ਮਮਤਾ ਹੋਈ ਸ਼ਰਮਸਾਰ, ਮਾਂ ਨੇ 9 ਮਹੀਨੇ ਦੀਆਂ ਜੁੜਵਾ ਧੀਆਂ ਦਾ ਸਿਰਹਾਣੇ ਨਾਲ ਮੂੰਹ ਘੁੱਟ ਕੇ ਮਾਰਿਆ
13 ਦਿਨਾਂ ਬਾਅਦ ਮੁਲਜ਼ਮ ਮਾਂ ਨੇ ਕਬੂਲਿਆ ਜੁਰਮ
ਜੀਂਦ: ਹਰਿਆਣਾ ਦੇ ਜੀਂਦ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਇਕ ਮਾਂ ਨੇ ਆਪਣੀਆਂ 9 ਮਹੀਨਿਆਂ ਦੀਆਂ ਜੁੜਵਾ ਮਾਸੂਮ ਧੀਆਂ ਨੂੰ ਮੂੰਹ 'ਤੇ ਸਿਰਹਾਣਾ ਰੱਖ ਕੇ ਮੌਤ ਦੇ ਘਾਟ ਉਤਾਰ ਦਿਤਾ। ਔਰਤ ਨੇ 12 ਜੁਲਾਈ ਨੂੰ ਇਸ ਵਾਰਦਾਤ ਨੂੰ ਅੰਜਾਮ ਦਿਤਾ ਜਦੋਂ ਘਰ 'ਚ ਕੋਈ ਨਹੀਂ ਸੀ। ਔਰਤ ਦੇ ਪਤੀ ਨੇ ਪੁਲਿਸ ਨੂੰ ਦਸਿਆ ਕਿ ਉਹ ਕੰਮ 'ਤੇ ਗਿਆ ਹੋਇਆ ਸੀ। ਦੁਪਹਿਰ ਵੇਲੇ ਜਦੋਂ ਉਹ ਘਰ ਆਇਆ ਤਾਂ ਦੇਖਿਆ ਕਿ ਉਸ ਦੇ ਘਰ ਭੀੜ-ਭੜੱਕਾ ਸੀ ਅਤੇ ਉਸ ਦੀ ਪਤਨੀ ਦੇ ਰੋਣ ਦੀ ਆਵਾਜ਼ ਆ ਰਹੀ ਸੀ।
ਇਹ ਵੀ ਪੜ੍ਹੋ: ਸੰਸਦ ਦਾ ਮਾਨਸੂਨ ਇਜਲਾਸ: ਕਾਂਗਰਸ ਨੇ ਸਰਕਾਰ ਵਿਰੁਧ ਸਦਨ 'ਚ ਦਿਤਾ ਬੇਭਰੋਸਗੀ ਮਤਾ
ਪੁੱਛਣ 'ਤੇ ਪਤਨੀ ਸ਼ੀਤਲ ਨੇ ਦਸਿਆ ਕਿ ਜਾਨਕੀ ਅਤੇ ਜਾਨਵੀ ਦੀ ਅਚਾਨਕ ਸਿਹਤ ਖਰਾਬ ਹੋਣ ਕਾਰਨ ਮੌਤ ਹੋ ਗਈ। ਸ਼ੀਤਲ ਦੀਆਂ ਗੱਲਾਂ 'ਤੇ ਵਿਸ਼ਵਾਸ ਕਰਦਿਆਂ ਪਰਿਵਾਰ ਨੇ ਪੋਸਟਮਾਰਟਮ ਕਰਵਾਏ ਬਿਨਾਂ ਹੀ ਦੋਵਾਂ ਧੀਆਂ ਦੀਆਂ ਲਾਸ਼ਾਂ ਨੂੰ ਦਫ਼ਨਾ ਦਿਤਾ। ਲੜਕੀਆਂ ਦੀ ਮੌਤ ਤੋਂ ਤਿੰਨ-ਚਾਰ ਦਿਨਾਂ ਬਾਅਦ ਸ਼ੀਤਲ ਨੇ ਗੁਆਂਢ 'ਚ ਰਹਿਣ ਵਾਲੀ ਔਰਤ ਨੂੰ ਦਸਿਆ ਕਿ ਉਸ ਨੇ ਖੁਦ ਜਾਨਕੀ ਅਤੇ ਜਾਨਵੀ ਦਾ ਸਿਰਹਾਣੇ ਨਾਲ ਗਲਾ ਘੁੱਟ ਕੇ ਕਤਲ ਕੀਤਾ ਹੈ। ਸ਼ੁਰੂ ਵਿਚ ਕਿਸੇ ਨੂੰ ਵਿਸ਼ਵਾਸ ਨਹੀਂ ਸੀ, ਸਭ ਨੂੰ ਲੱਗਿਆ ਕਿ ਉਹ ਆਪਣੀਆਂ ਧੀਆਂ ਦੀ ਮੌਤ ਤੋਂ ਦੁਖੀ ਹੋ ਕੇ ਅਜਿਹਾ ਕਹਿ ਰਹੀ ਹੈ।
ਇਹ ਵੀ ਪੜ੍ਹੋ: ਅਜਨਾਲਾ ਕੋਰਟ ਕੰਪਲੈਕਸ ਨੇੜਿਓਂ ਮਿਲੀ ਬਜ਼ੁਰਗ ਦੀ ਲਾਸ਼
ਪਰ ਐਤਵਾਰ ਨੂੰ ਜਦੋਂ ਸ਼ੀਤਲ ਦੇ ਮਾਤਾ-ਪਿਤਾ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਫਿਰ ਕਬੂਲ ਕੀਤਾ ਕਿ ਉਸ ਨੇ ਜਾਨਕੀ ਅਤੇ ਜਾਨਵੀ ਦਾ ਮੂੰਹ 'ਤੇ ਸਿਰਹਾਣਾ ਰੱਖ ਕੇ ਅਤੇ ਦਬਾਅ ਪਾ ਕੇ ਕਤਲ ਕੀਤਾ ਸੀ। ਇਸ ਤੋਂ ਬਾਅਦ ਪਤੀ ਜਗਦੀਪ ਨੇ ਆਪਣੀ ਪਤਨੀ ਖਿਲਾਫ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਦਾ ਕਹਿਣਾ ਹੈ ਕਿ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਸਟੇਸ਼ਨ ਇੰਚਾਰਜ ਆਤਮਾਰਾਮ ਦਾ ਕਹਿਣਾ ਹੈ ਕਿ ਉਹ ਲੜਕੀਆਂ ਦੇ ਕਤਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੋਸ਼ੀ ਔਰਤ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ।