਲਾਂਕਿ ਹੁਣ ਤੱਕ ਦੇਸ਼ ਵਿਚ 8,85,577 ਲੋਕ ਠੀਕ ਹੋ ਚੁੱਕੇ ਹਨ ਜਦਕਿ 4,67,882 ਲੋਕਾਂ ਦਾ ਇਲ਼ਾਜ ਚੱਲ ਰਿਹਾ ਹੈ।

ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਕੋਰੋਨਾ ਵਾਇਰਸ ਦੇ 48,661 ਨਵੇਂ ਮਾਮਲੇ ਸਾਹਮਣੇ ਆਏ ਹਨ। 705 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਵਧ ਕੇ 32063 ਹੋ ਗਈ ਹੈ।